ਝੋਨੇ ਦੀ ਸਿੱਧੀ ਬਿਜਾਈ ਲਈ ਬੇਹੱਦ ਜ਼ਰੂਰੀ ਹਨ ਇਹ ਨੁਕਤੇ, ਪੈਦਾਵਾਰ ’ਚ ਗਿਰਾਵਟ ਦਾ ਕਾਰਨ ਬਣਦੀ ਹੈ ਬੇਧਿਆਨੀ

Wednesday, Jun 07, 2023 - 11:10 AM (IST)

ਝੋਨੇ ਦੀ ਸਿੱਧੀ ਬਿਜਾਈ ਲਈ ਬੇਹੱਦ ਜ਼ਰੂਰੀ ਹਨ ਇਹ ਨੁਕਤੇ, ਪੈਦਾਵਾਰ ’ਚ ਗਿਰਾਵਟ ਦਾ ਕਾਰਨ ਬਣਦੀ ਹੈ ਬੇਧਿਆਨੀ

ਗੁਰਦਾਸਪੁਰ (ਜ. ਬ.) : ਸਰਕਾਰ ਵਲੋਂ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਕਰਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਚਲਦਿਆਂ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਤੀ ਏਕੜ 1500 ਰੁਪਏ ਪ੍ਰੋਤਸਾਹਨ ਰਾਸ਼ੀ ਵੀ ਦਿੱਤੀ ਜਾਣੀ ਹੈ ਪਰ ਖੇਤੀ ਮਾਹਿਰਾਂ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਸਫ਼ਲ ਬਣਾਉਣ ਲਈ ਤਕਨੀਕੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਅਤੇ ਜੇਕਰ ਸਿੱਧੀ ਬਿਜਾਈ ਰਾਹੀਂ ਝੋਨੇ ਦੀ ਕਾਸ਼ਤ ਮੌਕੇ ਅਹਿਮ ਗੱਲਾਂ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਪੈਦਾਵਾਰ ਵਿਚ ਗਿਰਾਵਟ ਆ ਸਕਦੀ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਪੰਜਾਬ ਦੇ ਇਸ ਜ਼ਿਲ੍ਹੇ 'ਚ ਮਿਲਿਆ ਬੰਬ, ਪੁਲਸ ਨੇ ਇਲਾਕਾ ਕੀਤਾ ਸੀਲ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ ਅਤੇ ਖੇਤੀਬਾੜੀ ਵਿਸਥਾਰ ਅਫਸਰ ਹਰਮਨਪ੍ਰੀਤ ਸਿੰਘ ਨੇ ਸਰਕਲ ਪੁਰਾਣਾ ਸ਼ਾਲਾ ਦੇ ਪਿੰਡ ਪਾਹੜਾ ਵਿਖੇ ਕਿਸਾਨ ਹੈਪੀ ਪਾਹੜਾ ਦੇ ਖੇਤਾਂ ਵਿਚ ਸਿੱਧੀ ਬਿਜਾਈ ਕਰਵਾਉਣ ਮੌਕੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ 10-12 ਫ਼ੀਸਦੀ ਜ਼ਿਆਦਾ ਰੀਚਾਰਜ ਹੁੰਦਾ ਹੈ, ਫ਼ਸਲ ਨੂੰ ਬੀਮਾਰੀ ਘੱਟ ਲੱਗਦੀ ਹੈ ਅਤੇ ਪਰਾਲੀ ਦੀ ਸੰਭਾਲ ਕਰਨੀ ਸੁਖਾਲੀ ਹੋ ਜਾਂਦੀ ਹੈ। ਸਿੱਧੀ ਬਿਜਾਈ ਵਾਲੇ ਖੇਤ ’ਚ ਕੱਦੂ ਕਰ ਕੇ ਲਗਾਏ ਝੋਨੇ ਦੇ ਖੇਤ ਨਾਲੋਂ ਕਣਕ ਦਾ ਝਾੜ 1.0 ਕੁਇੰਟਲ ਪ੍ਰਤੀ ਏਕੜ ਜ਼ਿਆਦਾ ਨਿਕਲਦਾ ਹੈ।

ਇਹ ਵੀ ਪੜ੍ਹੋ :  ਹਿਮਾਚਲ ’ਚ ਬਰਫ਼ਬਾਰੀ, ਪੰਜਾਬ ’ਚ ਭਾਰੀ ਮੀਂਹ ਨੇ ਬਦਲਿਆ ਮੌਸਮ, ਵਿਭਾਗ ਵੱਲੋਂ ਚਿਤਾਵਨੀ ਜਾਰੀ

ਉਨ੍ਹਾਂ ਦੱਸਿਆ ਕਿ 1 ਤੋਂ 15 ਜੂਨ ਤਕ ਸਿੱਧੀ ਬਿਜਾਈ ਲਈ ਢੁੱਕਵਾਂ ਸਮਾਂ ਹੈ ਜਦੋਂ ਕਿ ਘੱਟ ਸਮੇਂ ’ਚ ਪੱਕਣ ਵਾਲੀਆਂ ਕਿਸਮਾਂ ਪੀ. ਆਰ. 126 ਅਤੇ ਪੂਸਾ ਬਾਸਮਤੀ 1509 ਦੀ ਬਿਜਾਈ ਜੂਨ ਦੇ ਦੂਜੇ ਪੰਦਰਵਾੜੇ 16 ਤੋਂ 30 ਜੂਨ ’ਚ ਵੀ ਕੀਤੀ ਜਾ ਸਕਦੀ ਹੈ। ਇਕ ਏਕੜ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ 8- 10 ਕਿਲੋ ਬੀਜ ਵਰਤਣਾ ਚਾਹੀਦਾ ਹੈ ਅਤੇ ਬੀਜ ਨੂੰ 12 ਘੰਟਿਆਂ ਲਈ 2 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ ਦੇ ਘੋਲ (ਇਕ ਏਕੜ ਬੀਜ ਲਈ 200 ਗ੍ਰਾਮ ਪੋਟਾਸ਼ੀਅਮ ਨਾਈਟ੍ਰੇਟ 10 ਲਿਟਰ ਪਾਣੀ) ’ਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਸਪਰਿੰਟ 75 ਡਬਲਯੂ. ਐੱਸ. (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨੂੰ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ 10-12 ਮਿਲੀਲਿਟਰ ਪਾਣੀ ’ਚ ਮਿਲਾ ਕੇ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ ਸੋਧ ਕੇ ਬੀਜਣ ਨਾਲ ਬੀਜ ਅਤੇ ਜ਼ਮੀਨ ’ਚੋਂ ਪੈਦਾ ਹੋਣ ਵਾਲੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਬੀਜ ਨੂੰ ਭਿਉਂ ਕੇ ਬੀਜਣ ਤੇ ਫੁਟਾਰਾ ਜਲਦੀ ਅਤੇ ਚੰਗਾ ਹੁੰਦਾ ਹੈ।

ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰਨੀ ਚਾਹੀਦੀ ਹੈ ਅਤੇ ਜਦੋਂ ਖੇਤ ਤਰ ਵੱਤਰ ਹਾਲਤ ’ਚ ਆ ਜਾਵੇ ਤਾਂ ਖੇਤ ਵਾਹ ਕੇ 2 ਵਾਰ ਭਾਰਾ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰਨੀ ਚਾਹੀਦੀ ਹੈ। ਇਸ ਮੰਤਵ ਲਈ ਲੱਕੀ ਸੀਡ ਡਰਿੱਲ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਹ ਡਰਿੱਲ ਝੋਨੇੇ ਦੀ ਬਿਜਾਈ ਅਤੇ ਨਦੀਨ ਨਾਸ਼ਕ ਦੀ ਸਪਰੇ ਨਾਲੋ-ਨਾਲ ਕਰਦੀ ਹੈ। ਪਹੀਆਂ ਵਾਲੀ (ਪ੍ਰੈੱਸ ਵੀਲ ਯਕੁਤ) ਲੱਕੀ ਸੀਡ ਡਰਿੱਲ ਨਾਲ ਬਿਜਾਈ ਕਰਨ ਤੇ ਕਰੰਡ ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜ਼ਿਆਦਾ ਸਮੇਂ ਤਕ ਬਰਕਰਾਰ ਰਹਿੰਦੀ ਹੈ ਅਤੇ ਨਦੀਨ ਨਾਸ਼ਕਾਂ ਦੇ ਚੰਗੇ ਨਤੀਜੇ ਮਿਲਦੇ ਹਨ।

ਇਹ ਵੀ ਪੜ੍ਹੋ :  ਦਿਲ ਦੇ ਦੌਰੇ ਦੌਰਾਨ ਵਧੇਰੇ ਲੋਕ ਸਿਰਫ਼ ਇਸ ਕਾਰਨ ਗੁਆ ਦਿੰਦੇ ਨੇ ਜਾਨ, ਕਦੇ ਨਾ ਕਰੋ ਨਜ਼ਰਅੰਦਾਜ਼

ਬਿਜਾਈ ਤੋਂ ਤੁਰੰਤ ਬਾਅਦ ਕੀ ਕਰੀਏ

ਬਿਜਾਈ ਤੋਂ ਤੁਰੰਤ ਬਾਅਦ ਸਟੌਪਫ਼ਬੰਕਰ 30 ਤਾਕਤ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ ਹੈ। ਜੇਕਰ ਲੱਕੀ ਸੀਡ ਡਰਿੱਲ ਵਰਤੀ ਜਾਵੇ ਤਾਂ ਉਸਦੇ ਨਾਲ ਨਦੀਨ ਨਾਸ਼ਕ ਦਾ ਛਿੜਕਾਅ ਬਿਜਾਈ ਦੇ ਨਾਲੋ-ਨਾਲ ਹੀ ਹੋ ਜਾਂਦਾ ਹੈ। ਨਦੀਨ ਨਾਸ਼ਕ ਦਾ ਛਿੜਕਾਅ ਸਵੇਰੇ ਵੇਲੇ ਜਾਂ ਸ਼ਾਮ ਵੇਲੇ ਹੀ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਹ ਨਦੀਨ-ਨਾਸ਼ਕ ਦੀ ਵਰਤੋਂ ਨਾਲ ਘਾਹ ਵਾਲੇ ਮੌਸਮੀ ਨਦੀਨ ਜਿਵੇਂ ਕਿ ਸਵਾਂਕ, ਗੁੜਤ ਮਧਾਣਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨਾਂ ਦੀ ਚੰਗੀ ਰੋਕਥਾਮ ਹੋ ਜਾਂਦੀ ਹੈ। ਜੇਕਰ ਸੁੱਕੇ ਖੇਤ ’ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਅਤੇ ਵੱਤਰ ਆਉਂਦਿਆਂ ਹੀ ਬਿਜਾਈ ਤੋਂ 1-2 ਦਿਨਾਂ ’ਚ ਨਦੀਨਨਾਸ਼ਕ ਦਾ ਛਿੜਕਾਅ ਕਰੋ। ਤਰ-ਵੱਤਰ ਖੇਤ ’ਚ ਅਤੇ ਤਰ-ਵੱਤਰ ਬੈਡਾਂ ਉੱਤੇ ਬਿਜਾਈ ਕਰ ਕੇ ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਲਾਉਣਾ ਚਾਹੀਦਾ ਹੈ। ਜੇਕਰ ਝੋਨੇ ਦੇ ਪੁੰਗਾਰ ਹੋਣ ਤੋਂ ਪਹਿਲਾਂ ਬਰਸਾਤ ਪੈਣ ਕਰ ਕੇ ਝੋਨਾ ਕਰੰਡ ਹੋ ਜਾਵੇ ਤਾਂ ਉਸਨੂੰ ਸਰੀਆ ਵਾਲੀ ਕਰੰਡੀ ਨਾਲ ਤੋੜਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਘੁਡਾਣੀ ਕਲਾਂ ਦੇ ਪਰਮੀਤ ਸਿੰਘ ਬੋਪਾਰਾਏ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ

ਕਦੇ ਵੀ ਖੇਤ ’ਚ ਪਾਣੀ ਖੜ੍ਹਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ

ਪਹਿਲੇ ਪਾਣੀ ਤੋਂ ਬਾਅਦ ਜ਼ਮੀਨ ਦੀ ਕਿਸਮ ਅਤੇ ਮੀਂਹ ਦੇ ਹਿਸਾਬ, 5-7 ਦਿਨਾਂ ਦੇ ਵਕਫੇ 'ਤੇ ਪਾਣੀ ਲਾਉਣਾ ਚਾਹੀਦਾ ਹੈ। ਕਦੇ ਵੀ ਖੇਤ ’ਚ ਪਾਣੀ ਖੜ੍ਹਾ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਿੱਧੇ ਬੀਜੇ ਪਰਮਲ ਝੋਨੇ ’ਚ 130 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਤਿੰਨ ਬਰਾਬਰ ਕਿਸ਼ਤਾਂ ’ਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣੀ ਚਾਹੀਦੀ ਹੈ, ਜਦੋਂ ਕਿ ਬਾਸਮਤੀ ਝੋਨੇ ਦੀ ਫ਼ਸਲ ’ਚ 54 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਬਰਾਬਰ ਕਿਸ਼ਤਾਂ ’ਚ ਵੰਡ ਕੇ ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉਣਾ ਚਾਹੀਦਾ ਹੈ। ਫਾਸਫੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਮਿੱਟੀ ਪਰਖ ਦੇ ਆਧਾਰ ’ਤੇ ਕਰਨੀ ਚਾਹੀਦੀ ਹੈ। ਇਸ ਮੌਕੇ ਕਿਸਾਨ ਹੈਪੀ ਪਾਹੜਾ ਨੇ ਦੱਸਿਆ ਕਿ ਉਸ ਨੇ ਪਿਛਲੇ ਸਾਲ ਵੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਸੀ ਅਤੇ ਚੰਗੀ ਪੈਦਾਵਾਰ ਨਿਕਲਣ ਦੇ ਨਾਲ-ਨਾਲ ਖ਼ਰਚਾ ਵੀ ਘੱਟ ਹੋਇਆ ਸੀ, ਜਿਸ ਕਾਰਨ ਇਸ ਸਾਲ ਉਸ ਨੇ 4 ਏਕੜ ਰਕਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ।

ਇਹ ਵੀ ਪੜ੍ਹੋ :   ਕੇਂਦਰ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਖ਼ੁਰਾਕ ਭੰਡਾਰਨ ਯੋਜਨਾ ਨੂੰ ਮਨਜ਼ੂਰੀ, ਕਿਸਾਨਾਂ ਨੂੰ ਹੋਵੇਗਾ ਵੱਡਾ ਫ਼ਾਇਦਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


author

Harnek Seechewal

Content Editor

Related News