ਨਵੇਂ ਆਈ. ਟੀ. ਨਿਯਮਾਂ ਨੂੰ ਲੈ ਕੇ ਟਵਿੱਟਰ ਦੇ ਅਧਿਕਾਰੀ 18 ਜੂਨ ਨੂੰ ਤਲਬ

Tuesday, Jun 15, 2021 - 07:50 PM (IST)

ਨਵੇਂ ਆਈ. ਟੀ. ਨਿਯਮਾਂ ਨੂੰ ਲੈ ਕੇ ਟਵਿੱਟਰ ਦੇ ਅਧਿਕਾਰੀ 18 ਜੂਨ ਨੂੰ ਤਲਬ

ਨਵੀਂ ਦਿੱਲੀ- ਨਵੇਂ ਆਈ. ਟੀ. ਨਿਯਮਾਂ ਨੂੰ ਲੈ ਕੇ ਚੱਲ ਰਹੀ ਖਿਚੋਤਾਣ ਵਿਚਕਾਰ ਸੰਸਦੀ ਕਮੇਟੀ ਨੇ ਟਵਿੱਟਰ ਦੇ ਅਧਿਕਾਰੀਆਂ ਨੂੰ 18 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਸੂਚਨਾ ਤਕਨਾਲੋਜੀ 'ਤੇ ਸਥਾਈ ਸੰਸਦੀ ਕਮੇਟੀ ਨੇ ਇਹ ਹੁਕਮ ਦਿੱਤਾ ਹੈ। ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਅਧਿਕਾਰੀਆਂ ਨੂੰ ਵੀ ਉਸੇ ਦਿਨ ਬੁਲਾਇਆ ਗਿਆ ਹੈ। ਕੰਪਨੀ ਦੇ ਅਧਿਕਾਰੀ 4 ਵਜੇ ਤਲਬ ਕੀਤੇ ਗਏ ਹਨ। 

ਸੰਸਦੀ ਕਮੇਟੀ ਦੀ ਪ੍ਰਧਾਨਗੀ ਕਾਂਗਰਸ ਨੇਤਾ ਤੇ ਤਿਰੂਵਨੰਤਪੁਰਮ ਤੋਂ ਸੰਸਦ ਮੈਂਬਰ ਸ਼ਸ਼ੀ ਥਰੂਰ ਕਰ ਰਹੇ ਹਨ। ਕਮੇਟੀ ਟਵਿੱਟਰ ਦੇ ਅਧਿਕਾਰੀਆਂ ਤੋਂ ਕਈ ਮੁੱਦਿਆਂ 'ਤੇ ਸਪਸ਼ਟੀਕਰਨ ਦੀ ਮੰਗ ਕਰੇਗੀ।

ਸੰਸਦੀ ਕਮੇਟੀ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲਾ ਦੇ ਸਬੂਤਾਂ ਦੇ ਆਧਾਰ 'ਤੇ ਟਵਿੱਟਰ ਦੇ ਨੁਮਾਇੰਦਿਆਂ ਕੋਲੋਂ ਨਾਗਰਿਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਗਲਤ ਵਰਤੋਂ ਨੂੰ ਰੋਕਣ, ਖਾਸ ਤੌਰ 'ਤੇ ਡਿਜੀਟਲ ਸਪੇਸ ਵਿਚ ਮਹਿਲਾਵਾਂ ਦੀ ਸੁਰੱਖਿਆ ਬਾਰੇ ਵਿਚਾਰ ਸੁਣੇਗੀ। ਇਸ ਤੋਂ ਇਲਾਵਾ ਹੋਰ ਵੀ ਕਈ ਸਾਰੇ ਮੁੱਦਿਆਂ 'ਤੇ ਸਵਾਲ-ਜਵਾਬ ਹੋਣਗੇ। ਗੌਰਤਲਬ ਹੈ ਕਿ ਟਵਿੱਟਰ ਤੇ ਸਰਕਾਰ ਵਿਚ ਟਕਰਾਅ ਉਸ ਸਮੇਂ ਸ਼ੁਰੂ ਹੋਇਆ ਜਦੋਂ ਮਾਈਕਰੋ-ਬਲੌਗਿੰਗ ਸੋਸ਼ਲ ਮੀਡੀਆ ਪਲੇਟਫਾਰਮ ਨੇ ਨਿਰਦੇਸ਼ਾਂ ਦੇ ਬਾਵਜੂਦ ਕਈ ਖਾਤੇ ਬੰਦ ਨਹੀਂ ਕੀਤੇ ਸਨ। ਹਾਲ ਹੀ ਵਿਚ ਟਵਿੱਟਰ ਨੇ ਨਵੇਂ ਆਈ. ਟੀ. ਨਿਯਮਾਂ ਨੂੰ ਮੰਨਣ ਤੋਂ ਵੀ ਪਹਿਲਾਂ ਇਨਕਾਰ ਕਰ ਦਿੱਤਾ ਸੀ। ਨਵੇਂ ਆਈ. ਟੀ. ਨਿਯਮ ਸੋਸ਼ਲ ਮੀਡੀਆ ਯੂਜ਼ਰਜ਼ ਦੀ ਰੱਖਿਆ ਕਰਨ ਅਤੇ ਅਸ਼ਲੀਲ ਸਮੱਗਰੀ ਤੇ ਹੋਰ ਇਤਰਾਜ਼ਯੋਗ ਅਤੇ ਝੂਠੀਆਂ ਖ਼ਬਰਾਂ ਫੈਲਾਉਣ ਨੂੰ ਰੋਕਣ ਲਈ ਹਨ। ਨਵੇਂ ਆਈ. ਟੀ. ਨਿਯਮ 26 ਮਈ ਤੋਂ ਲਾਗੂ ਹੋ ਗਏ ਹਨ।
 


author

Sanjeev

Content Editor

Related News