ਸੈਮਸੰਗ ਲਿਆ ਰਹੀ ਅਨੋਖਾ ਫੋਨ, ਦੋ ਵਾਰ ਮੁੜ ਜਾਵੇਗੀ ਸਕਰੀਨ

11/20/2020 5:57:07 PM

ਗੈਜੇਟ ਡੈਸਕ– ਸਾਊਥ ਕੋਰੀਆ ਦੀ ਸਮਾਰਟਫੋਨ ਕੰਪਨੀ ਸੈਮਸੰਗ ਲੰਬੇ ਸਮੇਂ ਤੋਂ ਅੰਡਰ-ਸਕਰੀਨ ਤਕਨੀਕ ’ਤੇ ਕੰਮ ਕਰ ਰਹੀ ਹੈ ਅਤੇ ਅਗਲੇ ਸਾਲ ਇਸ ਦੇ ਨਾਲ ਨਵਾਂ ਫੋਨ ਲਿਆ ਸਕਦੀ ਹੈ। ਹੁਣ ਸਾਹਮਣੇ ਆਇਆ ਹੈ ਕਿ ਪਹਿਲੀ ਵਾਰ ਇਹ ਤਕਨੀਕ Samsung Galaxy Z Fold3 ’ਚ ਵੇਖਣ ਨੂੰ ਮਿਲ ਸਕਦੀ ਹੈ। ਸਾਊਥ ਕੋਰੀਅਨ ਪਬਲੀਕੇਸ਼ਨ ਵਲੋਂ ਸ਼ੇਅਰ ਕੀਤੀਆਂ ਗਈਆਂ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸੈਮਸੰਗ ਦੀ ਡਿਸਪਲੇਅ ਟੀਮ ਨੇ ਅਜਿਹੀ ਡਿਸਪਲੇਅ ਤਿਆਰ ਕਰ ਲਈ ਹੈ, ਜੋ ਅੰਡਰ ਡਿਸਪਲੇਅ ਕੈਮਰਾ ਨੂੰ ਸੁਪੋਰਟ ਕਰਦੀ ਹੈ। 

ਰਿਪੋਰਟਾਂ ’ਚ ਇਕ ਇੰਡਸਟਰੀ ਇਨਸਾਈਡਰ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਸੈਮਸੰਗ ਆਪਣੇ ਫੋਲਡੇਬਲ ਡਿਵਾਈਸ ’ਚ ਇਹ ਇਨੋਵੇਸ਼ਨ ਕਰ ਸਕਦੀ ਹੈ। ਪਹਿਲਾਂ ਹੀ ਸਾਫ ਹੋ ਚੁੱਕਾ ਹੈ ਕਿ ਕੰਪਨੀ ਦੀ ਫਲੈਗਸ਼ਿਪ ਗਲੈਕਸੀ ਐੱਸ21 ਸੀਰੀਜ਼ ’ਚ ਡਿਸਪਲੇਅ ਦੇ ਅੰਦਰ ਕੈਮਰਾ ਨਹੀਂ ਮਿਲੇਗਾ ਅਤੇ ਮੌਜੂਦਾ ਡਿਵਾਈਸਿਜ਼ ਦੀ ਤਰ੍ਹਾਂ ਪੰਚ ਹੋਲ ਵੇਖਣ ਨੂੰ ਮਿਲ ਸਕਦਾ ਹੈ। ਡਿਸਪਲੇਅ ਦੇ ਆਰਪਾਰ ਲਾਈਟ ਜਾ ਸਕੇ ਇਸ ਲਈ ਸੈਮਸੰਗ ਨੇ ਪਿਕਸਲਸ ਦੇ ਵਿਚਕਾਰ ਦੇ ਗੈਪ ਨੂੰ ਵਧਾ ਦਿੱਤਾ ਹੈ। OLED ਡਿਸਪਲੇਅ ਲੇਅਰ ਨਾਲ ਲਾਈਟ ਰਿਫਲੈਕਟ ਹੁੰਦੀ ਹੈ ਇਸ ਲਈ ਇਮੇਜ ਕਰੈਕਸ਼ਨ ਲਈ ਇਕ ਖ਼ਾਸ ਐਲਗੋਰਿਦਮ ਦੀ ਲੋੜ ਪੈਂਦੀ ਹੈ। 

2021 ਦੇ ਅਖੀਰ ’ਚ ਹੋਵੇਗਾ ਲਾਂਚ
ਸੈਮਸੰਗ LSI ਵਲੋਂ ਇਸ ਲਈ ਖ਼ਾਸ ਕੈਮਰਾ ਮਡਿਊਲ ਤਿਆਰ ਕੀਤਾ ਜਾਵੇਗਾ। ਸਿਰਫ ਕੈਮਰਾ ਲੈੱਨਜ਼ ਦੇ ਉਪਰ ਵਾਲੀ ਡਿਸਲੇਅ ਦੇ ਪਿਕਸਲਸ ’ਚ ਇਹ ਵਾਈਡ-ਗੈਪ ਵੇਖਣ ਨੂੰ ਮਿਲੇਗਾ। ਹੁਣ ਤਕ ਸਿਰਫ ZTE Axon 20 5G ’ਚ ਆਨ-ਸਕਰੀਨ ਕੈਮਰਾ ਤਕਨੀਕ ਵੇਖਣ ਨੂੰ ਮਿਲੀ ਸੀ। ਸੈਮਸੰਗ ਵੀ ਕੁਝ ਬਦਲਾਵਾਂ ਨਾਲ ਮੌਜੂਦਾ ਤਕਨੀਕ ਦਾ ਇਸਤੇਮਾਲ ਵੀ ਆਪਣੇ ਫੋਲਡੇਬਲ ਡਿਵਾਈਸ ’ਚ ਕਰ ਸਕਦੀ ਹੈ। Galaxy Z Fold3 ਦੇ 2021 ਦੀ ਤੀਜੀ ਤਿਮਾਹੀ ’ਚ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। 

ਦੋ ਵਾਰ ਫੋਲਡ ਹੋ ਜਾਵੇਗਾ ਫੋਨ
ਸੈਮਸੰਗ ਵਲੋਂ ਕਈ ਫੋਲਡੇਬਲ ਡਿਵਾਈਸਿਜ਼ ਲਾਂਚ ਕੀਤੇ ਜਾ ਚੁੱਕੇ ਹਨ ਅਤੇ ਅਗਲੇ ਫੋਲਡੇਬਲ ਡਿਵਾਈਸ ਨੂੰ ਸੈਮਸੰਗ ਫਲੈਗਸ਼ਿਪ ਸਪੈਸੀਫਿਕੇਸ਼ੰਸ ਅਤੇ ਹਾਰਡਵੇਅਰ ਨਾਲ ਲਿਆਏਗੀ। ਹਾਲ ਹੀ ’ਚ ਸਾਹਮਣੇ ਆਇਆ ਸੀ ਕਿ ਸੈਮਸੰਗ ਦੋ ਵਾਰ ਫੋਲਡ ਹੋਣਵਾਲਾ ਸਮਾਰਟਫੋਨ ਤਿਆਰ ਕਰ ਰਹੀ ਹੈ, ਜਿਸ ਵਿਚ ਸਲਾਈਡਿੰਗ ਕੀਬੋਰਡ ਵੀ ਦਿੱਤਾ ਜਾਵੇਗਾ। Z Fold3 ’ਚ ਕੰਪਨੀ ਡਿਊਲ-ਹਿੰਜ ਮਕੈਨਿਜ਼ਮ ਅਤੇ ਤਿੰਨ ਸਕਰੀਨ ਪਾਰਟਸ ਦੇ ਸਕਦੀ ਹੈ। ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜੇਬ ’ਚ ਰੱਖਣ ਲਾਇਕ ਪਤਲਾ ਡਿਵਾਈਸ ਯੂਜ਼ਰਸ ਕੋਲ ਹੋਵੇਗਾ। 


Rakesh

Content Editor

Related News