Vi ਦੇ ਗਾਹਕਾਂ ਨੂੰ ਝਟਕਾ, ਬੰਦ ਹੋਇਆ ਸਭ ਤੋਂ ਸਸਤਾ ਇਹ ਪਲਾਨ
Saturday, Aug 21, 2021 - 02:43 PM (IST)
ਗੈਜੇਟ ਡੈਸਕ– ਏਅਰਟੈੱਲ ਤੋਂ ਬਾਅਦ ਹੁਣ ਟੈਲੀਕਾਮ ਕੰਪਨੀ ਵੋਡਾਫੋਨ-ਆਈਡੀਆ ਨੇ ਵੀ ਆਪਣੇ ਸਭ ਤੋਂ ਸਸਤੇ ਰੀਚਾਰਜ ਪਲਾਨ ਨੂੰ ਮਹਿੰਗਾ ਕਰ ਦਿੱਤਾ ਹੈ। ਆਪਣੇ ਜ਼ਿਆਦਾਤਰ ਰਾਜਾਂ ’ਚ ਵੋਡਾਫੋਨ-ਆਈਡੀਆ ਨੇ ਆਪਣੇ 49 ਰੁਪਏ ਵਾਲੇ ਪਲਾਨ ਨੂੰ ਬੰਦ ਕਰ ਦਿੱਤਾ ਹੈ। ਦੱਸ ਦੇਈਏ ਕਿ ਵੋਡਾਫੋਨ-ਆਈਡੀਆ ਨੇ ਹੁਣ ਦੇਸ਼ ਭਰ ਦੇ ਜ਼ਿਆਦਾ ਰਾਜਾਂ ’ਚ 28 ਦਿਨਾਂ ਦੀ ਮਿਆਦ ਨਾਲ 79 ਰੁਪਏ ਦੇ ਪਲਾਨ ਨੂੰ ਐਂਟਰੀ ਲੈਵਲ ਪਲਾਨ ਬਣਾ ਦਿੱਤਾ ਹੈ।
ਦੱਸ ਦੇਈਏ ਕਿ ਵੀ ਦਾ 49 ਰੁਪਏ ਦਾ ਪ੍ਰੀਪੇਡ ਪਲਾਨ 14 ਦਿਨਾਂ ਦੀ ਮਿਆਦ ਅਤੇ 38 ਰੁਪਏ ਦੇ ਟਾਕਟਾਈਮ ਨਾਲ ਗਾਹਕਾਂ ਨੂੰ 100 ਐੱਮ.ਬੀ. ਡਾਟਾ ਦਿੰਦਾ ਹੈ। ਜਦਕਿ 79 ਰੁਪਏ ਦਾ ਪ੍ਰੀਪੇਡ ਪਲਨ 28 ਦਿਨਾਂ ਦੀ ਮਿਆਦ ਨਾਲ 200 ਐੱਮ.ਬੀ. ਡਾਟਾ ਅਤੇ 64 ਰੁਪਏ ਦਾ ਟਾਕਟਾਈਮ ਦਿੰਦਾ ਹੈ।
ਕਈ ਰਾਜਾਂ ’ਚ ਅਜੇ ਵੀ ਜਾਰੀ ਹੈ ਸਰਵਿਸ
ਵੋਡਾਫੋਨ-ਆਈਡੀਆ ਦੀ ਗੱਲ ਕਰੀਏ ਤਾਂ ਕੰਪਨੀ ਨੇ ਏਅਰਟੈੱਲ ਦੀ ਤਰ੍ਹਾਂ ਆਪਣੇ ਐਂਟਰੀ ਲੈਵਲ ਪਲਾਨ ’ਚ ਵੱਡਾ ਬਦਲਾਅ ਕੀਤਾ ਹੈ ਅਤੇ ਆਪਣੇ ਜ਼ਿਆਦਾਤਰ ਰਾਜਾਂ ’ਚ 49 ਰੁਪਏ ਵਾਲੇ ਪਲਾਨ ਦੀ ਸਰਵਿਸ ਬੰਦ ਕਰ ਦਿੱਤੀ ਹੈ। ਫਿਲਹਾਲ ਲਈ ਵੀ ਦਾ 49 ਰੁਪਏ ਦਾ ਪਲਾਨ ਸਿਰਫ ਮਹਾਰਾਸ਼ਟਰ ਅਤੇ ਆਂਧਰਾ-ਪ੍ਰਦੇਸ਼ ਸਮੇਤ ਕੁਝ ਰਾਜਾਂ ’ਚ ਐਕਟਿਵ ਹੈ ਪਰ ਕੰਪਨੀ ਦਾ ਦਾਅਵਾ ਹੈ ਕਿ ਜਲਦੀ ਹੀ ਇਸ ਸਰਵਿਸ ਨੂੰ ਇਨ੍ਹਾਂ ਰਾਜਾਂ ’ਚ ਵੀ ਬੰਦ ਕਰ ਦਿੱਤਾ ਜਾਵੇਗਾ। ਅਜੇ ਤਕ ਵੋਡਾਫੋਨ-ਆਈਡੀਆ ਵਲੋਂ ਟੈਰਿਫ ਵਾਧੇ ਬਾਰੇ ਕੋਈ ਵੀ ਅਧਿਕਾਰਤ ਬਿਆਨ ਨਹੀਂ ਆਇਆ ਪਰ ਇਹ ਹੌਲੀ-ਹੌਲੀ ਆਪਣੀ ਵੈੱਬਸਾਈਟ ਤੋਂ 49 ਰੁਪਏ ਵਾਲੇ ਪਲਾਨ ਨੂੰ ਹਟਾ ਜ਼ਰੂਰ ਰਹੀ ਹੈ।