''ਗੂਗਲ'' ਨੇ ਉਪਗ੍ਰਹਿ ਤੋਂ ਲਈਆਂ ਤਸਵੀਰਾਂ ਲਈ ''ਪਲੈਨੇਟ ਲੈਬ'' ਨਾਲ ਕੀਤਾ ਸੌਦਾ

02/05/2017 12:03:53 PM

ਜਲੰਧਰ- ਦੁਨੀਆ ਦੇ ਸਭ ਤੋਂ ਵੱਡੇ ਸਰਚ ਇੰਜਣ ਗੂਗਲ ਨੇ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਦਾ ਕਾਰੋਬਾਰ ਕਰਨ ਵਾਲੀ ਇਕਾਈ ''ਟੇਰਾ ਬੇਲਾ'' ਦਾ ਸੌਦਾ ਨਾਸਾ ਦੇ ਸਾਬਕਾ ਵਿਗਿਆਨੀਆਂ ਵੱਲੋਂ ਸਥਾਪਤ ''ਪਲੈਨੇਟ ਲੈਬ'' ਦੇ ਨਾਲ ਕਰ ਲਿਆ ਹੈ।

ਗੂਗਲ ਨੇ ਸਾਲ 2014 ''ਚ ਟੇਰਾ ਬੇਲਾ ਦੀ 50 ਕਰੋੜ ਡਾਲਰ ''ਚ ਐਕਵਾਇਰਮੈਂਟ ਕੀਤੀ ਸੀ। ਉਸ ਵੇਲੇ ਟੇਰਾ ਬੇਲਾ ਨੂੰ ਸਕਾਈਬਾਕਸ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਨਿੱਜੀ ਉਪਗ੍ਰਹਿ ਸੰਚਾਲਕ ਸਟਾਰਟਅਪ ਕੰਪਨੀ ਪਲੈਨੇਟ ਲੈਬ ਦੇ ਨਾਲ ਗੂਗਲ ਨੇ ਇਹ ਸੌਦਾ ਕਿੰਨੇ ''ਚ ਕੀਤਾ ਹੈ, ਇਸ ਦੀ ਜਾਣਕਾਰੀ ਨਹੀਂ ਦਿੱਤੀ ਹੈ।

 

ਇਸ ਸੌਦੇ ਤਹਿਤ ਪਲੈਨੇਟ ਲੈਬ ਨੂੰ ਸਕਾਈਸੈੱਟ ਵੀ ਮਿਲੇਗਾ। ਗੂਗਲ ਇਸ ਤੋਂ ਬਾਅਦ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਅਤੇ ਅੰਕੜਿਆਂ ਨੂੰ ਪਲੈਨੇਟ ਲੈਬ ਤੋਂ ਖਰੀਦੇਗਾ। ਸਕਾਈਸੈੱਟ ਦੇ ਵੀਡੀਓ ਅਤੇ ਤਸਵੀਰਾਂ ਹਾਈ ਰੈਜ਼ੋਲਿਊਸ਼ਨ ਦੀਆਂ ਹੁੰਦੀਆਂ ਹਨ। ਟੇਰਾ ਬੇਲਾ ਦੇ ਮੁਤਾਬਕ ਉਸ ਦੇ ਉਪਗ੍ਰਹਿ ਪ੍ਰਤੀ ਸੈਕਿੰਡ 30 ਫਰੇਮ ਦੀ ਰਫ਼ਤਾਰ ਨਾਲ 90 ਸੈਕਿੰਡ ਤੱਕ ਦੇ ਵੀਡੀਓ ਕਲਿਪ ਨੂੰ ਕੈਪਚਰ ਕਰ ਸਕਦੇ ਹਨ।


Related News