ਇੰਡੋਨੇਸ਼ੀਆ-ਮਲੇਸ਼ੀਆ ਤੋਂ ਬਾਅਦ ਹੁਣ ਇਸ ਦੇਸ਼ ਨੇ ਲਾਇਆ Grok 'ਤੇ ਲਾਇਆ ਬੈਨ, ਜਾਣੋ ਵਜ੍ਹਾ
Saturday, Jan 17, 2026 - 07:35 PM (IST)
ਗੈਜੇਟ ਡੈਸਕ- ਐਲਨ ਮਸਕ ਦੇ AI ਚੈਟਬੋਟ 'Grok' ਨੂੰ ਲੈ ਕੇ ਦੁਨੀਆ ਭਰ ਵਿੱਚ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਇੰਡੋਨੇਸ਼ੀਆ ਅਤੇ ਮਲੇਸ਼ੀਆ ਤੋਂ ਬਾਅਦ ਹੁਣ ਫਿਲੀਪੀਨਜ਼ ਸਰਕਾਰ ਨੇ ਵੀ ਗ੍ਰੋਕ (Grok) ਦੀ ਵੈੱਬਸਾਈਟ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਸਖ਼ਤ ਕਦਮ AI ਰਾਹੀਂ ਬਣਾਏ ਜਾ ਰਹੇ ਅਸ਼ਲੀਲ ਅਤੇ ਫਰਜ਼ੀ ਕੰਟੈਂਟ ਨੂੰ ਰੋਕਣ ਲਈ ਚੁੱਕਿਆ ਹੈ।
ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ
ਬਲੂਮਬਰਗ ਦੀ ਰਿਪੋਰਟ ਅਨੁਸਾਰ, ਫਿਲੀਪੀਨਜ਼ ਸਰਕਾਰ ਨੇ Grok ਵਿੱਚ ਮੌਜੂਦ ਪੋਰਨੋਗ੍ਰਾਫਿਕ ਕੰਟੈਂਟ ਬਣਾਉਣ ਦੀ ਸਮਰੱਥਾ ਨੂੰ ਨਾਗਰਿਕਾਂ ਲਈ ਇੱਕ ਵੱਡਾ ਖ਼ਤਰਾ ਦੱਸਿਆ ਹੈ। ਸਾਈਬਰ ਕਰਾਈਮ ਇਨਵੈਸਟੀਗੇਸ਼ਨ ਐਂਡ ਕੋਆਰਡੀਨੇਟਿੰਗ ਸੈਂਟਰ ਦੇ ਮੁਖੀ ਰੇਨਾਟੋ ਪਰਾਈਸੋ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਗ੍ਰੋਕ ਤੋਂ ਅਸ਼ਲੀਲ ਅਤੇ ਖਾਸ ਕਰਕੇ ਚਾਈਲਡ ਪੋਰਨੋਗ੍ਰਾਫੀ ਨਾਲ ਜੁੜੇ ਫੀਚਰ ਹਟਾਏ ਜਾਣ। ਇਸੇ ਕਾਰਨ ਇੰਟਰਨੈਟ ਸੇਵਾ ਪ੍ਰਦਾਤਾਵਾਂ ਨੂੰ ਵੈੱਬਸਾਈਟ ਬਲੌਕ ਕਰਨ ਦੇ ਹੁਕਮ ਦਿੱਤੇ ਗਏ ਹਨ।
ਸਰਕਾਰ ਸਾਹਮਣੇ ਵੱਡੀ ਚੁਣੌਤੀ
ਫਿਲੀਪੀਨਜ਼ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਵੈੱਬਸਾਈਟ ਬਲੌਕ ਹੋਣ ਦੇ ਬਾਵਜੂਦ Grok ਅਜੇ ਵੀ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) 'ਤੇ ਉਪਲਬਧ ਹੈ। ਰੇਨਾਟੋ ਪਰਾਈਸੋ ਅਨੁਸਾਰ, ਸਰਕਾਰ ਸਿਰਫ਼ ਵੈੱਬਸਾਈਟਾਂ ਨੂੰ ਬਲੌਕ ਕਰ ਸਕਦੀ ਹੈ, ਪਰ X ਪਲੇਟਫਾਰਮ 'ਤੇ ਇਸ ਤੱਕ ਪਹੁੰਚ ਰੋਕਣਾ ਆਸਾਨ ਨਹੀਂ ਹੈ। ਇਸ ਸਬੰਧੀ ਸਰਕਾਰ ਹੁਣ X ਦੇ ਪ੍ਰਤੀਨਿਧੀਆਂ ਨਾਲ ਸਿੱਧੀ ਗੱਲਬਾਤ ਕਰਨ ਦੀ ਤਿਆਰੀ ਵਿੱਚ ਹੈ।
ਕੰਪਨੀ ਦੀ ਪ੍ਰਤੀਕਿਰਿਆ
ਐਲਨ ਮਸਕ ਦੀ ਕੰਪਨੀ xAI ਨੇ ਕਿਹਾ ਹੈ ਕਿ ਉਹ Grok ਤੋਂ ਅਸਲੀ ਲੋਕਾਂ ਦੀਆਂ ਅਸ਼ਲੀਲ ਫੋਟੋਆਂ ਬਣਾਉਣ ਦੀ ਸਮਰੱਥਾ ਨੂੰ ਬੰਦ ਕਰ ਰਹੀ ਹੈ। ਹਾਲਾਂਕਿ, ਜਦੋਂ ਫਿਲੀਪੀਨਜ਼ ਦੇ ਇਸ ਫੈਸਲੇ ਬਾਰੇ ਸਵਾਲ ਕੀਤਾ ਗਿਆ, ਤਾਂ ਕੰਪਨੀ ਨੇ ਮੀਡੀਆ ਰਿਪੋਰਟਾਂ ਨੂੰ "Legacy Media Lies" (ਪੁਰਾਣੇ ਮੀਡੀਆ ਦੇ ਝੂਠ) ਕਹਿ ਕੇ ਪੱਲਾ ਝਾੜ ਲਿਆ।
ਜ਼ਿਕਰਯੋਗ ਹੈ ਕਿ ਫਿਲੀਪੀਨਜ਼ ਤੋਂ ਪਹਿਲਾਂ ਇੰਡੋਨੇਸ਼ੀਆ ਅਤੇ ਮਲੇਸ਼ੀਆ ਵੀ Grok ਵਿਰੁੱਧ ਕਾਰਵਾਈ ਕਰ ਚੁੱਕੇ ਹਨ। ਇੰਡੋਨੇਸ਼ੀਆ ਨੇ ਔਰਤਾਂ ਅਤੇ ਬੱਚਿਆਂ ਨੂੰ AI ਦੁਆਰਾ ਤਿਆਰ ਕੀਤੇ ਫਰਜ਼ੀ ਕੰਟੈਂਟ ਤੋਂ ਬਚਾਉਣ ਲਈ ਇਹ ਫੈਸਲਾ ਲਿਆ ਸੀ। ਮਲੇਸ਼ੀਆ ਨੇ ਤਾਂ X ਅਤੇ xAI ਵਿਰੁੱਧ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਵੀ ਦਿੱਤੀ ਹੈ। ਇਸ ਤੋਂ ਸਾਫ਼ ਹੈ ਕਿ ਏਸ਼ੀਆਈ ਦੇਸ਼ਾਂ ਵਿੱਚ AI ਰਾਹੀਂ ਫੈਲਾਈ ਜਾ ਰਹੀ ਅਸ਼ਲੀਲਤਾ ਵਿਰੁੱਧ ਗੁੱਸਾ ਵਧ ਰਿਹਾ ਹੈ।
