ਅੱਜ ਪੰਜਾਬ ਦੌਰੇ 'ਤੇ ਕੇਜਰੀਵਾਲ, ਸਰਹੱਦੀ ਜ਼ਿਲ੍ਹੇ ਨੂੰ ਮਿਲਣ ਜਾ ਰਿਹੈ ਵੱਡਾ ਤੋਹਫ਼ਾ

Saturday, Dec 02, 2023 - 09:57 AM (IST)

ਅੱਜ ਪੰਜਾਬ ਦੌਰੇ 'ਤੇ ਕੇਜਰੀਵਾਲ, ਸਰਹੱਦੀ ਜ਼ਿਲ੍ਹੇ ਨੂੰ ਮਿਲਣ ਜਾ ਰਿਹੈ ਵੱਡਾ ਤੋਹਫ਼ਾ

ਗੁਰਦਾਸਪੁਰ (ਵਿਨੋਦ, ਹਰਮਨ) : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ ਵੱਲੋਂ ਵਿਕਾਸ ਕ੍ਰਾਂਤੀ ਵੱਲ ਕਦਮ ਵਧਾਏ ਗਏ ਹਨ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 2 ਦਸੰਬਰ ਨੂੰ ਗੁਰਦਾਸਪੁਰ ਵਿਖੇ 14.92 ਕਰੋੜ ਰੁਪਏ ਦੀ ਲਾਗਤ ਨਾਲ 6 ਏਕੜ ’ਚ ਬਣੇ ਬਾਬਾ ਬੰਦਾ ਸਿੰਘ ਬਹਾਦਰ ਇੰਟਰਸਟੇਟ ਬੱਸ ਟਰਮੀਨਲ ਅਤੇ ਰੇਲਵੇ ਅੰਡਰ ਪਾਸ ਦਾ ਉਦਘਾਟਨ ਕਰਨ ਦੇ ਨਾਲ ਲੋਕ ਸਭਾ ਹਲਕੇ ’ਚ 1854 ਕਰੋੜ ਰੁਪਏ ਦੀ ਲਾਗਤ ਵਾਲੇ ਹੋਰ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਜਾ ਰਹੀ ਹੈ। ਇਸ ਮੌਕੇ ਇਕ ਵਿਸ਼ਾਲ ਵਿਕਾਸ ਕ੍ਰਾਂਤੀ ਰੈਲੀ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ : ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ

ਇਸ ਮੌਕੇ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਭਲਕੇ 2 ਦਸੰਬਰ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ’ਚ ਵਿਕਾਸ ਕ੍ਰਾਂਤੀ ਦੀ ਨਵੀਂ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਅਤੇ ਪਠਾਨਕੋਟ ਲਈ ਇਹ ਇਤਿਹਾਸਕ ਪਲ ਹਨ। ਉਨ੍ਹਾਂ ਕਿਹਾ ਕਿ ਇਸ ਮੌਕੇ ਬਹੁਤ ਵੱਡੀ ਗਿਣਤੀ ’ਚ ਲੋਕ ਆਪਣੇ ਹਰਮਨ ਪਿਆਰੇ ਆਗੂਆਂ ਨੂੰ ਸੁਣਨ ਲਈ ਅਤੇ ਇਨ੍ਹਾਂ ਇਤਿਹਾਸਕ ਪਲਾਂ ਦੇ ਗਵਾਹ ਬਣਨ ਲਈ ਰੈਲੀ ’ਚ ਪਹੁੰਚ ਰਹੇ ਹਨ। 

ਇਹ ਵੀ ਪੜ੍ਹੋ :  ਪੰਜਾਬ ’ਚ ਏਡਜ਼ ਦੇ ਹੈਰਾਨ ਕਰਨ ਵਾਲੇ ਅੰਕੜੇ, ਬੇਹੱਦ ਚਿੰਤਾਜਨਕ ਰਿਪੋਰਟ ਆਈ ਸਾਹਮਣੇ

ਪੁਲਸ ਨੇ ਟ੍ਰੈਫਿਕ ਨੂੰ ਕੀਤਾ ਡਾਇਵਰਟ

ਗੁਰਦਾਸਪੁਰ ਵਿਖੇ ਹੋ ਰਹੀ ਵਿਕਾਸ ਕ੍ਰਾਂਤੀ ਰੈਲੀ ਦੇ ਮੱਦੇਨਜ਼ਰ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਪੁਲਸ ਵਿਭਾਗ ਵੱਲੋਂ ਟ੍ਰੈਫਿਕ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਜਾਣਕਾਰੀ ਦਿੰਦਿਆਂ ਐੱਸ. ਐੱਸ. ਪੀ. ਗੁਰਦਾਸਪੁਰ ਸ਼੍ਰੀ ਹਰੀਸ਼ ਦਾਯਮਾ ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਪਠਾਨਕੋਟ ਤੱਕ ਜਾਣ ਵਾਲੀ ਟ੍ਰੈਫਿਕ ਨੂੰ ਬਟਾਲਾ ਸ਼ਹਿਰ ਦੇ ਅੰਮ੍ਰਿਤਸਰ ਬਾਈਪਾਸ ਨਜ਼ਦੀਕ ਸੈਦ ਮੁਬਾਰਕ ਪਿੰਡ ਤੋਂ ਸ੍ਰੀ ਹਰਗੋਬਿੰਦਪੁਰ, ਮੁਕੇਰੀਆਂ ਅਤੇ ਟਾਂਡੇ ਵੱਲ ਨੂੰ ਡਾਇਵਰਟ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਪਠਾਨਕੋਟ ਨੂੰ ਜਾਣ ਵਾਲੇ ਹਲਕੇ ਵਾਹਨਾਂ ਨੂੰ ਖੁੰਡਾ ਬਾਈਪਾਸ ਤੋਂ ਸਠਿਆਲੀ ਪੁਲ ਵਾਇਆ ਮੁਕੇਰੀਆਂ ਰਾਹੀਂ ਪਠਾਨਕੋਟ ਵੱਲ ਨੂੰ ਡਾਇਵਰਟ ਕੀਤਾ ਗਿਆ ਹੈ। ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਜਾਣ ਵਾਲੇ ਹਲਕੇ ਵਾਹਨਾਂ ਨੂੰ ਬੱਬਰੀ ਬਾਈਪਾਸ ਤੋਂ ਨਬੀਪੁਰ ਤੋਂ ਬਹਿਰਾਮਪੁਰ ਵਾਇਆ ਦੀਨਾਨਗਰ ਡਾਇਵਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ :  ਨਵਾਂ ਖ਼ੁਲਾਸਾ: ਅਵਤਾਰ ਖੰਡਾ ਦੀ ਮੌਤ ਤੋਂ ਪਹਿਲਾਂ ਸੁਨਕ ਨੇ ਬਰਤਰਫ ਕੀਤਾ ਸੀ ਭਾਰਤੀ ਖੁਫ਼ੀਆ ਅਧਿਕਾਰੀ

ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੀ ਹੈਵੀ ਟ੍ਰੈਫਿਕ ਨੂੰ ਮਲਕਪੁਰ ਚੌਂਕ ਤੋਂ ਵਾਇਆ ਮੁਕੇਰੀਆਂ, ਟਾਂਡਾ, ਬਟਾਲਾ ਤੋਂ ਅੰਮ੍ਰਿਤਸਰ ਨੂੰ ਡਾਇਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਹਲਕੇ ਵਾਹਨਾਂ ਦੀ ਟ੍ਰੈਫਿਕ ਨੂੰ ਝੰਡੇ ਚੱਕ ਤੋਂ ਪਨਿਆੜ ਰੋਡ ਵਾਇਆ ਗੁਰਦਾਸਪੁਰ ਸਿਟੀ ਡਾਇਵਰਟ ਕੀਤਾ ਗਿਆ ਹੈ। ਹੁਸ਼ਿਆਰਪੁਰ ਤੋਂ ਗੁਰਦਾਸਪੁਰ ਹੈਵੀ ਟ੍ਰੈਫਿਕ ਨੂੰ ਮੁਕੇਰੀਆਂ ਤੋਂ ਵਾਇਆ ਪਠਾਨਕੋਟ ਡਾਇਵਰਟ ਕੀਤਾ ਗਿਆ ਹੈ। ਸ੍ਰੀ ਹਰਗੋਬਿੰਦਪੁਰ ਤੋਂ ਗੁਰਦਾਸਪੁਰ ਹੈਵੀ ਟ੍ਰੈਫਿਕ ਨੂੰ ਘੁਮਾਣ ਤੋਂ ਬਟਾਲਾ ਡਾਇਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਅੰਮ੍ਰਿਤਸਰ ਦੀ ਹੈਵੀ ਟ੍ਰੈਫਿਕ ਨੂੰ ਬੱਬਰੀ ਬਾਈਪਾਸ ਤੋਂ ਅੰਮ੍ਰਿਤਸਰ ਡਾਇਵਰਟ ਕੀਤਾ ਗਿਆ ਹੈ। ਕਲਾਨੌਰ ਤੋਂ ਪਠਾਨਕੋਟ ਦੀ ਹੈਵੀ ਟ੍ਰੈਫਿਕ ਨੂੰ ਹਰਦੋਛੰਨੀ ਰੋਡ ਤੋਂ ਦੀਨਾਨਗਰ, ਪਠਾਨਕੋਟ ਡਾਇਵਰਟ ਕੀਤਾ ਗਿਆ ਹੈ। ਪਠਾਨਕੋਟ ਤੋਂ ਗੁਰਦਾਸਪੁਰ ਹਲਕੇ ਵਾਹਨਾਂ ਦੀ ਟ੍ਰੈਫਿਕ ਨੂੰ ਪਰਮਾਨੰਦ, ਦੀਨਾਨਗਰ, ਬਹਿਰਾਮਪੁਰ ਤੋਂ ਬੱਬਰੀ ਬਾਈਪਾਸ ਡਾਇਵਰਟ ਕੀਤਾ ਗਿਆ ਹੈ। ਐੱਸ. ਐੱਸ. ਪੀ. ਗੁਰਦਾਸਪੁਰ ਸ਼੍ਰੀ ਹਰੀਸ਼ ਦਾਯਮਾ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਰੈਲੀ ਦੇ ਮੱਦੇਨਜ਼ਰ ਬਦਲਵੇਂ ਰੂਟਾਂ ਦਾ ਇਸਤੇਮਾਲ ਕਰਨ।

ਸਖ਼ਤ ਸੁਰੱਖਿਆ ਪ੍ਰਬੰਧ

ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੁਰਦਾਸਪੁਰ ਵਿਖੇ ਪਹਿਲੀ ਜਨਤਕ ਰੈਲੀ ਕੀਤੀ ਜਾ ਰਹੀ ਹੈ। ਇਸ ਰੈਲੀ ਨੂੰ ਵਿਕਾਸ ਕ੍ਰਾਂਤੀ ਰੈਲੀ ਦਾ ਨਾਮ ਦਿੱਤਾ ਗਿਆ ਹੈ, ਜਿਸ ’ਚ ਲੋਕ ਸਭਾ ਹਲਕਾ ਗੁਰਦਾਸਪੁਰ ਨਾਲ ਸਬੰਧਿਤ ਵਿਧਾਨ ਸਭਾ ਹਲਕਿਆਂ ’ਚ ਪਾਰਟੀ ਦੇ ਵਾਲੰਟੀਅਰ ਅਤੇ ਹੋਰ ਲੋਕਾਂ ਦੀ ਸ਼ਮੂਲੀਅਤ ਕਰਵਾਉਣ ਲਈ ਪਾਰਟੀ ਦੀ ਲੀਡਰਸ਼ਿਪ ਨੇ ਪੱਬਾਂ ਭਾਰ ਹੋ ਕੇ ਜ਼ੋਰ ਲਾਇਆ ਹੈ। ਇਸ ਪ੍ਰੋਗਰਾਮ ਦੀ ਅਹਿਮੀਅਤ ਨੂੰ ਦੇਖਦੇ ਹੋਏ ਜਿੱਥੇ ਸਿਵਲ ਪ੍ਰਸ਼ਾਸਨ ਵੱਲੋਂ ਹਰ ਪੱਖੋਂ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ, ਉਸ ਦੇ ਨਾਲ ਹੀ ਪੁਲਸ ਨੇ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ ਅਤੇ ਸਮਾਗਮ ਵਾਲੇ ਸਥਾਨ ਸਮੇਤ ਸ਼ਹਿਰ ਨੂੰ ਆਉਣ-ਜਾਣ ਵਾਲੇ ਮੁੱਖ ਰਸਤਿਆਂ ਦੇ ਚੱਪੇ-ਚੱਪੇ ’ਤੇ ਪੁਲਸ ਤਾਇਨਾਤ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Harnek Seechewal

Content Editor

Related News