ਟਾਟਾ ਮੋਟਰਜ਼ ਨੇ ਨੈਕਸਨ ਐੱਸ. ਯੂ. ਵੀ. ਦੇ ਕੁਝ ਡੀਜ਼ਲ ਮਾਡਲਾਂ ਨੂੰ ਬੰਦ ਕੀਤਾ
Wednesday, Jun 09, 2021 - 06:49 PM (IST)
ਨਵੀਂ ਦਿੱਲੀ- ਟਾਟਾ ਮੋਟਰਜ਼ ਨੇ ਨੈਕਸਨ ਐੱਸ. ਯੂ. ਵੀ. ਦੇ ਕੁਝ ਡੀਜ਼ਲ ਮਾਡਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਟਾਟਾ ਦੀ ਇਹ ਗੱਡੀ ਭਾਰਤੀ ਬਾਜ਼ਾਰ ਵਿਚ ਵਿਕਣ ਵਾਲੀ ਇਕ ਪ੍ਰਸਿੱਧ ਸਬ ਕੰਪੈਕਟ ਐੱਸ. ਯੂ. ਵੀ. ਹੈ। ਵੱਖ-ਵੱਖ ਰਿਪੋਰਟਾਂ ਮੁਤਾਬਕ, ਕੰਪਨੀ ਦਾ ਕਹਿਣਾ ਹੈ ਕਿ ਅਜਿਹਾ ਉਸ ਨੇ ਗਾਹਕਾਂ ਨੂੰ ਬਿਹਤਰ ਮਾਡਲ ਆਸਾਨੀ ਨਾਲ ਚੁਣਨ ਵਿਚ ਮਦਦ ਕਰਨ ਲਈ ਕੀਤਾ ਹੈ।
ਰਿਪੋਰਟਾਂ ਮੁਤਾਬਕ, ਟਾਟਾ ਮੋਟਰਜ਼ ਨੇ ਨੈਕਸਨ ਡੀਜ਼ਲ ਦੇ ਚਾਰ ਮਾਡਲਾਂ- ਐਕਸ. ਈ., ਐਕਸ. ਜ਼ੈੱਡ., ਐਕਸ. ਐੱਮ. ਐੱਮ. ਅਤੇ ਐਕਸ. ਜ਼ੈੱਡ. ਏ+ (ਐੱਸ) ਨੂੰ ਬੰਦ ਕਰ ਦਿੱਤਾ ਹੈ। ਇਹ ਮਾਡਲ ਹੁਣ ਸਿਰਫ਼ ਪੈਟਰੋਲ ਇੰਜਣ ਵਿਚ ਮਿਲਣਗੇ। ਰਿਪੋਰਟ ਦਾ ਕਹਿਣਾ ਹੈ ਕਿ ਡੀਲਰਾਂ ਨੇ ਵੀ ਇਨ੍ਹਾਂ ਮਾਡਲਾਂ ਦੇ ਆਰਡਰ ਲੈਣਾ ਬੰਦ ਕਰ ਦਿੱਤਾ ਹੈ।
ਹਾਲਾਂਕਿ, ਕੰਪਨੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਉਹ ਨੈਕਸਨ ਦੇ ਡੀਜ਼ਲ ਮਾਡਲਾਂ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰ ਰਹੀ ਹੈ। ਟਾਟਾ ਮੋਟਰਜ਼ ਨੇ ਹਾਲ ਹੀ ਵਿਚ ਨੈਕਸਨ ਵਿਚ ਥੋੜ੍ਹਾ ਨਵੀਨੀਕਰਨ ਕੀਤਾ ਸੀ। ਟਾਟਾ ਨੈਕਸਨ ਦੀਆਂ ਕੀਮਤਾਂ 7.19 ਲੱਖ ਰੁਪਏ ਤੋਂ ਸ਼ੁਰੂ ਹੁੰਦੀਆਂ ਹਨ ਅਤੇ ਟਾਪ ਮਾਡਲ ਲਈ 12.95 ਲੱਖ ਰੁਪਏ ਤੱਕ ਜਾਂਦੀਆਂ ਹਨ। ਗੌਰਤਲਬ ਹੈ ਕਿ ਟਾਟਾ ਮੋਟਰਜ਼ ਨੇ ਹਾਲ ਹੀ ਵਿਚ ਨਵੀਂ ਸਫਾਰੀ ਵੀ ਭਾਰਤ ਵਿਚ ਲਾਂਚ ਕੀਤੀ ਸੀ ਅਤੇ ਹਾਲ ਹੀ ਵਿਚ ਇਸ ਦੀਆਂ ਕੀਮਤਾਂ ਵੀ ਵਧਾਈਆਂ ਗਈਆਂ ਸਨ। ਉੱਥੇ ਹੀ, ਤਾਲਾਬੰਦੀ ਖੁੱਲ੍ਹਦੇ ਹੀ ਆਟੋ ਕੰਪਨੀਆਂ ਕਈ ਵਾਹਨ ਲਾਂਚ ਕਰਨ ਦੀ ਤਿਆਰੀ ਵਿਚ ਵੀ ਹਨ। ਮਹਾਮਾਰੀ ਕਾਰਨ ਵੱਖ-ਵੱਖ ਸੂਬਿਆਂ ਵਿਚ ਪਾਬੰਦੀਆਂ ਦੇ ਮੱਦੇਨਜ਼ਰ ਮਈ ਵਿਚ ਕਾਰ ਕੰਪਨੀਆਂ ਦੀ ਵਿਕਰੀ ਵਿਚ ਗਿਰਾਵਟ ਰਹੀ ਹੈ। ਇਸ ਤੋਂ ਉਭਰਨ ਲਈ ਕੰਪਨੀਆਂ ਨੂੰ ਸਮਾਂ ਲੱਗ ਸਕਦਾ ਹੈ।