GALAXY NOTE 7 ਵਿਚ ਆਈ ਇਸ ਸਮੱਸਿਆ ਤੋਂ ਬਾਅਦ ਕੰਪਨੀ ਨੇ ਲਿਆ ਵੱਡਾ ਫੈਸਲਾ
Saturday, Sep 03, 2016 - 10:18 AM (IST)

ਸਿਓਲ/ਜਲੰਧਰ : ਸੈਮਸੰਗ ਨੇ 2 ਅਗਸਤ ਨੂੰ ਨਿਊਯਾਰਕ ਵਿਚ ਹੋਏ ਇਕ ਈਵੈਂਟ ਦੌਰਾਨ ਗਲੈਕਸੀ ਨੋਟ 7 ਨੂੰ ਲਾਂਚ ਕੀਤਾ ਸੀ, ਜਿਸ ਦੀ ਵਿਕਰੀ 19 ਅਗਸਤ ਤੋਂ ਸ਼ੁਰੂ ਹੋਈ ਸੀ। ਸਮਾਰਟਫੋਨ ਬਣਾਉਣ ਵਾਲੀ ਦਿੱਗਜ ਕੰਪਨੀ ਸੈਮਸੰਗ ਨੇ ਗਲੈਕਸੀ ਨੋਟ 7 ਵਿਚ ਬੈਟਰੀ ਦੀ ਸਮੱਸਿਆ ਦੇ ਮੱਦੇਨਜ਼ਰ ਫਿਲਹਾਲ ਇਸ ਦੀ ਵਿਕਰੀ ''ਤੇ ਰੋਕ ਲਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਨੋਟ 7 ਵਿਚ ਆਈ ਸਮੱਸਿਆ ਤੋਂ ਬਾਅਦ ਭਾਰਤ ਵਿਚ ਇਸ ਦੀ ਪ੍ਰਾਪਤੀ ''ਚ ਦੇਰੀ ਹੋ ਸਕਦੀ ਹੈ।
ਹੈਂਡਸੈੱਟਸ ''ਚ ਅੱਗ ਲੱਗਣ ਤੋਂ ਬਾਅਦ ਲਾਈ ਵਿਕਰੀ ''ਤੇ ਰੋਕ
ਨੋਟ 7 ਦੇ ਲਾਂਚ ਤੋਂ ਬਾਅਦ ਤੋਂ ਹੀ ਇਸ ਦੀ ਬੈਟਰੀ ਵਿਚ ਸਮੱਸਿਆ ਦੀਆਂ ਖਬਰਾਂ ਸਾਹਮਣੇ ਆਉਣ ਲੱਗੀਆਂ ਸਨ। ਰਿਪੋਰਟਸ ''ਚ ਕਿਹਾ ਗਿਆ ਹੈ ਕਿ ਚਾਰਜਿੰਗ ਦੌਰਾਨ ਨੋਟ 7 ਅੱਗ ਫੜ ਰਿਹਾ ਹੈ ਅਤੇ ਕੁਝ ਯੂਜ਼ਰਜ਼ ਨੇ ਇਸ ਦੀ ਸ਼ਿਕਾਇਤ ਵੀ ਕੀਤੀ ਸੀ। ਫੋਨ ਦੇ ਫੀਚਰਸ ਨੂੰ ਲੈ ਕੇ ਆਲੋਚਕਾਂ ਦੀਆਂ ਹਾਂ-ਪੱਖੀ ਟਿੱਪਣੀਆਂ ਮਿਲੀ ਸਨ ਪਰ ਗਾਹਕ ਲਗਾਤਾਰ ਆਨਲਾਈਨ ਸ਼ਿਕਾਇਤ ਕਰ ਰਹੇ ਸਨ ਕਿ ਫੋਨ ਨੂੰ ਚਾਰਜ ਕਰਦੇ ਸਮੇਂ ਉਨ੍ਹਾਂ ਦੇ ਫੋਨ ਵਿਚ ਅੱਗ ਲੱਗ ਗਈ। ਇਸ ਸਮੱਸਿਆ ਤੋਂ ਬਾਅਦ ਕੰਪਨੀ ਨੇ ਵਿਕਰੀ ''ਤੇ ਰੋਕ ਲਾਉਣ ਦਾ ਫੈਸਲਾ ਲਿਆ ਹੈ।
ਕਮੀ ਬਾਰੇ ਨਹੀਂ ਮਿਲੀ ਜਾਣਕਾਰੀ
ਸੈਮਸੰਗ ਨੇ ਬੁੱਧਵਾਰ ਕਿਹਾ ਸੀ ਕਿ ਦੱਖਣੀ ਕੋਰੀਆ ਦੇ ਟਾਪ 3 ਕੈਰੀਅਰਾਂ (ਨੈੱਟਵਰਕ ਵਾਹਕਾਂ) ਨੂੰ ਇਸ ਸਮਾਰਟਫੋਨ ਦੀ ਸਪਲਾਈ ਬੰਦ ਕਰ ਦਿੱਤੀ ਹੈ। ਨਾਲ ਹੀ ਗੁਣਵੱਤਾ ਦੀ ਜਾਂਚ ਵਧਾਉਣ ਕਾਰਨ ਮਾਲ ਬਾਜ਼ਾਰ ''ਚ ਭੇਜਣ ਵਿਚ ਵੀ ਦੇਰੀ ਹੋ ਰਹੀ ਹੈ। ਫਿਲਹਾਲ ਇਹ ਨਹੀਂ ਦੱਸਿਆ ਗਿਆ ਹੈ ਕਿ ਫੋਨ ''ਚ ਕੀ ਕਮੀ ਹੈ।
ਮਾਹਿਰਾਂ ਦੀ ਰਾਏ
ਵਿਕਰੀ ਵਧਾਉਣ ਲਈ ਸੈਮਸੰਗ ਦੀਆਂ ਆਸਾਂ ਨੋਟ 7 ''ਤੇ ਟਿਕੀਆਂ ਹੋਈਆਂ ਸਨ ਤੇ ਇਕ ਰਿਪੋਰਟ ਮੁਤਾਬਕ ਨੋਟ 7 ਨੇ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਦੂਜੇ ਪਾਸੇ ਮਾਹਿਰਾਂ ਦੀ ਮੰਨੀਏ ਤਾਂ ਕੰਪਨੀ ਇਸ ਸਮੱਸਿਆ ਦਾ ਹੱਲ ਛੇਤੀ ਲੱਭ ਲਵੇਗੀ ਪਰ ਇਸ ਨਾਲ ਮੋਬਾਇਲ ਬਾਜ਼ਾਰ ''ਚ ਉਸ ਦੀ ਵਾਪਸੀ ਨੂੰ ਧੱਕਾ ਲੱਗ ਸਕਦਾ ਹੈ।
ਗਾਹਕਾਂ ਨੂੰ ਮਿਲੇਗਾ ਨਵਾਂ ਨੋਟ 7
ਕੰਪਨੀ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਵੇਚੇ ਜਾ ਚੁੱਕੇ ਹੈਂਡਸੈੱਟਸ ਦੀ ਥਾਂ ਨਵੇਂ ਹੈਂਡਸੈੱਟਸ ਤਿਆਰ ਕਰਨ ''ਚ 2 ਹਫ਼ਤਿਆਂ ਦਾ ਸਮਾਂ ਲੱਗੇਗਾ। ਫਿਲਹਾਲ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਨਵੀਂ ਵਿਕਰੀ ਫਿਰ ਕਦੋਂ ਸ਼ੁਰੂ ਕੀਤੀ ਜਾਵੇਗੀ ਪਰ ਵੇਚੇ ਜਾ ਚੁੱਕੇ ਗਲੈਕਸੀ ਨੋਟ 7 ਦੀ ਥਾਂ ''ਤੇ ਉਹ ਗਾਹਕਾਂ ਨੂੰ ਨਵਾਂ ਫੋਨ ਦੇਵੇਗੀ।