ਸ਼ੈੱਡ ’ਚ ਲੱਗ ਗਈ ਭਿਆਨਕ ਅੱਗ, 10 ਪਸ਼ੂਆਂ ਦੀ ਦਰਦਨਾਕ ਮੌਤ
Saturday, Jan 03, 2026 - 05:44 PM (IST)
ਫਤਿਹਗੜ੍ਹ ਚੂੜੀਆਂ (ਬਿਕਰਮਜੀਤ/ਸਾਰੰਗਲ) : ਪਿੰਡ ਹਰਦੋਵਾਲ ਖੁਰਦ ਵਿਖੇ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਬੀਤੀ ਰਾਤ ਉਨ੍ਹਾਂ ਦੇ ਡੰਗਰਾਂ ਵਾਲੇ ਸ਼ੈੱਡ ’ਚ ਅੱਗ ਲੱਗ ਗਈ, ਜਿਸ ਨਾਲ ਮੱਝਾਂ, ਗਾਵਾਂ ਸਮੇਤ 10 ਪਸ਼ੂਆਂ ਦੀ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਪੀੜਤ ਕਿਸਾਨ ਬੂਟਾ ਸਿੰਘ ਅਤੇ ਵਜੀਰ ਸਿੰਘ ਅਤੇ ਪਿੰਡ ਦੇ ਮੋਹਤਬਰ ਹਰਸਿਮਰਨ ਸਿੰਘ ਰਾਜਾ ਨੇ ਦੱਸਿਆ ਕਿ ਬੀਤੀ ਰਾਤ 10 ਵਜੇ ਦੇ ਕਰੀਬ ਉਨ੍ਹਾਂ ਦੇ ਗੁਆਂਢੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਡੰਗਰਾਂ ਵਾਲੇ ਸ਼ੈੱਡ ’ਚੋਂ ਧੂੰਆਂ ਨਿਕਲ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਡੰਗਰਾਂ ਵਾਲੇ ਸ਼ੈੱਡ ’ਚ ਅੱਗ ਲੱਗੀ ਹੋਈ ਸੀ ਅਤੇ ਅੰਦਰੋਂ ਧੂੰਆਂ ਨਿਕਲ ਰਿਹਾ ਸੀ ਅਤੇ ਜਦ ਅੱਗ ਬੁਝਾ ਕੇ ਅੰਦਰ ਦੇਖਿਆ ਤਾਂ ਸ਼ੈੱਡ ਅੰਦਰ ਬੰਨ੍ਹੇ ਸਾਰੇ ਪਸ਼ੂਆਂ ਦੀ ਮੌਤ ਹੋ ਚੁੱਕੀ ਸੀ। ਇਸ ਦੌਰਾਨ ਇਕ ਕੁੱਤਾ ਅਤੇ ਇਕ ਬੱਕਰਾ ਵੀ ਅੱਗ ਦੀ ਭੇਟ ਚੜ੍ਹ ਗਿਆ।
