iPhone : ਬਦਲ ਜਾਵੇਗਾ ਸਭ ਕੁਝ! ਹੁਣ ਮਿਲੇਗੀ New Look ਤੇ Updated ਕੈਮਰੇ
Friday, Jun 20, 2025 - 02:19 PM (IST)

ਗੈਜੇਟ ਡੈਸਕ - ਐਪਲ ਦੇ ਆਉਣ ਵਾਲੇ ਆਈਫੋਨ 2026 ਮਾਡਲ ਬਾਰੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਰਿਪੋਰਟਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਾਲ 2026 ਵਿਚ ਲਾਂਚ ਹੋਣ ਵਾਲੇ ਆਈਫੋਨ ਦੇ ਡਿਸਪਲੇਅ ਵਿਚ ਇੱਕ ਵੱਡਾ ਅਪਡੇਟ ਦੇਖਣ ਨੂੰ ਮਿਲੇਗਾ। ਹਾਲਾਂਕਿ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ ਟਿਪਸਟਰ ਡਿਜੀਟਲ ਚੈਟ ਸਟੇਸ਼ਨ ਨੇ ਦਾਅਵਾ ਕੀਤਾ ਹੈ ਕਿ ਆਈਫੋਨ 18 ਪ੍ਰੋ ਅਤੇ ਪ੍ਰੋ ਮੈਕਸ ਮਾਡਲਾਂ ਵਿਚ ਫੁੱਲ ਡਿਸਪਲੇਅ ਅਨੁਭਵ ਲਈ ਅੰਡਰ-ਡਿਸਪਲੇਅ ਫੇਸ ਆਈਡੀ ਸਿਸਟਮ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ, ਕੈਮਰਾ ਸਕ੍ਰੀਨ ਦੇ ਅੰਦਰ ਵੀ ਦਿੱਤਾ ਜਾ ਸਕਦਾ ਹੈ।
ਰਿਪੋਰਟ ਅਨੁਸਾਰ, ਆਈਫੋਨ 18 ਪ੍ਰੋ ਵਿਚ 6.27-ਇੰਚ ਅਤੇ ਆਈਫੋਨ 18 ਪ੍ਰੋ ਮੈਕਸ ਮਾਡਲ ਵਿਚ 6.86-ਇੰਚ OLED ਡਿਸਪਲੇਅ ਪੈਨਲ ਹੋ ਸਕਦਾ ਹੈ ਅਤੇ ਦੋਵਾਂ ਸਕ੍ਰੀਨਾਂ ਵਿਚ LTPO ਰਿਫਰੈਸ਼ ਰੇਟ ਤਕਨਾਲੋਜੀ ਅਤੇ 1.5K ਰੈਜ਼ੋਲਿਊਸ਼ਨ ਹੋਣ ਦੀ ਉਮੀਦ ਹੈ। ਇਸਦੇ ਨਾਲ, ਐਪਲ ਇਨ੍ਹਾਂ ਮਾਡਲਾਂ ਦੇ ਨਾਲ HIAA (ਹੋਲ-ਇਨ-ਐਕਟਿਵ-ਏਰੀਆ) ਤਕਨਾਲੋਜੀ ਅਪਣਾਉਣ ਜਾ ਰਿਹਾ ਹੈ। ਇਹ ਕੈਮਰਾ ਸੈਂਸਰ ਵਰਤੋਂ ਵਿਚ ਹੋਣ ਦੌਰਾਨ ਸਕ੍ਰੀਨ ਦੇ ਉੱਪਰ ਪਿਕਸਲ ਪਰਤ ਨੂੰ ਹਟਾ ਦਿੰਦਾ ਹੈ, ਤਾਂ ਜੋ ਅੰਡਰ ਡਿਸਪਲੇਅ ਕੈਮਰਾ ਸੈਂਸਰ ਬਿਨਾਂ ਕਿਸੇ ਪਰੇਸ਼ਾਨੀ ਦੇ ਆਪਣਾ ਕੰਮ ਕਰ ਸਕਣ।
ਸਮਾਰਟਫੋਨ ਇੰਡਸਟਰੀ ਲਈ ਅੰਡਰ ਡਿਸਪਲੇਅ ਕੈਮਰਾ ਸੈਂਸਰ ਪ੍ਰਦਾਨ ਕਰਨ ਦੀ ਤਕਨਾਲੋਜੀ ਨਵੀਂ ਨਹੀਂ ਹੈ। ਸੈਮਸੰਗ ਅਤੇ ZTE ਵਰਗੇ ਐਂਡਰਾਇਡ ਸਮਾਰਟਫੋਨ ਨਿਰਮਾਤਾ ਪਹਿਲਾਂ ਹੀ ਅੰਡਰ ਡਿਸਪਲੇਅ ਕੈਮਰੇ ਵਾਲੇ ਡਿਵਾਈਸ ਲਾਂਚ ਕਰ ਚੁੱਕੇ ਹਨ ਪਰ, ਐਪਲ ਦੇ ਸਾਹਮਣੇ ਚੁਣੌਤੀ ਸਿਰਫ ਡਿਸਪਲੇਅ ਦੇ ਅੰਦਰ ਸੈਲਫੀ ਕੈਮਰਾ ਸੈਂਸਰ ਨੂੰ ਲੁਕਾਉਣਾ ਨਹੀਂ ਹੈ। ਐਪਲ ਆਪਣੇ ਡਿਵਾਈਸਾਂ ਵਿਚ ਫੇਸ ਆਈਡੀ ਦੀ ਵਰਤੋਂ ਕਰਦਾ ਹੈ। ਇਸ ਬਾਇਓਮੈਟ੍ਰਿਕ ਤਕਨੀਕ ਵਿਚ ਬਹੁਤ ਸਾਰੇ ਹਿੱਸੇ ਹਨ ਜਿਵੇਂ ਕਿ ਡੌਟ ਪ੍ਰੋਜੈਕਟਰ, ਫਲੂਇਡ ਇਲੂਮੀਨੇਟਰ ਅਤੇ IR ਕੈਮਰਾ। ਅੰਡਰ ਡਿਸਪਲੇਅ ਤਕਨਾਲੋਜੀ ਵਿਚ ਵਰਤੇ ਜਾਣ ਵਾਲੇ ਸੈਂਸਰ ਦਿਨ ਦੀ ਰੌਸ਼ਨੀ ਵਿਚ ਸਾਫ਼-ਸਾਫ਼ ਦੇਖੇ ਜਾ ਸਕਦੇ ਹਨ। ਅਜਿਹੀ ਸਥਿਤੀ ਵਿਚ, ਇਹ ਐਪਲ ਲਈ ਓਨਾ ਆਸਾਨ ਨਹੀਂ ਹੋਵੇਗਾ ਜਿੰਨਾ ਇਹ ਸੈਮਸੰਗ ਜਾਂ ZTE ਲਈ ਹੈ।
ਹਾਲਾਂਕਿ ਕੁਝ ਰਿਪੋਰਟਾਂ ਇਹ ਦਾਅਵਾ ਕਰ ਰਹੀਆਂ ਹਨ ਕਿ ਐਪਲ ਨੇ ਇਸਦਾ ਹੱਲ ਲੱਭ ਲਿਆ ਹੈ ਅਤੇ ਆਪਣੇ ਪ੍ਰੋਟੋਟਾਈਪ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਦੁਨੀਆ ਦੀ ਸਭ ਤੋਂ ਮਸ਼ਹੂਰ ਸਮਾਰਟਫੋਨ ਕੰਪਨੀ ਲੰਬੇ ਸਮੇਂ ਤੋਂ ਆਈਫੋਨ ਵਿਚ ਦਿੱਤੇ ਗਏ ਡਾਇਨਾਮਿਕ ਆਈਲੈਂਡ ਨੂੰ ਹਟਾਉਣਾ ਚਾਹੁੰਦੀ ਸੀ। ਐਪਲ ਦਾ ਫੁੱਲ ਡਿਸਪਲੇਅ ਅਨੁਭਵ ਪਹਿਲਾਂ ਆਈਫੋਨ 18 ਪ੍ਰੋ ਸੀਰੀਜ਼ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ, ਡਾਇਨਾਮਿਕ ਆਈਲੈਂਡ ਫਿਲਹਾਲ ਆਈਫੋਨ 18 ਲਾਈਨਅੱਪ ਵਿਚ ਮੌਜੂਦ ਰਹੇਗਾ।