ਕ੍ਰੈਡਿਟ ਕਾਰਡ ਜਿੰਨਾ ਸਮਾਰਟਫੋਨ, ਬੇਹੱਦ ਕਮਾਲ ਦੇ ਹਨ ਫੀਚਰ, ਜਾਣੋ ਕੀਮਤ

07/22/2020 12:54:06 PM

ਗੈਜੇਟ ਡੈਸਕ– ਦੁਨੀਆ ਦਾ ਸਭ ਤੋਂ ਛੋਟਾ 4ਜੀ ਸਮਾਰਟਫੋਨ ਲਿਆਉਣ ਲਈ ਮਸ਼ਹੂਰ ਕੰਪਨੀ Unihertz ਨੇ ਇਕ ਨਵਾਂ ਸਮਾਰਟਫੋਨ Jelly 2 ਲਾਂਚ ਕੀਤਾ ਹੈ। ਕੰਪਨੀ ਦਾ ਇਹ ਫੋਨ ਵੀ ਆਪਣੇ ਸਾਈਜ਼ ਕਾਰਨ ਚਰਚਾ ’ਚ ਹੈ। ਇਸ ਨੂੰ ਐਂਡਰਾਇਡ 10 ’ਤੇ ਕੰਮ ਕਰਨ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਸਮਾਰਟਫੋਨ ਦੱਸਿਆ ਜਾ ਰਿਹਾ ਹੈ। ਫੋਨ ’ਚ ਸਿਰਫ 3 ਇੰਚ ਦੀ ਡਿਸਪਲੇਅ ਹੈ। ਇਹ ਕੰਪਨੀ ਦੇ ਪਹਿਲੇ ਫੋਨ Jelly ਦਾ ਅਪਗ੍ਰੇਡ ਮਾਡਲ ਹੈ। ਪਹਿਲੇ ਮਾਡਲ ਨੂੰ ਸਾਲ 2017 ’ਚ ਲਾਂਚ ਕੀਤਾ ਗਿਆ ਸੀ, ਜਿਸ ਵਿਚ 2.45 ਇੰਚ ਦੀ ਡਿਸਪਲੇਅ ਸੀ। ਹਾਲਾਂਕਿ, ਪੁਰਾਣੇ ਫੋਨ ’ਚ ਸਾਹਮਣੇ ਆਈਆਂ ਕਮੀਆਂ ਨੂੰ ਦੂਰ ਕਰਦੇ ਹੋਏ ਕੰਪਨੀ ਹੁਣ Jelly 2 ਸਮਾਰਟਫੋਨ ਲਿਆਈ ਹੈ। 

Jelly 2 ਦੀਆਂ ਖੂਬੀਆਂ
ਇਸ ਵਾਰ ਕੰਪਨੀ ਨੇ ਪਹਿਲਾਂ ਨਾਲੋਂ ਵੱਡੀ ਸਕਰੀਨ, ਦੁਗਣੀ ਬੈਟਰੀ ਲਾਈਫ, ਅਪਗ੍ਰੇਡ ਕੈਮਰਾ ਅਤੇ ਜੀ.ਪੀ.ਐੱਸ. ਸੈਂਸਰ ਦਿੱਤੇ ਹਨ। ਹਾਲਾਂਕਿ, ਕੰਪਨੀ ਨੇ ਇਸ ਵਾਰ ਵੀ ਫੋਨ ਨੂੰ ਕ੍ਰੈਡਿਟ ਕਾਰਡ ਦੇ ਸਾਈਜ਼ ਦਾ ਬਣਾਇਆ ਹੈ। ਫੋਨ ’ਚ 3 ਇੰਚ ਦੀ ਡਿਸਪਲੇਅ ਦਿੱਤੀ ਹੈ ਜੋ 480x384 ਪਿਕਸਲ ਰੈਜ਼ੋਲਿਊਸ਼ਨ ਵਾਲੀ ਹੈ। ਸਕਰੀਨ ਸਾਈਜ਼ ’ਚ 20 ਫੀਸਦੀ ਦਾ ਵਾਧਾ ਕੀਤਾ ਗਿਆ ਹੈ। ਹਾਲਾਂਕਿ, ਅਜੇ ਵੀ ਫੋਨ ’ਚ ਟਾਈਪ ਕਰਨਾ ਥੋੜ੍ਹਾ ਮੁਸ਼ਕਲ ਕੰਮ ਰਹੇਗਾ। 

PunjabKesari

ਕੰਪਨੀ ਦਾ ਕਹਿਣਾ ਹੈ ਕਿ ਫੋਨ ਦੀ ਡਿਸਪਲੇਅ ਭਲੇ ਹੀ ਛੋਟੀ ਹੈ ਪਰ ਇਸ ਦੀ ਸ਼ਾਨਦਾਰ ਕੁਆਲਿਟੀ ਕਾਰਨ ਇਸ ਵਿਚ ਫਿਲਮ ਵੇਖਣਾ ਅਤੇ ਗੇਮ ਖੇਡਣਾ ਮਜ਼ੇਦਾਰ ਰਹੇਗਾ। ਇਹ ਸਮਾਰਟਫੋਨ ਮੀਡੀਆਟੈੱਕ ਹੇਲੀਓ ਪੀ60 ਪ੍ਰੋਸੈਸਰ ਨਾਲ ਲੈਸ ਹੈ। ਇਹ ਇਕ ਮਿਡ-ਰੇਂਜ ਚਿਪਸੈੱਟ ਹੈ। ਫੋਨ ’ਚ 2,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਫੋਨ ਦੇ ਛੋਟੇ ਸਾਈਜ਼ ਕਾਰਨ ਸਹੀ ਲੱਗ ਰਹੀ ਹੈ। 

ਕੈਮਰਾ ਅਤੇ ਫਿੰਗਰਪ੍ਰਿੰਟ ਸੈਂਸਰ ਵੀ
ਇਸ ਛੋਟੇ ਫੋਨ ’ਚ ਕੰਪਨੀ ਨੇ ਫਰੰਟ ਅਤੇ ਰੀਅਰ ਦੋਵੇਂ ਕੈਮਰਾ ਦਿੱਤੇ ਹਨ। ਸੈਲਫੀ ਲਈ ਇਸ ਵਿਚ 8 ਮੈਗਾਪਿਕਸਲ ਦਾ ਕੈਮਰਾ ਅਤੇ ਪਿਛਲੇ ਪਾਸੇ 16 ਮੈਗਾਪਿਕਸਲ ਦਾ ਰੀਅਰ ਕੈਮਰਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ, ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਪਿਛਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੈ। ਫੋਨ ਦੀ ਮੋਟਾਈ 16.5mm ਹੈ। ਇਸ ਵਿਚ 6 ਜੀ.ਬੀ. ਦੀ ਰੈਮ+128 ਜੀ.ਬੀ. ਦੀ ਸਟੋਰੇਜ ਹੈ। ਕੰਪਨੀ ਨੇ ਫੋਨ ਦੀ ਕੀਮਤ 129 ਡਾਲਰ (ਕਰੀਬ 9,600 ਰੁਪਏ) ਰੱਖੀ ਹੈ। 


Rakesh

Content Editor

Related News