ਟੈਂਪੂ ਦੀ ਟੱਕਰ ਵੱਜਣ ਨਾਲ ਸਾਈਕਲ ਚਾਲਕ ਦੀ ਮੌਤ

Friday, Sep 20, 2024 - 05:54 PM (IST)

ਟੈਂਪੂ ਦੀ ਟੱਕਰ ਵੱਜਣ ਨਾਲ ਸਾਈਕਲ ਚਾਲਕ ਦੀ ਮੌਤ

ਬਟਾਲਾ (ਸਾਹਿਲ) : ਟੈਂਪੂ ਦੀ ਟੱਕਰ ਵੱਜਣ ਨਾਲ ਸਾਈਕਲ ਚਾਲਕ ਵਿਅਕਤੀ ਦੀ ਮੌਤ ਹੋਣ ਦਾ ਅਤਿ ਦੁਖਦਾਈ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਲੜਕੇ ਕੁਲਦੀਪ ਮਸੀਹ ਵਾਸੀ ਪਿੰਡ ਕੋਹਾਲੀ ਨੇ ਦੱਸਿਆ ਕਿ ਮੇਰੀ ਮਾਤਾ ਬਟਾਲਾ ਦੇ ਇਕ ਨਿੱਜੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ, ਜਿਥੇ ਬੀਤੀ ਰਾਤ ਮੇਰਾ ਪਿਤਾ ਮੁਖਤਾਰ ਮਸੀਹ ਪੁੱਤਰ ਚੰਨਣ ਮਸੀਹ ਸਾਈਕਲ ’ਤੇ ਸਵਾਰ ਹੋ ਕੇ ਪਿੰਡ ਕੋਹਾਲੀ ਤੋਂ ਬਟਾਲਾ ਵਿਖੇ ਮੇਰੀ ਮਾਤਾ ਦੀ ਦੇਖਭਾਲ ਲਈ ਜਾ ਰਿਹਾ ਸੀ। ਜਦੋਂ ਇਹ ਪਿੰਡ ਬਹਾਦਰ ਹੁਸੈਨ ਕੋਲ ਪਹੁੰਚਿਆ ਤਾਂ ਪਿੱਛੋਂ ਆ ਰਹੇ ਤੇਜ਼ ਰਫਤਾਰ ਟੈਂਪੂ ਦੇ ਡਰਾਈਵਰ ਨੇ ਮੇਰੇ ਪਿਤਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਦੇ ਸਿੱਟੇ ਵਜੋਂ ਇਹ ਗੰਭੀਰ ਜ਼ਖਮੀ ਹੋ ਗਏ ਅਤੇ ਉਪਰੰਤ ਇਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਮੇਰੇ ਪਿਤਾ ਨੂੰ ਮ੍ਰਿਤਕ ਐਲਾਨ ਦਿੱਤਾ।

ਉਧਰ ਜਦੋਂ ਤਫਤੀਸ਼ੀ ਅਫਸਰ ਏ.ਐੱਸ.ਆਈ ਬਲਦੇਵ ਰਾਜਾ ਗੋਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਲੜਕੇ ਕੁਲਦੀਪ ਮਸੀਹ ਦੇ ਬਿਆਨਾਂ ਦੇ ਆਧਾਰ ’ਤੇ ਬਣਦੀਆਂ ਧਾਰਾਵਾਂ ਹੇਠ ਥਾਣਾ ਰੰਗੜ ਨੰਗਲ ਵਿਖੇ ਫਰਾਰ ਟੈਂਪੂ ਡਰਾਈਵਰ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ ਹੈ।


author

Gurminder Singh

Content Editor

Related News