Triumph ਦੇ ਇਸ ਧਾਂਸੂ ਮੋਟਰਸਾਈਕਲ ਦੀ ਭਾਰਤ 'ਚ ਸ਼ੁਰੂ ਹੋਈ ਪ੍ਰੀ-ਬੁਕਿੰਗ
Tuesday, Jun 08, 2021 - 11:08 AM (IST)
ਨਵੀਂ ਦਿੱਲੀ- ਟਰਾਇੰਫ ਸਪੀਡ ਟਵਿਨ 2021 ਦੀ ਭਾਰਤ ਵਿਚ ਪ੍ਰੀ-ਬੁਕਿੰਗ ਸ਼ੁਰੂ ਹੋ ਗਈ ਹੈ। ਗਾਹਕ ਇਸ ਨੂੰ 50,000 ਰੁਪਏ ਦੀ ਟੋਕਨ ਰਾਸ਼ੀ ਦੇ ਨਾਲ ਪ੍ਰੀ-ਬੁੱਕ ਕਰ ਸਕਦੇ ਹਨ। ਕੰਪਨੀ ਨੇ ਹਾਲ ਹੀ ਵਿਚ ਟਰਾਇੰਫ ਸਪੀਟ ਟਵਿਨ ਨੂੰ ਆਪਣੀ ਭਾਰਤੀ ਵੈੱਬਸਾਈਟ 'ਤੇ ਲਿਸਟ ਕੀਤਾ ਸੀ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਨੂੰ ਇਕ ਜਾਂ ਦੋ ਮਹੀਨਿਆਂ ਵਿਚ ਭਾਰਤ ਵਿਚ ਲਾਂਚ ਕਰ ਸਕਦੀ ਹੈ। ਵਿਦੇਸ਼ੀ ਬਾਜ਼ਾਰ ਵਿਚ ਇਹ ਫਲੈਗਸ਼ਿਪ ਬਾਈਕ ਪਹਿਲਾਂ ਹੀ ਪੇਸ਼ ਹੋ ਚੁੱਕੀ ਹੈ।
ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ 10 ਲੱਖ ਰੁਪਏ ਦੀ ਕੀਮਤ 'ਤੇ ਭਾਰਤੀ ਬਾਜ਼ਾਰ ਵਿਚ ਲਾਂਚ ਕਰ ਸਕਦੀ ਹੈ। 2021 ਟਰਾਇੰਫ ਸਪੀਡ ਟਵਿਨ ਦੇ ਇੰਜਣ ਨੂੰ ਹਲਕਾ ਟਿਊਨ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਸਪੈਂਸ਼ਨ ਫੀਚਰ ਨੂੰ ਅਪਡੇਟ ਕੀਤਾ ਗਿਆ ਹੈ। ਇਸ ਦੇ ਨਾਲ ਹੀ, ਇਸ ਵਿਚ ਬਹੁਤ ਸਾਰੀਆਂ ਨਵੀਆਂ ਵਿਸ਼ੇਸ਼ਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਇਹ ਬਾਈਕ ਤਿੰਨ ਰੰਗਾਂ ਵਿਚ ਉਪਲੱਬਧ ਹੋਵੇਗੀ। ਇਸ ਦਾ ਇੰਜਣ 7,250 ਆਰ. ਪੀ. ਐੱਮ. 'ਤੇ 99 ਬੀ. ਐੱਚ. ਪੀ. ਦੀ ਵੱਧ ਤੋਂ ਵੱਧ ਪਾਵਰ ਅਤੇ 4,250 ਆਰ. ਪੀ. ਐੱਮ. 'ਤੇ 112 ਐੱਨ. ਐੱਮ. ਦਾ ਪੀਕ ਟਾਰਕ ਪੈਦਾ ਕਰ ਸਕਦਾ ਹ। ਇਸ ਵਿਚ ਪੈਟਰੋਲ ਟੈਂਕ ਦੀ ਸਮਰੱਥਾ 14.5 ਲਿਟਰ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਪਿਛਲੇ ਮਹੀਨੇ 2021 ਟਰਾਇੰਫ ਬੋਨੇਵਿਲੇ ਬੋਬਰ ਨੂੰ ਭਾਰਤ ਵਿਚ ਲਾਂਚ ਕੀਤਾ ਸੀ। ਇਸ ਨੂੰ 11,75,000 ਰੁਪਏ ਦੀ ਐਕਸ-ਸ਼ੋਅਰੂਮ ਕੀਮਤ 'ਤੇ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਗਿਆ।