ਖ਼ੁਸ਼ਖ਼ਬਰੀ! ਸਰਕਾਰ ਦੇ ਫ਼ੈਸਲੇ ਨਾਲ 28,000 ਰੁ: ਸਸਤੀ ਹੋਈ ਇਹ ਬਾਈਕ

06/17/2021 10:29:47 PM

ਨਵੀਂ ਦਿੱਲੀ- ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ ਲਈ ਸਬਸਿਡੀ ਵਧਾਏ ਜਾਣ ਪਿੱਛੋਂ ਹੁਣ ਰਿਵੋਲਟ ਮੋਟਰ ਨੇ ਵੀ ਕੀਮਤਾਂ ਵਿਚ ਭਾਰੀ ਕਟੌਤੀ ਕਰ ਦਿੱਤੀ ਹੈ।  ਇਲੈਕਟ੍ਰਿਕ ਵਾਹਨ ਨਿਰਮਾਤਾ ਰਿਵੋਲਟ ਮੋਟਰ ਨੇ ਆਪਣੀ ਇਲੈਕਟ੍ਰਿਕ ਬਾਈਕ ਆਰ. ਵੀ.-400 ਦੀ ਕੀਮਤ 28,201 ਰੁਪਏ ਘਟਾ ਕੇ 90,799 ਰੁਪਏ ਕਰ ਦਿੱਤੀ ਹੈ। 

ਦਿੱਲੀ ਵਿਚ ਪਹਿਲਾਂ ਇਸ ਬਾਈਕ ਦੀ ਕੀਮਤ 1,19,000 ਰੁਪਏ ਸੀ। ਰਿਵੋਲਟ ਮੋਟਰ ਨੇ ਕਿਹਾ ਕਿ 3 ਕਿਲੋਵਾਟ ਦੀ ਮੋਟਰ ਨਾਲ ਲੈੱਸ ਆਰ. ਵੀ.-400 ਵਿਚ 72 ਵਾਟ ਦੀ 3.24 ਕਿਲੋਵਾਟ ਲਿਥੀਅਮ ਆਇਨ ਬੈਟਰੀ ਦਿੱਤੀ ਗਈ ਹੈ। ਇਸ ਬਾਈਕ ਲਈ ਹੁਣ ਪਹਿਲਾਂ ਨਾਲੋਂ ਘੱਟ ਕੀਮਤ ਚੁਕਾਉਣੀ ਪਵੇਗੀ।

ਇਹ ਬਾਈਕ 85 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਦੀ ਹੈ। ਬਾਈਕ ਵਿਚ ਚਾਲਕ ਦੀ ਸਹੂਲਤ ਲਈ ਤਿੰਨ ਵੱਖ-ਵੱਖ ਰਾਈਡਿੰਗ ਬਦਲ ਈਕੋ, ਜਨਰਲ ਤੇ ਸਪੋਰਟ ਫੀਚਰ ਵੀ ਹਨ। ਗੌਰਤਲਬ ਹੈ ਕਿ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਤ ਕਰਨ ਲਈ ਬਣੀ ਮੌਜੂਦਾ ਫੇਮ-2 ਸਕੀਮ ਤਹਿਤ ਇਲੈਕਟ੍ਰਿਕ ਟੂ-ਵ੍ਹੀਲਰਜ਼ ਲਈ ਸਬਸਿਡੀ ਪ੍ਰਤੀ ਕਿਲੋਵਾਟ ਘੰਟਾ 10,000 ਰੁਪਏ ਤੋਂ ਵਧਾ ਕੇ 15,000 ਰੁਪਏ ਕਰ ਦਿੱਤੀ ਹੈ। ਇਹ ਵੱਧ ਤੋਂ ਵੱਧ ਵਾਹਨ ਲਾਗਤ ਦੇ 40 ਫ਼ੀਸਦੀ ਤੱਕ ਲਈ ਹੈ। ਸਰਕਾਰ ਦੇ ਇਸ ਕਦਮ ਨਾਲ ਇਲੈਕਟ੍ਰਿਕ ਦੋਪਹੀਆ ਵਾਹਨ ਸਸਤੇ ਹੋ ਰਹੇ ਹਨ। ਇਸ ਤੋਂ ਪਹਿਲਾਂ ਟੀ. ਵੀ. ਐੱਸ. ਮੋਟਰ ਆਪਣੇ ਸਕੂਟਰ ਆਈ. ਕਿਊਬ ਦੀ ਕੀਮਤ 11,250 ਰੁਪਏ ਅਤੇ ਓਕੀਨਾਵਾ ਨੇ ਆਪਣੇ ਸਾਰੇ ਇਲੈਕਟ੍ਰਿਕ ਵਾਹਨਾਂ ਦੀ ਕੀਮਤ 7,209 ਤੋਂ ਲੈ ਕੇ 17,892 ਰੁਪਏ ਤੱਕ ਘਟਾ ਦਿੱਤੀ ਹੈ।


Sanjeev

Content Editor

Related News