ਪੇਸ਼ ਹੋਇਆ ਦੁਨੀਆ ਦਾ ਸਭ ਤੋਂ ਛੋਟਾ ਅਤੇ ਹਲਕਾ ਫੁਲ ਫਰੇਮ ਮਿਰਰਲੈੱਸ ਕੈਮਰਾ
Monday, Jul 15, 2019 - 10:33 AM (IST)

ਗੈਜੇਟ ਡੈਸਕ– ਅੱਜ ਦੇ ਸਮੇਂ 'ਚ ਫੋਟੋਗ੍ਰਾਫਰ ਵੱਡੇ ਅਤੇ ਭਾਰੇ ਕੈਮਰਿਆਂ ਦੀ ਬਜਾਏ ਮਿਰਰਲੈੱਸ ਕੈਮਰੇ ਰੱਖਣ ਲੱਗੇ ਹਨ। ਉਨ੍ਹਾਂ ਦੀ ਮੰਗ ਵੱਲ ਧਿਆਨ ਦਿੰਦਿਆਂ ਜਾਪਾਨ ਦੀ ਕੈਮਰਾ ਨਿਰਮਾਤਾ ਕੰਪਨੀ Sigma ਨੇ ਦੁਨੀਆ ਦਾ ਸਭ ਤੋਂ ਛੋਟਾ ਅਤੇ ਹਲਕਾ ਫੁਲ ਫਰੇਮ ਮਿਰਰਲੈੱਸ ਕੈਮਰਾ ਪੇਸ਼ ਕੀਤਾ ਹੈ। ਇਸ ਕੈਮਰੇ ਦਾ ਨਾਂ Sigma fp ਹੈ, ਜਿਸ ਨੂੰ ਖਾਸ ਤੌਰ 'ਤੇ ਆਸਾਨੀ ਨਾਲ ਕਿਤੇ ਵੀ ਲਿਆਉਣ-ਲਿਜਾਣ ਲਈ ਬਣਾਇਆ ਗਿਆ ਹੈ।
ਕੋਲਡ ਡ੍ਰਿੰਕ ਦੇ ਕੈਨ ਜਿੰਨਾ ਭਾਰ
ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਕੈਮਰੇ ਦੀ ਬਾਡੀ ਦਾ ਆਕਾਰ 11 cm (ਲਗਭਗ 4.3 ਇੰਚ) ਹੈ ਮਤਲਬ ਇਸ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਜੇਬ ਵਿਚ ਵੀ ਰੱਖਿਆ ਜਾ ਸਕਦਾ ਹੈ। ਇਸ ਦੀ ਬਾਡੀ ਦਾ ਭਾਰ 370 ਗ੍ਰਾਮ ਹੈ, ਜਿਸ ਨੂੰ ਕੋਲਡ ਡ੍ਰਿੰਕ ਦੇ ਕੈਨ ਜਿੰਨਾ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ।
24.6 ਮੈਗਾਪਿਕਸਲ ਵਾਲਾ ਸੈਂਸਰ
ਇਸ ਕੈਮਰੇ ਵਿਚ 24.6 ਮੈਗਾਪਿਕਸਲ ਵਾਲਾ ਸੈਂਸਰ ਲੱਗਾ ਹੈ। ਇਸ ਦੇ ਰੀਅਰ 'ਚ 3.1 ਇੰਚ ਵਾਲੀ ਐੱਲ. ਸੀ. ਡੀ. ਟੱਚ ਸਕਰੀਨ ਲੱਗੀ ਹੈ। ਇਸ ਕੈਮਰੇ ਨਾਲ ਕੰਪਨੀ ਨੇ ਕਈ ਤਰ੍ਹਾਂ ਦੇ ਲੈਂਜ਼ ਵੀ ਪੇਸ਼ ਕੀਤੇ ਹਨ। ਕੰਪਨੀ ਇਕ MC-21 ਮਾਊਂਟ ਕਨਵਰਟਰ ਵੀ ਲਿਆਈ ਹੈ, ਜੋ ਸਿਗਮਾ ਅਤੇ ਕੈਨਨ ਦੇ ਲੈਂਜ਼ ਇਸ ਕੈਮਰੇ ਨਾਲ ਅਟੈਚ ਕਰਨ ਵਿਚ ਮਦਦ ਕਰੇਗਾ।
ਪਾਣੀ ਪੈਣ 'ਤੇ ਵੀ ਨਹੀਂ ਹੋਵੇਗਾ ਖਰਾਬ
Sigma fp ਕੈਮਰੇ ਨੂੰ ਸਪਲੈਸ਼ ਪਰੂਫ ਬਣਾਇਆ ਗਿਆ ਹੈ ਮਤਲਬ ਪਾਣੀ ਪੈਣ 'ਤੇ ਵੀ ਇਹ ਖਰਾਬ ਨਹੀਂ ਹੋਵੇਗਾ। ਇਸ ਨੂੰ ਡਸਟ ਪਰੂਫ ਵੀ ਕਿਹਾ ਜਾ ਰਿਹਾ ਹੈ, ਜੋ ਤੁਹਾਨੂੰ ਬਾਹਰ ਬਿਨਾਂ ਕਿਸੇ ਤਰ੍ਹਾਂ ਦੀ ਚਿੰਤਾ ਦੇ ਫੋਟੋਗ੍ਰਾਫੀ ਕਰਨ ਵਿਚ ਮਦਦ ਕਰੇਗਾ।
4K UHD ਰਿਕਾਰਡਿੰਗ
ਇਸ ਕੈਮਰੇ ਨਾਲ 4K UHD (ਅਲਟ੍ਰਾ ਹਾਈ ਡੈਫੀਨੇਸ਼ਨ) ਵੀਡੀਓ 24 ਫਰੇਮਸ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਰਿਕਾਰਡ ਕੀਤਾ ਜਾ ਸਕਦਾ ਹੈ। ਕੈਮਰੇ ਵਿਚ ਇਕ ਖਾਸ ਫੰਕਸ਼ਨ ਦਿੱਤਾ ਗਿਆ ਹੈ, ਜੋ ਐਨੀਮੇਟਿਡ 796s ਇਮੇਜਿਜ਼ ਤਿਆਰ ਕਰਨ ਵਿਚ ਮਦਦ ਕਰਦਾ ਹੈ।
ਕੈਮਰੇ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ Sigma fp ਕੈਮਰਾ ਕੰਪਨੀ ਸਭ ਤੋਂ ਪਹਿਲਾਂ ਅਮਰੀਕਾ ਵਿਚ ਮੁਹੱਈਆ ਕਰਵਾਏਗੀ, ਜਿਸ ਤੋਂ ਬਾਅਦ ਹੋਰ ਦੇਸ਼ਾਂ ਵਿਚ ਵੀ ਇਹ ਲਿਆਂਦਾ ਜਾਵੇਗਾ।