ਤੁਹਾਨੂੰ ‘ਕੰਗਾਲ’ ਬਣਾ ਸਕਦੈ ਵਟਸਐਪ ’ਤੇ ਆਇਆ ਇਹ ਮੈਸੇਜ, ਵੇਖਦੇ ਹੀ ਤੁਰੰਤ ਕਰੋ ਡਿਲੀਟ
Saturday, Jan 30, 2021 - 03:14 PM (IST)

ਗੈਜੇਟ ਡੈਸਕ– ਜੇਕਰ ਤਸੀਂ ਵੀ ਵਟਸਐਪ ਯੂਜ਼ਰਸ ਹੋ ਅਤੇ ਤੁਹਾਨੂੰ ਤੁਰੰਤ ਕਿਸੇ ਮੈਸੇਜ ’ਤੇ ਕਲਿੱਕ ਕਰਨ ਦੀ ਆਦਤ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਐਂਡਰਾਇਡ ਯੂਜ਼ਰਸ ਹਮੇਸ਼ਾ ਹੈਕਰਾਂ ਦੇ ਨਿਸ਼ਾਨੇ ’ਤੇ ਰਹਿੰਦੇ ਹਨ। ਕਈ ਵਾਰ ਹੈਕਰ ਤੁਹਾਡੇ ਫੋਨ ’ਚ ਕਿਸੇ ਐਪ ਰਾਹੀਂ ਤਾਂ ਕਈ ਵਾਰ ਕਿਸੇ ਮੈਸੇਜ ਰਾਹੀਂ ਪਹੁੰਚ ਜਾਂਦੇ ਹੈ। ਹੁਣ ਵਟਸਐਪ ’ਤੇ ਇਕ ਮੈਸੇਜ ਵਾਇਰਲ ਹੋ ਰਿਹਾ ਹੈ ਜੋ ਕਿ ਇਕ ਮਾਲਵੇਅਰ ਹੈ ਅਤੇ ਇਸ ਮੈਸੇਜ ਦੇ ਨਾਲ ਮਿਲਣ ਵਾਲੇ ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡਾ ਫੋਨ ਹੈਕ ਵੀ ਹੋ ਸਕਦਾ ਹੈ। ਆਓ ਜਾਣਦੇ ਹਾਂ ਇਸ ਵਾਇਰਲ ਮਾਲਵੇਅਰ ਬਾਰੇ ਵਿਸਤਾਰ ਨਾਲ।
‘ਡੇਲੀ ਮੇਲ’ ਦੀ ਇਕ ਰਿਪੋਰਟ ਮੁਤਾਬਕ, ਵਟਸਐਪ ’ਤੇ ਲਿੰਕ ਨਾਲ ਇਕ ਮੈਸੇਜ ਖ਼ੂਬ ਵਾਇਰਲ ਹੋ ਰਿਹਾ ਹੈ। ਮੈਸੇਜ ’ਚ ਲਿਖਿਆ ਹੈ ਕਿ ਇਸ ਐਪ ਨੂੰ ਡਾਊਨਲੋਡ ਕਰੋ ਅਤੇ ਮੋਬਾਇਲ ਫੋਨ ਜਿੱਤੋ (Download This application and Win Mobile Phone)। ਇਸ ਮੈਸੇਜ ਨਾਲ ਇਕ ਲਿੰਕ ਵੀ ਹੈ ਜਿਸ ’ਤੇ ਕਲਿੱਕ ਕਰਨ ’ਤੇ ਗੂਗਲ ਪਲੇਅ ਸਟੋਰ ਵਰਗੀ ਇਕ ਫਰਜ਼ੀ ਵੈੱਬਸਾਈਟ ਖੁਲ੍ਹਦੀ ਹੈ। ਇਕ ਤਰ੍ਹਾਂ ਨਾਲ ਹੈਕਰਾਂ ਨੇ ਸਪੈਮ ਲਈ ਗੂਗਲ ਪਲੇਅ ਸਟੋਰ ਦਾ ਇਕ ਕਲੋਨ ਬਣਾਇਆ ਹੈ। ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰਸ ਨੂੰ ‘ਹੁਵਾਵੇਈ’ ਮੋਬਾਇਲ ਐਪ ਨੂੰ ਡਾਊਨਲੋਡ ਕਰਨ ਲਈ ਕਿਹਾ ਜਾਂਦਾ ਹੈ। ਇਹ ਵੀ ਹੈਕਰਾਂ ਦੀ ਇਕ ਚਾਲ ਹੈ ਕਿਉਂਕਿ ਇਹ ਐਪ ਹੁਵਾਵੇਈ ਦਾ ਅਸਲੀ ਐਪ ਨਹੀਂ ਹੈ।
ਇਸ ਮਾਲਵੇਅਰ ਮੈਸੇਜ ’ਤੇ ਵਟਸਐਪ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਇਸ ਮੈਸੇਜ ਦੀ ਆੜ ਹੇਠ ਲੋਕਾਂ ਨਾਲ ਹੈਕਿੰਗ ਹੋ ਸਕਦੀ ਹੈ ਅਤੇ ਉਨ੍ਹਾਂ ਨੂੰ ਫਿਸ਼ਿੰਗ ਮੈਸੇਜ ਭੇਜੇ ਜਾ ਸਕਦੇ ਹਨ। ਅਸੀਂ ਇਸ ਡੋਮੇਨ ਦੀ ਸ਼ਿਕਾਇਤ ਕਰ ਰਹੇ ਹਾਂ। ਜਲਦ ਹੀ ਇਸ ’ਤੇ ਕਾਰਵਾਈ ਕੀਤੀ ਜਾਵੇਗੀ। ਵਟਸਐਪ ਨੇ ਕਿਹਾ ਹੈ ਕਿ ਇਸ ਮੈਸੇਜ ਨਾਲ ਮਿਲ ਰਹੇ ਲਿੰਕ ’ਤੇ ਭੁੱਲ ਕੇ ਵੀ ਕਲਿੱਕ ਨਾ ਕਰੋ। ਇਸ ਤੋਂ ਇਲਾਵਾ ਮੈਸੇਜ ਮਿਲਦੇ ਹਨ ਉਸ ਨੂੰ ਤੁਰੰਤ ਡਿਲੀਟ ਕਰੋ ਅਤੇ ਕਿਸੇ ਨੂੰ ਵੀ ਫਾਰਵਰਡ ਕਰਨ ਦੀ ਗਲਤੀ ਨਾ ਕਰੋ। ਕੰਪਨੀ ਨੇ ਕਿਹਾ ਹੈ ਕਿ ਪਹਿਲੀ ਨਜ਼ਰ ’ਚ ਇਹ ਐਡਵੇਅਰ ਲੱਗ ਰਿਹਾ ਹੈ।