ਇਕੋ ਪਰਿਵਾਰ ਦੇ 5 ਜੀਆਂ ਸਮੇਤ 6 ਨੂੰ ਸੱਟਾਂ ਮਾਰ ਕੇ ਕੀਤਾ ਜ਼ਖਮੀ
Friday, Sep 13, 2024 - 01:29 PM (IST)
ਬਟਾਲਾ (ਸਾਹਿਲ) : ਪਿੰਡ ਖੁਸ਼ਹਾਲਪੁਰ ਵਿਖੇ ਇਕੋ ਪਰਿਵਾਰ ਦੇ 5 ਜੀਆਂ ਸਮੇਤ 6 ਨੂੰ ਸੱਟਾਂ ਮਾਰ ਕੇ ਜ਼ਖਮੀ ਕਰਨ ਦੇ ਕਥਿਤ ਦੋਸ਼ ਹੇਠ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੇ 12 ਨੌਜਵਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੁਲਸ ਨੂੰ ਦਰਜ ਕਰਵਾਏ ਬਿਆਨ ਵਿਚ ਗਗਨਦੀਪ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਪਿੰਡ ਖੁਸ਼ਹਾਲਪੁਰ ਨੇ ਲਿਖਵਾਇਆ ਹੈ ਕਿ ਬੀਤੀ 10 ਸਤੰਬਰ ਨੂੰ ਮੈਂ ਅਤੇ ਮੇਰਾ ਦੋਸਤ ਸਤਿੰਦਰਪਾਲ ਸਿੰਘ ਪੁੱਤਰ ਜਸਬੀਰ ਸਿੰਘ ਵਾਸੀ ਖੁਸ਼ਹਾਲਪੁਰ ਆਪਣੀ ਪਸ਼ੂਆਂ ਵਾਲੀ ਹਵੇਲੀ ਵਿਚ ਡੰਗਰਾਂ ਨੂੰ ਪੱਠੇ ਪਾ ਕੇ ਸ਼ਾਮ 7 ਵਜੇ ਦੇ ਕਰੀਬ ਘਰ ਨੂੰ ਜਾ ਰਹੇ ਸੀ ਕਿ ਸਾਹਮਣੀ ਗਲੀ ਵਿਚੋਂ ਪਿੰਡ ਦੇ ਹੀ ਰਹਿਣ ਵਾਲੇ 12 ਨੌਜਵਾਨ ਸਾਡੇ ਵੱਲ ਆਏ, ਜਿੰਨ੍ਹਾਂ ਨੇ ਆਪਣੇ-ਆਪਣੇ ਦਸਤੀ ਹਥਿਆਰਾਂ ਨਾਲ ਮੇਰੇ ’ਤੇ ਹਮਲਾ ਕਰਦਿਆਂ ਮੈਨੂੰ ਸੱਟਾਂ ਮਾਰੀਆਂ, ਜਿਸ ਨਾਲ ਮੈਂ ਜ਼ਮੀਨ ’ਤੇ ਡਿੱਗ ਪਿਆ।
ਉਕਤ ਬਿਆਨਕਰਤਾ ਮੁਤਾਬਕ ਇਹ ਸਭ ਦੇਖ ਮੇਰਾ ਉਕਤ ਦੋਸਤ ਮੈਨੂੰ ਬਚਾਉਣ ਲਈ ਅੱਗੇ ਆਖਿਆ ਤਾਂ ਸਬੰਧਤ ਨੌਜਵਾਨਾਂ ਨੇ ਇਸਦੇ ਵੀ ਸੱਟਾਂ ਮਾਰ ਦਿੱਤੀਆਂ। ਇਸ ਦੌਰਾਨ ਰੌਲਾ ਪੈਂਦਾ ਸੁਣ ਕੇ ਮੇਰੀ ਮਾਤਾ ਕੁਲਦੀਪ ਕੌਰ, ਚਚੇਰਾ ਭਰਾ ਮਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਤੇ ਚਾਚਾ ਲਖਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਮੌਕੇ ਆ ਗਏ ਤਾਂ ਸਬੰਧਤ ਨੌਜਵਾਨਾਂ ਨੇ ਇਨ੍ਹਾਂ ਨੂੰ ਤਿੰਨਾਂ ਨੂੰ ਵੀ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫਿਰ ਸਾਡੇ ਘਰ ਅੰਦਰ ਦਾਖਲ ਹੋ ਗਏ। ਗਗਨਦੀਪ ਸਿੰਘ ਨੇ ਪੁਲਸ ਨੂੰ ਆਪਣੇ ਬਿਆਨ ਵਿਚ ਅੱਗੇ ਲਿਖਵਾਇਆ ਹੈ ਕਿ ਰੌਲੇ ਦੀ ਆਵਾਜ਼ ਸੁਣ ਕੇ ਮੇਰੇ ਪਿਤਾ ਪਲਵਿੰਦਰ ਸਿੰਘ ਕਮਰੇ ਵਿਚੋਂ ਬਾਹਰ ਬਰਾਂਡੇ ਵਿਚ ਆਏ ਤਾਂ ਉਕਤ ਨੌਜਵਾਨਾਂ ਵਿਚੋਂ 5 ਜਣਿਆਂ ਨੇ ਆਪਣੇ-ਆਪਣੇ ਹਥਿਆਰਾਂ ਨਾਲ ਸੱਟਾਂ ਮਾਰ ਕੇ ਮੇਰੇ ਪਿਤਾ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਇਸਦੇ ਬਅਦ ਸਾਡੇ ਪਰਿਵਾਰ ਦਾ ਰੌਲਾ ਸੁਣ ਕੇ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ, ਜਿਸ ’ਤੇ ਉਕਤ ਸਾਰੇ ਨੌਜਵਾਨ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਆਪਣੇ ਹਥਿਅਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ।