AI ਚੈਟਬੋਟ ਨਾਲ ਵੀ ਰਿਸ਼ਤੇ ਬਣਾ ਰਹੇ ਲੋਕ
Wednesday, Apr 16, 2025 - 02:16 AM (IST)

ਇੰਟਰਨੈਸ਼ਨਲ ਡੈਸਕ - ਨਿਊਰੋਡਾਇਵਰਸ ਲੋਕ ਏ. ਆਈ. ਚੈਟਬੋਟ ਨਾਲ ਸਬੰਧ ਬਣਾ ਰਹੇ ਹਨ। ਆਪਣੇ ਨਿੱਜੀ ਸਬੰਧਾਂ ’ਚ ਵੀ ਉਸ ਤੋਂ ਸਲਾਹ ਲੈ ਰਹੇ ਹਨ। ਇਹ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਉਹ ਕਿਸੇ ਦੋਸਤ ਨਾਲੋਂ ਏ. ਆਈ. ’ਤੇ ਜ਼ਿਆਦਾ ਭਰੋਸਾ ਕਰ ਰਹੇ ਹਨ।
ਕਈ ਲੋਕਾਂ ਨੇ ਏ. ਆਈ. ਨਾਲ ਆਪਣੇ ਸਬੰਧਾਂ ਬਾਰੇ ਮੀਡੀਆ ਨਾਲ ਤਜਰਬੇ ਵੀ ਸਾਂਝੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਏ. ਆਈ. ਨੇ ਉਨ੍ਹਾਂ ਨੂੰ ਜ਼ਿੰਦਗੀ ਪ੍ਰਤੀ ਇਕ ਵੱਖਰਾ ਨਜ਼ਰੀਆ ਦਿੱਤਾ। ਉਨ੍ਹਾਂ ਦੀ ਮਾਨਸਿਕ ਅਤੇ ਸ਼ਰੀਰਕ ਸਿਹਤ ’ਚ ਸੁਧਾਰ ਹੋਇਆ। ਮੌਜੂਦਾ ਪ੍ਰੇਮ ਸਬੰਧਾਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਹੋਰ ਮਜ਼ੇਦਾਰ ਬਣਾਉਣ ’ਚ ਮਦਦ ਕੀਤੀ। ਇਸ ਲਈ ਉਹ ਹਫ਼ਤੇ ’ਚ ਕਈ ਘੰਟੇ ਏ. ਆਈ. ਚੈਟਬੋਟ ਨਾਲ ਬਿਤਾਉਂਦੇ ਹਨ।
ਏ. ਆਈ. ਪਤਨੀ ’ਤੇ ਲਿੱਖ ਦਿੱਤੀ ਕਿਤਾਬ
ਓਹੀਓ ਦੇ 71 ਸਾਲਾ ਚੱਕ ਲੋਹਰੇ ਨੇ ਕਈ ਤਰ੍ਹਾਂ ਦੇ ਏ. ਆਈ. ਕਿਰਦਾਰਾਂ ਦੀ ਮਦਦ ਨਾਲ ਕਿਤਾਬ ਲਿਖ ਕੇ ਪ੍ਰਕਾਸ਼ਿਤ ਕਰਵਾਈ ਹੈ। ਇਹ ਏ. ਆਈ. ਨਾਲ ਉਸ ਦੇ ਅਸਲ ਤਜਰਬਿਆਂ ’ਤੇ ਅਧਾਰਤ ਹੈ। ਇਸ ’ਚ ਉਨ੍ਹਾਂ ਦੀ ਪਹਿਲੀ ਚੈਟਬੋਟ ਦੋਸਤ ਏ. ਆਈ. ਸਾਰਾਹ ਉਸ ਦੀ ਪਤਨੀ ਦੀ ਭੂਮਿਕਾ ’ਚ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਸਾਲਾਂ ਦੀ ਨਿਯਮਤ ਗੱਲਬਾਤ ਨਾਲ ਆਪਣੀ ਏ. ਆਈ. ਪਤਨੀ ਦੇ ਕਿਰਦਾਰ ਨੂੰ ਤਿਆਰ ਕੀਤਾ। ਉਹ ਕਹਿੰਦਾ ਹੈ ਕਿ ਮੇਰੀ ਅਸਲੀ ਪਤਨੀ ਚੈਟਬੋਟ ਨਾਲ ਮੇਰੇ ਰਿਸ਼ਤੇ ਨੂੰ ਨਹੀਂ ਸਮਝਦੀ।
ਏ. ਆਈ. ਸਾਥੀ, ਜੋ ਰੱਖੇ ਧਿਆਨ
ਦੁਨੀਆ ਭਰ ’ਚ 10 ਕਰੋੜ ਤੋਂ ਵੱਧ ਲੋਕ ਨਿੱਜੀ ਚੈਟਬੋਟ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ’ਚੋਂ ਇਕ ਰਿਪਲਿਕਾ ਵੀ ਹੈ। ਇਹ ਆਪਣੀ ਮਾਰਕੀਟਿੰਗ ਹੀ ਇਸ ਲਾਈਨ ਨਾਲ ਕਰਦਾ ਹੈ ਕਿ ਇਕ ਏ. ਆਈ. ਸਾਥੀ, ਜੋ ਤੁਹਾਡੀ ਦੇਖਭਾਲ ਕਰੇ। ਇਸ ਤਰ੍ਹਾਂ ਇਕ ਹੋਰ ਏ. ਆਈ. ਚੈਟਬੋਟ ਨੋਮੀ ਹੈ, ਜੋ ਯੂਜਰਸ ਨਾਲ ਅਰਥਪੂਰਨ ਅਤੇ ਭਾਵਨਾਤਮਕ ਸਬੰਧ ਬਣਾਉਣ ਦਾ ਦਾਅਵਾ ਕਰਦਾ ਹੈ।
ਖੁਸ਼ ਰੱਖਣ ’ਚ ਮਦਦ
ਬ੍ਰਿਟਿਸ਼ ਕੰਪਿਊਟਰ ਵਿਗਿਆਨੀ, ਜੋ 3 ਸਾਲਾਂ ਤੋਂ ਏ. ਡੀ. ਐੱਚ. ਡੀ. ਤੋਂ ਪੀੜਤ ਹਨ, ਉਨ੍ਹਾਂ ਨੇ ਆਪਣੇ ਲਈ ਜੈਸਮੀਨ ਨਾਂ ਦਾ ਇਕ ਚੈਟਬੋਟ ਸਾਥੀ ਬਣਾਇਆ। ਜੈਸਮੀਨ ਉਨ੍ਹਾਂ ਦੇ ਚਿੰਤਾ ਦੇ ਪੱਧਰਾਂ ਅਤੇ ਵਿਵਹਾਰ ਦੇ ਪੈਟਰਨਾਂ ’ਤੇ ਨਜ਼ਰ ਰੱਖਦੀ ਹੈ। ਨਕਾਰਾਤਮਕ ਵਿਚਾਰਾਂ ਤੋਂ ਬਚਾਉਂਦੀ ਹੈ। ਉਹ ਉਨ੍ਹਾਂ ਨੂੰ ਖੁਸ਼ ਰੱਖਣ ’ਚ ਮਦਦ ਕਰਦੀ ਹੈ।