ਬੰਦ ਹੋ ਗਈ WhatsApp ਨੂੰ ਟੱਕਰ ਦੇਣ ਵਾਲੀ ਐਪ! 13 ਸਾਲਾ ਪਹਿਲਾਂ ਹੋਈ ਸੀ ਸ਼ੁਰੂਆਤ
Monday, Sep 15, 2025 - 05:36 PM (IST)

ਗੈਜੇਟ ਡੈਸਕ- 13 ਸਾਲ ਪਹਿਲਾਂ WhatsApp ਨੂੰ ਟੱਕਰ ਦੇਣ ਲਈ ਆਈ ਮੈਸੇਜਿੰਗ ਅਤੇ ਗੇਮਿੰਗ ਐਪ Hike ਨੇ ਬਹੁਤ ਸੁਰਖੀਆਂ ਬਟੋਰੀਆਂ ਸਨ ਪਰ ਹੁਣ ਇਹ ਐਪ ਹਮੇਸ਼ਾ ਲਈ ਬੰਦ ਹੋਣ ਜਾ ਰਹੀ ਹੈ। ਐਪ ਦੇ ਸੰਸਥਾਪਕ ਕਵਿਨ ਮਿੱਤਲ ਨੇ ਇੱਕ ਈਮੇਲ ਵਿੱਚ ਨਿਵੇਸ਼ਕਾਂ ਨੂੰ ਸੂਚਿਤ ਕੀਤਾ ਹੈ ਕਿ Hike ਪੂਰੀ ਤਰ੍ਹਾਂ ਬੰਦ ਹੋ ਰਹੀ ਹੈ, ਜਿਸ ਵਿੱਚ ਅਮਰੀਕੀ ਕਾਰੋਬਾਰ ਵੀ ਸ਼ਾਮਲ ਹੈ। ਆਓ ਜਾਣਦੇ ਹਾਂ WhatsApp ਨੂੰ ਟੱਕਰ ਦੇਣ ਵਾਲੀ ਇਸ ਐਪ ਨੂੰ ਬੰਦ ਕਰਨ ਦਾ ਕੀ ਕਾਰਨ ਹੈ?
Hike ਐਪ ਬੰਦ ਕਰਨ ਦਾ ਕਾਰਨ
ਈਮੇਲ ਵਿੱਚ ਭਾਰਤ ਦੇ ਰੀਅਲ ਮਨੀ ਗੇਮਿੰਗ 'ਤੇ ਪਾਬੰਦੀ ਲਗਾਉਣ ਦੇ ਫੈਸਲੇ ਦਾ ਹਵਾਲਾ ਦਿੱਤਾ ਗਿਆ ਹੈ। Entrackr ਦੁਆਰਾ ਦੇਖੀ ਗਈ ਈਮੇਲ ਵਿੱਚ ਲਿਖਿਆ ਹੈ ਕਿ ਮੈਂ Hike ਨੂੰ ਚਲਾਉਣਾ ਪੂਰੀ ਤਰ੍ਹਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਨਵਾਂ ਗੇਮਿੰਗ ਕਾਰੋਬਾਰ ਬਹੁਤ ਘੱਟ ਸਮੇਂ ਵਿੱਚ ਬਹੁਤ ਸਫਲ ਹੋ ਗਿਆ, ਸਿਰਫ ਚਾਰ ਸਾਲਾਂ ਵਿੱਚ ਕੰਪਨੀ ਨੇ ਇੱਕ ਵੱਡਾ ਉਪਭੋਗਤਾ ਅਧਾਰ ਬਣਾਇਆ। ਪਰ ਹੁਣ ਭਾਰਤ ਸਰਕਾਰ ਦੁਆਰਾ ਰੀਅਲ ਮਨੀ ਗੇਮਿੰਗ 'ਤੇ ਲਗਾਈ ਗਈ ਹਾਲ ਹੀ ਵਿੱਚ ਪਾਬੰਦੀ ਨੇ Hike ਦੇ ਕਾਰੋਬਾਰੀ ਮਾਡਲ ਨੂੰ ਵੀ ਬਹੁਤ ਨੁਕਸਾਨ ਪਹੁੰਚਾਇਆ ਹੈ।
ਕਵਿਨ ਮਿੱਤਲ ਦੇ ਅਨੁਸਾਰ, ਇਸ ਨਵੇਂ ਨਿਯਮ ਕਾਰਨ ਕੰਪਨੀ ਨੂੰ ਵਿੱਤੀ ਨੁਕਸਾਨ ਹੋਇਆ ਹੈ। ਹਾਈਕ ਦਾ ਅਮਰੀਕਾ ਵਿੱਚ ਇੱਕ ਨਵਾਂ ਕਾਰੋਬਾਰ ਹੈ ਜੋ ਉਮੀਦਜਨਕ ਨਤੀਜੇ ਦਿਖਾ ਰਿਹਾ ਸੀ ਪਰ ਭਾਰਤ ਵਿੱਚ ਰੀਅਲ ਮਨੀ ਗੇਮਿੰਗ 'ਤੇ ਪਾਬੰਦੀ ਤੋਂ ਬਾਅਦ ਕੰਪਨੀ ਦੇ ਸੰਸਥਾਪਕ ਨੂੰ ਵਿੱਤੀ ਨੁਕਸਾਨ ਕਾਰਨ ਇਹ ਫੈਸਲਾ ਲੈਣਾ ਪਿਆ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਹਾਈਕ ਦੇ ਬੈਲੇਂਸ ਸ਼ੀਟ ਵਿੱਚ 4 ਮਿਲੀਅਨ ਡਾਲਰ (ਲਗਭਗ 35.30 ਕਰੋੜ ਰੁਪਏ) ਬਚੇ ਹਨ। ਇਸ ਪੈਸੇ ਦੀ ਵਰਤੋਂ ਵਿਕਰੇਤਾ ਲਾਗਤਾਂ ਅਤੇ ਕਰਮਚਾਰੀਆਂ ਦਾ ਭੁਗਤਾਨ ਕਰਨ ਲਈ ਕੀਤੀ ਜਾਵੇਗੀ, ਜਿਸ ਤੋਂ ਬਾਅਦ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਕਰ ਦਿੱਤੇ ਜਾਣਗੇ।
ਕਿਵੇਂ ਹੋਈ ਸ਼ੁਰੂਆਤ ?
ਵਟਸਐਪ ਵਾਂਗ, Hike ਇੱਕ ਮੈਸੇਜਿੰਗ ਐਪ ਵਜੋਂ ਸ਼ੁਰੂ ਹੋਇਆ ਸੀ ਪਰ ਇਹ ਸਫਲਤਾਪੂਰਵਕ ਮੁਕਾਬਲਾ ਨਹੀਂ ਕਰ ਸਕੀ। ਇਸ ਲਈ ਕੰਪਨੀ ਨੇ ਗੇਮਿੰਗ 'ਤੇ ਧਿਆਨ ਕੇਂਦਰਿਤ ਕਰਨ ਲਈ ਆਪਣਾ ਕਾਰੋਬਾਰ ਬਦਲਿਆ ਅਤੇ ਰਸ਼ ਨਾਮਕ ਇੱਕ ਨਵਾਂ ਪਲੇਟਫਾਰਮ ਬਣਾਇਆ।