Truecaller ’ਚ ਆਏ 4 ਨਵੇਂ ਫੀਚਰ, ਵਟਸਐਪ ਨੂੰ ਮਿਲੇਗੀ ਟੱਕਰ

10/19/2019 12:28:36 PM

ਗੈਜੇਟ ਡੈਸਕ– ਟਰੂਕਾਲਰ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਆਪਣੇ ਐਪ ’ਚ ਨਵੇਂ-ਨਵੇਂ ਫੀਚਰ ਜੋੜ ਰਹੀ ਹੈ। ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਟਰੂਕਾਲਰ ਨੇ ਹੁਣ 'Truecaller Group Chat' ਦਾ ਐਲਾਨ ਕੀਤਾ ਹੈ। ਟਰੂਕਾਲਰ ਇਸ ਨਵੀਂ ਸਰਵਿਸ ’ਚ ਗਰੁੱਪ ਇਨਵਾਈਟਸ, ਹਿਡਨ ਨੰਬਰ, ਚੈਟ ਅਤੇ ਐੱਸ.ਐੱਮ.ਐੱਸ. ’ਚ ਸਵਿੱਚਿੰਗ ਦੇ ਨਾਲ ਕੈਟਾਗਰਾਈਜ਼ਡ ਇਨਬਾਕਸ ਵਰਗੇ ਫੀਚਰ ਦੇ ਰਹੀ ਹੈ। ਐਂਡਰਾਇਡ ਅਤੇ ਆਈ.ਓ.ਐੱਸ. ਯੂਜ਼ਰਜ਼ ਲਈ ਇਸ ਫੀਚਰ ਨੂੰ 18 ਅਕਤੂਬਰ ਤੋਂ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਯੂਜ਼ਰ ਇਸ ਨੂੰ ਗੂਗਲ ਪਲੇਅ ਸਟੋਰ ਅਤੇ ਐਪਲ ਐਪ ਸਟੋਰ ਤੋਂ ਟਰੂਕਾਲਰ ਦੇ ਅਪਡੇਟਿਡ ਵਰਜ਼ਨ ਨੂੰ ਇੰਸਟਾਲ ਕਰਕੇ ਇਸਤੇਮਾਲ ਕਰ ਸਕਦੇ ਹਨ। 

ਕੀ ਹੈ ਖਾਸ
ਟਰੂਕਾਲਰ ਆਪਣੀ ਇਸ ਸਰਵਿਸ ਦੇ ਨਾਲ ਵਟਸਐਪ ਨੂੰ ਟੱਕਰ ਦੇ ਸਕਦੀ ਹੈ। ਕੰਪਨੀ ਨੇ ਗਰੁੱਪ ਚੈਟ ਇਨਵਾਈਟ ਫੀਚਰ ਜ਼ਰੀਏ ਯੂਜ਼ਰਜ਼ ਦੀ ਪ੍ਰਾਈਵੇਸੀ ਨੂੰ ਧਿਆਨ ’ਚ ਰੱਖਦੇ ਹੋਏ ਤਿਆਰ ਕੀਤਾ ਹੈ। ਇਸ ਫੀਚਰ ਦੀ ਖਾਸ ਗੱਲ ਹੈ ਕਿ ਬਿਨਾਂ ਯੂਜ਼ਰ ਦੀ ਮਨਜ਼ੂਰੀ ਦੇ ਉਸ ਨੂੰ ਕੋਈ ਵੀ ਕਿਸੇ ਗਰੁੱਪ ’ਚ ਐਡ ਨਹੀਂ ਕਰ ਸਕੇਗਾ। ਹਾਲ ਹੀ ’ਚ ਵਟਸਐਪ ਨੇ ਵੀ ਇਸ ਫੀਚਰ ਨੂੰ ਪੇਸ਼ ਕੀਤਾ ਸੀ। 

ਦੂਜੇ ਫੀਚਰ ਦੀ ਗੱਲ ਕਰੀਏ ਤਾਂ ਇਸ ਵਿਚ ਹੁਣ ਹਿਡੇਨ ਨੰਬਰ ਫੀਚਰ ਦਿੱਤਾ ਗਿਆ ਹੈ। ਯੂਜ਼ਰ ਪ੍ਰਾਈਵੇਸੀ ਲਈ ਇਹ ਫੀਚਰ ਵੀ ਕਾਫੀ ਕੰਮ ਦਾ ਹੈ। ਇਸ ਦੀ ਖੂਬੀ ਹੈ ਕਿ ਇਹ ਗਰੁੱਪ ਦੇ ਅਣਜਾਣ ਯੂਜ਼ਰਜ਼ ਨੂੰ ਤੁਹਾਡਾ ਨੰਬਰ ਨਹੀਂ ਦਿਖਾਉਂਦਾ। ਤੁਹਾਡਾ ਨੰਬਰ ਸਿਰਫ ਉਹੀ ਗਰੁੱਪ ਮੈਂਬਰ ਦੇਖ ਸਕਣਗੇ ਜਿਨ੍ਹਾਂ ਦੇ ਫੋਨਬੁੱਕ ’ਚ ਤੁਹਾਡਾ ਨੰਬਰ ਸੇਵ ਹੋਵੇਗਾ। ਨਾਲ ਹੀ ਜੇਕਰ ਕੋਈ ਯੂਜ਼ਰ ਤੁਹਾਡਾ ਨੰਬਰ ਦੇਖਣਾ ਚਾਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਕਾਨਟੈਕਟ ਰਿਕਵੈਸਟ ਭੇਜ ਕੇ ਤੁਹਾਡੇ ਕੋਲੋਂ ਮਨਜ਼ੂਰੀ ਲੈਣੀ ਪਵੇਗੀ। 

ਟਰੂਕਾਲਰ ਗਰੁੱਪ ਚੈਟ ਯੂਜ਼ਰਜ਼ ਨੂੰ ਆਸਾਨੀ ਨਾਲ ਚੈਟ ਅਤੇ ਐੱਸ.ਐੱਮ.ਐੱਸ. ਦੇ ਵਿਚ ਸਵਿੱਚ ਕਰਨ ਦੀ ਸੁਵਿਧਾ ਦਿੰਦਾ ਹੈ। ਜੇਕਰ ਯੂਜ਼ਰ  ਕੋਲ ਐਕਟਿਵ ਇੰਟਰਨੈੱਟ ਕੁਨੈਕਸ਼ਨ ਨਹੀਂ ਹੈ ਤਾਂ ਵੀ ਉਹ ਬਲਿਊ ਜਾਂ ਗਰੀਨ ਸੈਂਡ ਬਟਨ ਨੂੰ ਦੇਖ ਸਕਣਗੇ। ਇਸ ਤੋਂ ਇਲਾਵਾ ਇਸ ਵਿਚ ਕੈਟਾਗਰਾਈਜ਼ਡ ਇਨਬਾਕਸ ਫੀਚਰ ਵੀ ਮਿਲਦਾ ਹੈ। ਇਸ ਜ਼ਰੀਏ ਤੁਸੀਂ ਸੇਵ ਅਤੇ ਨਾ ਸੇਵ ਕੀਤੇ ਗਏ ਨੰਬਰ ਅਤੇ ਸਪੈਮ ਮੈਸੇਜ ਨੂੰ ਵੱਖ-ਵੱਖ ਰੱਖ ਸਕਦੇ ਹੋ। 

ਵਟਸਐਪ ਨੂੰ ਮਿਲੇਗੀ ਟੱਕਰ
ਟਰੂਕਾਲਰ ’ਚ ਆਏ ਚਾਰ ਫੀਚਰਜ਼ ’ਚੋਂ ਤਿੰਨ ਅਜਿਹੇ ਹਨ ਜੋ ਵਟਸਐਪ ’ਚ ਨਹੀਂ ਮਿਲਦੇ। ਯੂਜ਼ਰਜ਼ ਦੀ ਪ੍ਰਾਈਵੇਸੀ ਲਈ ਟਰੂਕਾਲਰ ਨੇ ਇਨ੍ਹਾਂ ਫੀਚਰਜ਼ ਨੂੰ ਪੇਸ਼ ਕਰਕੇ ਵਟਸਐਪ ਨੂੰ ਚੁਣੌਤੀ ਦੇਣ ਦੇ ਨਾਲ ਹੀ ਯੂਜ਼ਰਜ਼ ਦੇ ਸਾਹਮਣੇ ਖੁਦ ਨੂੰ ਬਿਹਤਰ ਆਪਸ਼ਨ ਦੇ ਤੌਰ ’ਤੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। 

ਇਨ੍ਹਾਂ ਸੇਵਾਵਾਂ ਨੂੰ ਵੀ ਕੀਤਾ ਸ਼ੁਰੂ
ਟਰੂਕਾਲਰ ਨੇ ਪਿਛਲੇ ਸਾਲ ਤੋਂ ਹੀ ਨਵੀਆਂ ਸੇਵਾਵਾਂ ਲਿਆਉਣ ਦੀ ਸ਼ੁਰੂਆਤ ਕਰ ਦਿੱਤੀ ਸੀ। ਸਾਲ 2018 ’ਚ ਕੰਪਨੀ ਨੇ Truecaller Pay ਸਰਵਿਸ ਦੀ ਸ਼ੁਰੂਆਤ ਕੀਤੀ। ਇਹ ਯੂਜ਼ਰਜ਼ ਨੂੰ UPI ਸਰਵਿਸ ਰਾਹੀਂ ਪੈਸੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦੀ ਹੈ। ਉਥੇ ਹੀ ਇਸ ਸਾਲ ਦੀ ਸ਼ੁਰੂਆਤ ’ਚ ਟਰੂਕਾਲਰ ਨੇ ਵਾਇਸ ਕਾਲਿੰਗ ਫੀਚਰ ਨੂੰ ਵੀ ਲਾਂਚ ਕੀਤਾ ਹੈ ਇਸ ਨਾਲ ਇੰਟਰਨੈੱਟ ਰਾਹੀਂ ਵਾਇਸ ਕਾਲਿੰਗ ਕੀਤੀ ਜਾ ਸਕਦੀ ਹੈ। 


Related News