ਹੁਣ ਸਾਰੇ ਸਮਾਰਟਫੋਨਾਂ ''ਚ ਹੋਵੇਗਾ ਟਾਈਪ-ਸੀ ਪੋਰਟ, ਭਾਰਤ ''ਚ ਜਲਦ ਲਾਗੂ ਹੋਵੇਗਾ ਕਾਨੂੰਨ
Thursday, Jun 27, 2024 - 06:29 PM (IST)
ਗੈਜੇਟ ਡੈਸਕ- ਯੂਰਪੀ ਯੂਨੀਅਨ ਦੀ ਤਰ੍ਹਾਂ ਹੀ ਭਾਰਤ 'ਚ ਵੀ ਹੁਣ ਹਰ ਤਰ੍ਹਾਂ ਦੇ ਡਿਵਾਈਸ ਲਈ ਇਕ ਹੀ ਤਰ੍ਹਾਂ ਦੇ ਚਾਰਜਰ ਦਾ ਇਸਤੇਮਾਲ ਹੋਵੇਗਾ। ਯੂਰਪੀ ਯੂਨੀਅਨ 'ਚ ਸਾਲ 2022 'ਚ ਇਹ ਕਾਨੂੰਨ ਲਾਗੂ ਹੋਇਆ ਸੀ। ਹੁਣ ਭਾਰਤ ਸਰਕਾਰ ਵੀ ਇਸ ਤਰ੍ਹਾਂ ਦੇ ਕਾਨੂੰਨ ਨੂੰ ਲਾਗੂ ਕਰਨ ਦੀ ਤਿਆਰੀ ਕਰ ਰਹੀ ਹੈ। ਰਿਪੋਰਟ ਮੁਤਾਬਕ, ਸਾਲ 2025 ਤੋਂ ਭਾਰਤ 'ਚ ਵਿਕਣ ਵਾਲੇ ਸਾਰੇ ਮੋਬਾਇਲ ਅਤੇ ਟੈਬਲੇਟ 'ਚ ਇਕ ਕਾਮਨ ਚਾਰਜਰ ਦਾ ਇਸਤੇਮਾਲ ਹੋਵੇਗਾ ਜੋ ਕਿ ਯੂ.ਐੱਸ.ਬੀ. ਟਾਈਪ-ਸੀ ਹੋਵੇਗਾ।
ਕਿਹਾ ਜਾ ਰਿਹਾਹੈ ਕਿ ਇਹ ਕਾਨੂੰਨ ਜੂਨ 2025 ਤੋਂ ਲਾਗੂ ਹੋ ਜਾਵੇਗਾ। ਖਬਰ ਇਹ ਵੀ ਹੈ ਕਿ ਦੇਸ਼ 'ਚ ਵਿਕਣ ਵਾਲੇ ਸਾਰੇ ਲੈਪਟਾਪ 'ਚ ਵੀ ਟਾਈਪ-ਸੀ ਪੋਰਟ ਹੀ ਮਿਲੇਗਾ। ਇਹ ਕਾਨੂੰਨ ਫੋਨ, ਆਡੀਓ ਪ੍ਰੋਡਕਟ ਅਤੇ ਵਿਅਰੇਬਲ ਪ੍ਰੋਡਕਟਸ 'ਤੇ ਲਾਗੂ ਹੋਵੇਗਾ।
ਰਿਪੋਰਟ ਮੁਤਾਬਕ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ (MeitY) ਜਲਦੀ ਹੀ ਗੈਜੇਟ ਕੰਪਨੀਆਂ ਦੇ ਨਾਲ ਇਸ ਮੁੱਦੇ 'ਤੇ ਇਕ ਆਖਰੀ ਗੱਲ ਕਰਨ ਵਾਲਾ ਹੈ। ਇਹ ਨਿਯਮ ਲੈਪਟਾਪ 'ਤੇ ਵੀ ਲਾਗੂ ਹੋਵੇਗਾ ਪਰ ਲੈਪਟਾਪ ਲਈ ਇਸ ਨੂੰ ਸਾਲ 2026 'ਚ ਲਾਗੂ ਕੀਤਾ ਜਾਵੇਗਾ।
ਇਸ ਕਾਨੂੰਨ ਨੂੰ ਲਾਗੂ ਕਰਨ ਦੇ ਪਿੱਛੇ ਦਾ ਵੱਡਾ ਕਾਰਨ ਇਲੈਕਟ੍ਰੋਨਿਕ ਕੂੜੇ ਨੂੰ ਘੱਟ ਕਰਨਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਵੀ ਸਹੂਲਤ ਹੋਵੇਗੀ। ਉਸ ਨੂੰ ਵੱਖ-ਵੱਖ ਚਾਰਜਰ ਖਰੀਦਣ ਦੀ ਲੋੜ ਨਹੀਂ ਹੋਵੇਗੀ।
ਪਿਛਲੇ ਦੋ ਸਾਲਾਂ ਤੋਂ ਐਪਲ ਅਤੇ ਸੈਮਸੰਗ ਵਰਗੀਆਂ ਕੰਪਨੀਆਂ ਨੇ ਫੋਨ ਦੇ ਨਾਲ ਐਡਾਪਟਰ ਦੇਣਾ ਹੀ ਬੰਦ ਕਰ ਦਿੱਤਾ ਹੈ। ਅਜਿਹੇ 'ਚ ਯੂਜ਼ਰਜ਼ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਟਾਈਪ-ਸੀ 'ਤੇ ਇਸ ਲਈ ਵੀ ਵਿਚਾਰ ਹੋ ਰਿਹਾ ਹੈ ਕਿਉਂਕਿ ਤਮਾਮ ਕੰਪਨੀਆਂ ਆਪਣੇ ਲੈਪਟਾਪ ਅਤੇ ਮੋਬਾਇਲ ਦੇ ਨਾਲ ਇਹੀ ਪੋਰਟ ਦੇ ਰਹੀਆਂ ਹਨ। ਐਪਲ ਨੇ ਵੀ ਆਈਫੋਨ ਦੇ ਨਾਲ ਟਾਈਪ-ਸੀ ਪੋਰਟ ਦੇਣਾ ਸ਼ੁਰੂ ਕਰ ਦਿੱਤਾ ਹੈ।