ਮਨਰੇਗਾ ਮਜ਼ਦੂਰਾਂ ਨੇ ਕੰਮ ਦੇ ਪੈਸੇ ਨਾ ਮਿਲਣ ਦੇ ਰੋਸ ਵਜੋਂ ਕੀਤਾ ਪ੍ਰਦਰਸ਼ਨ

11/15/2018 3:51:29 PM

ਗੁਰਦਾਸਪੁਰ (ਬੇਰੀ, ਅਸ਼ਵਨੀ)-ਆਲ ਇੰਡੀਆ ਸੈਂਟਰਲ ਕੌਂਸਲ ਆਫ਼ ਟਰੇਡ ਯੂਨੀਅਨ ਦੀ ਅਗਵਾਈ ਹੇਠ ਮਨਰੇਗਾ ਵਰਕਰ ਯੂਨੀਅਨ ਵਲੋਂ ਪਿੰਡ ਗੁਰਚੱਕ, ਧਰਮਕੋਟ ਪੱਤਣ, ਧਰਮਕੋਟ ਰੰਧਾਵਾ, ਘੋਨੇਵਾਲ ਨਵੀਂ ਪੱਤੀ, ਮਨਸੂਰ ਕੇ ਤੇ ਝੰਗੀ ਪੰਨਵਾਂ ਆਦਿ ਪਿੰਡਾਂ ’ਚ ਰੋਸ ਰੈਲੀਆਂ ਕੀਤੀਆਂ ਗਈਆਂ, ਜਿਸ ਦੀ ਪ੍ਰਧਾਨਗੀ ਮਾਝਾ ਜ਼ੋਨ ਏਕਟੂ ਦੇ ਜਨਰਲ ਸਕੱਤਰ ਕਾਮਰੇਡ ਮਨਜੀਤ ਰਾਜ ਅਤੇ ਕਾਮਰੇਡ ਦਲਬੀਰ ਭੋਲਾ ਨੇ ਸਾਂਝੇ ਤੌਰ ’ਤੇ ਕੀਤੀ। ਜਿਸ ਵਿਚ ਮਨਰੇਗਾ ਮਜ਼ਦੂਰਾਂ ਨੇ ਹਿੱਸਾ ਲਿਆ ਅਤੇ ਮਨਰੇਗਾ ਮਜ਼ਦੂਰਾਂ ਨੇ ਕੰਮ ਦੇ ਪੈਸੇ ਨਾ ਦਿੱਤੇ ਜਾਣ ਦੇ ਰੋਸ ਵਜੋਂ ਪ੍ਰਦਰਸ਼ਨ ਕੀਤਾ। ਇਸ ਦੌਰਾਨ ਏਕਟੂ ਦੇ ਆਗੂਆਂ ਵਲੋਂ ਮਨਰੇਗਾ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਦੇ ਬਾਅਦ ਸੰਬੋਧਨ ਕਰਦੇ ਹੋਏ ਏਕਟੂ ਮਾਝਾ ਜ਼ੋਨ ਦੇ ਜਨਰਲ ਸਕੱਤਰ ਮਨਜੀਤ ਰਾਜ ਨੇ ਕਿਹਾ ਕਿ ਪਿੰਡ ਗੁਰਚੱਕ ਵਿਖੇ ਮਨਰੇਗਾ ਤਹਿਤ ਕੰਮ ਪਿਛਲੇ ਸਾਲ ਕੇਵਲ 12 ਦਿਨ ਦਿੱਤਾ ਗਿਆ ਸੀ ਅਜੇ ਤੱਕ ਮਨਰੇਗਾ ਮਜ਼ਦੂਰਾਂ ਨੂੰ ਮਿਹਨਤ ਦੇ ਪੈਸੇ ਨਹੀਂ ਦਿੱਤੇ ਗਏ, ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਜਿਸਦੇ ਚੱਲਦੇ ਮਨਰੇਗਾ ਮਜ਼ਦੂਰਾਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਦਾ 100 ਦਿਨਾਂ ਦਾ ਕੰਮ ਮਨਰੇਗਾ ਵਰਕਰ ਉਡੀਕ ਰਹੇ ਹਨ ਪਰ ਅਜੇ ਤੱਕ ਕੰਮ ਨਹੀਂ ਦਿੱਤਾ ਗਿਆ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਕ ਹਫਤੇ ’ਚ ਕੰਮ ਨਾ ਦਿੱਤਾ ਗਿਆ ਤਾਂ ਬਲਾਕ ਅਫਸਰ ਡੇਰਾ ਬਾਬਾ ਨਾਨਕ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰੀਨਾ, ਜੀਤੋ, ਵਿਦੋ, ਅਮਨ, ਰਾਵੀ, ਮਨਹਰੋ, ਰਾਣੀ, ਪਰਸ਼ੋਤਮ, ਗੁਰਦੀਪ ਮਸੀਹ, ਪ੍ਰਵੀਨ, ਵੀਨਾ, ਕਿੰਦਰ ਆਦਿ ਹਾਜ਼ਰ ਸਨ।


Related News