ਉੱਚੇ-ਨੀਵੇਂ ਰਸਤਿਆਂ ''ਤੇ ਆਸਾਨੀ ਨਾਲ ਸਫਰ ਕਰਵਾਏਗਾ Vintage e-bike
Friday, May 11, 2018 - 10:28 AM (IST)

4 ਲੱਖ 70 ਹਜ਼ਾਰ ਰੁਪਏ ਰੱਖੀ ਗਈ ਕੀਮਤ
ਜਲੰਧਰ— ਜੇ ਤੁਹਾਨੂੰ ਵੀ ਪੁਰਾਣੇ ਡਿਜ਼ਾਈਨ ਵਾਲੇ ਵਿੰਟੇਜ ਮੋਟਰਸਾਈਕਲ ਪਸੰਦ ਹਨ ਤਾਂ ਇਹ ਖਬਰ ਤੁਹਾਡੇ ਲਈ ਹੈ। ਇਕ ਅਜਿਹਾ ਇਲੈਕਟ੍ਰਿਕ ਈ-ਬਾਈਕ ਬਣਾਇਆ ਗਿਆ ਹੈ, ਜੋ ਦੇਖਣ ਵਿਚ ਤਾਂ ਪੁਰਾਣੇ ਮੋਟਰਸਾਈਕਲ ਵਰਗਾ ਲੱਗਦਾ ਹੈ ਪਰ ਇਹ ਸਾਰੇ ਮਾਮਲਿਆਂ ਵਿਚ ਮੌਜੂਦਾ ਤਿਆਰ ਕੀਤੇ ਗਏ ਈ-ਬਾਈਕਸ ਨਾਲੋਂ ਬਿਹਤਰ ਹੈ। ਇਸ ਨੂੰ ਕੈਲੀਫੋਰਨੀਆ ਦੀ ਇਲੈਕਟ੍ਰਿਕ ਬਾਈਕ ਨਿਰਮਾਤਾ ਕੰਪਨੀ Vintage Electric ਨੇ ਤਿਆਰ ਕੀਤਾ ਹੈ। ਕੰਪਨੀ ਨੇ ਦੱਸਿਆ ਕਿ Scrambler S ਨਾਂ ਦੀ ਇਸ ਇਲੈਕਟ੍ਰਿਕ ਬਾਈਕ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਉੱਚੇ-ਨੀਵੇਂ ਰਸਤੇ 'ਤੇ ਵੀ ਆਸਾਨੀ ਨਾਲ ਚਲਾਇਆ ਜਾ ਸਕਦਾ ਹੈ। ਇਸ ਵਿਚ 1,123-Wh ਦਾ ਲੀਥੀਅਮ ਆਇਨ ਬੈਟਰੀ ਪੈਕ ਲਾਇਆ ਗਿਆ ਹੈ, ਜਿਸ ਨਾਲ ਇਹ ਇਕ ਚਾਰਜ ਵਿਚ 121 ਕਿਲੋਮੀਟਰ ਤਕ ਦਾ ਰਸਤਾ ਤੈਅ ਕਰ ਸਕਦਾ ਹੈ ਅਤੇ ਤੁਸੀਂ ਸ਼ਹਿਰ ਤੋਂ ਬਾਹਰ ਜਾਣ ਲਈ ਵੀ ਇਸ ਦੀ ਵਰਤੋਂ ਆਸਾਨੀ ਨਾਲ ਕਰ ਸਕਦੇ ਹੋ। ਆਸ ਹੈ ਕਿ ਇਸ ਨੂੰ ਜਲਦੀ ਹੀ 6,995 ਡਾਲਰ (ਲਗਭਗ 4 ਲੱਖ 70 ਹਜ਼ਾਰ ਰੁਪਏ) ਵਿਚ ਮੁਹੱਈਆ ਕਰਵਾਇਆ ਜਾਵੇਗਾ।
ਪੈਡਲ ਅਸਿਸਟ ਸਿਸਟਮ
ਇਸ ਇਲੈਕਟ੍ਰਿਕ ਬਾਈਕ ਵਿਚ ਪੈਡਲ ਅਸਿਸਟ ਸਿਸਟਮ ਦਿੱਤਾ ਗਿਆ ਹੈ, ਜੋ ਚਾਲਕ ਨੂੰ ਪੈਡਲਾਂ ਨਾਲ ਇਸ ਨੂੰ ਚਲਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਸ ਵਿਚ ਰੀਜਨਰੇਟਿਵ ਬ੍ਰੇਕਿੰਗ ਸਿਸਟਮ ਵੀ ਦਿੱਤਾ ਗਿਆ ਹੈ, ਜੋ ਬ੍ਰੇਕ ਲਾਉਣ 'ਤੇ ਟਾਇਰ ਵਿਚ ਪੈਦਾ ਹੋਈ ਪਾਵਰ ਨੂੰ ਇਲੈਕਟ੍ਰੀਸਿਟੀ ਵਿਚ ਬਦਲ ਕੇ ਬੈਟਰੀ 'ਚ ਸੇਵ ਕਰਨ ਵਿਚ ਮਦਦ ਕਰਦਾ ਹੈ।
32 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ
ਇਸ ਬਾਈਕ ਵਿਚ 750 ਵਾਟ ਦੀ ਹੱਬ ਮੋਟਰ ਲੱਗੀ ਹੈ, ਜੋ 32 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਤਕ ਇਸ ਨੂੰ ਆਸਾਨੀ ਨਾਲ ਪਹੁੰਚਾਉਣ ਵਿਚ ਮਦਦ ਕਰਦੀ ਹੈ। ਕੰਪਨੀ ਅਨੁਸਾਰ ਚਾਲਕ 149 ਡਾਲਰ (ਲਗਭਗ 10 ਹਜ਼ਾਰ ਰੁਪਏ) ਦੀ ਕੀਮਤ ਦੇ ਕੇ ਇਸ ਵਿਚ 3 ਹਜ਼ਾਰ ਵਾਟ ਦੀ ਮੋਟਰ ਵੀ ਲਾ ਸਕਦੇ ਹਨ, ਜੋ ਇਸ ਨੂੰ 58 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਤਕ ਪਹੁੰਚਾਉਣ ਵਿਚ ਮਦਦ ਕਰੇਗੀ।
ਹਾਈਡ੍ਰਾਲਿਕ ਡਿਸਕ ਬ੍ਰੇਕਸ
Scrambler S ਇਲੈਕਟ੍ਰਿਕ ਬਾਈਕ ਦੇ ਫਰੰਟ ਤੇ ਰੀਅਰ ਵਿਚ ਹਾਈਡ੍ਰਾਲਿਕ ਡਿਸਕ ਬ੍ਰੇਕਸ ਲਾਈਆਂ ਗਈਆਂ ਹਨ, ਜੋ ਬ੍ਰੇਕ ਲਾਉਣ 'ਤੇ ਇਸ ਨੂੰ ਘੱਟ ਦੂਰੀ 'ਚ ਸੁਰੱਖਿਅਤ ਢੰਗ ਨਾਲ ਰੋਕਣ ਵਿਚ ਮਦਦ ਕਰਨਗੀਆਂ। ਐਲੂਮੀਨੀਅਮ ਫਰੇਮ 'ਤੇ ਤਿਆਰ ਇਸ ਇਲੈਕਟ੍ਰਿਕ ਬਾਈਕ ਵਿਚ 5 ਰਾਈਡਿੰਗ ਮੋਡਸ ਦਿੱਤੇ ਗਏ ਹਨ, ਜੋ ਵੱਖ-ਵੱਖ ਸਥਿਤੀਆਂ 'ਚ ਬਾਈਕ ਚਲਾਉਣ ਵਿਚ ਮਦਦ ਕਰਨਗੇ। ਰਾਤ ਵੇਲੇ ਇਸ ਦੀ ਵਰਤੋਂ ਕਰਨ ਲਈ ਰੈਲੀ ਸਟਾਈਲ LED ਹੈੱਡਲੈਂਪ ਵੀ ਲੱਗੀ ਹੈ, ਜੋ ਇਸ ਨੂੰ ਵਿੰਟੇਜ ਬਾਈਕ ਦੀ ਲੁੱਕ ਦਿੰਦੀ ਹੈ। ਇਸ ਦੇ ਲਈ ਰੈਕ ਤੇ ਬੈਗਸ ਮੁਹੱਈਆ ਕਰਵਾਉਣ ਦੀ ਕੰਪਨੀ ਦੀ ਯੋਜਨਾ ਹੈ।