ਲੋਕਾਂ ਦੇ ਦਿਲਾਂ ’ਤੇ ਫਿਰ ਰਾਜ ਕਰਨ ਆ ਰਹੀ ਹੈ ਨਵੀਂ ਟਾਟਾ ਸਫਾਰੀ

01/08/2021 5:03:47 PM

ਆਟੋ ਡੈਸਕ– ਭਾਰਤ ਦੀ ਲੋਕਪ੍ਰਸਿੱਧ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਸ ਇਕ ਵਾਰ ਫਿਰ ਆਪਣੀ ਆਈਕਾਨਿਕ ‘ਸਫਾਰੀ’ ਨੂੰ ਜਲਦ ਹੀ ਲਾਂਚ ਕਰਨ ਜਾ ਰਹੀ ਹੈ। ਇਹ ਹੀ ਨਹੀਂ, ਇਸ ਦੀ ਅਧਿਕਾਰਤ ਪ੍ਰੀ-ਬੁਕਿੰਗ ਵੀ ਇਸੇ ਮਹੀਨੇ ਦੇ ਅਖੀਰ ’ਚ ਹੀ ਸ਼ੁਰੂ ਹੋ ਜਾਵੇਗੀ। ਨਵੀਂ ਸਫਾਰੀ ਰਾਹੀਂ ਟਾਟਾ ਆਪਣੀ ਐੱਸ.ਯੂ.ਵੀ. ਸੇਲ ’ਚ ਵਾਧਾ ਕਰੇਗੀ। 
ਬਾਜ਼ਾਰ ’ਚ ਪਹਿਲਾਂ ਹੈਰੀਅਰ ਦੇ 7 ਸੀਟਰ ਮਾਡਲ ਦੇ ਗ੍ਰੈਵਿਟਾਸ ਨਾਮ ਨਾਲ ਆਉਣ ਦੀ ਚਰਚਾ ਜ਼ੋਰਾਂ ’ਤੇ ਸੀ ਪਰ ਹੁਣ ਸਾਰੀਆਂ ਚਰਚਾਵਾਂ ’ਤੇ ਵਿਰਾਮ ਲਗਾਉਂਦੇ ਹੋਏ ਟਾਟਾ ਮੋਟਰਸ ਨੇ ਇਸ ਨੂੰ ਟਾਟਾ ਸਫਾਰੀ ਦੇ ਨਾਮ ਨਾਲ ਹੀ ਲਾਂਚ ਕਰਨ ਦਾ ਫੈਸਲਾ ਲਿਆ ਹੈ। ਦੱਸ ਦੇਈਏ ਕਿ ਇਹ ਗੱਡੀ ਪਿਛਲੇ ਸਾਲ ਆਟੋ ਐਕਸਪੋ ’ਚ ਵਿਖਾਈ ਦਿੱਤੀ ਸੀ ਜਿਸ ਨੂੰ ਗ੍ਰੈਵਿਟਾਸ ਨਾਮ ਦਿੱਤਾ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਐੱਸ.ਯੂ.ਵੀ. ਟਾਟਾ ਮੋਟਰਸ ਦੀ ਸਭ ਤੋਂ ਮਹਿੰਗੀ ਐੱਸ.ਯੂ.ਵੀ. ਹੋਵੇਗੀ। ਹਾਲਾਂਕਿ, ਅਜੇ ਇਸ ਨਵੀਂ ਟਾਟਾ ਸਫਾਰੀ ਦੀ ਕੀਮਤ ਦਾ ਐਲਾਨ ਨਹੀਂ ਕੀਤਾ ਗਿਆ ਪਰ ਇਹ ਕਹਿਣਾ ਵੀ ਮੁਸ਼ਕਲ ਨਹੀਂ ਹੋਵੇਗਾ ਕਿ ਇਸ ਦੀ ਕੀਮਤ 14 ਤੋਂ 20 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ ਜੋ ਕਿ ਵੱਖ-ਵੱਖ ਮਾਡਲਾਂ ’ਚ ਹੋਵੇਗੀ। 

ਸਭ ਤੋਂ ਲੋਕਪ੍ਰਸਿੱਧ ਬ੍ਰਾਂਡ ਕਾਰ
ਸ਼ੈਲੇਸ਼ ਚੰਦਰਾ ਜੋ ਕਿ ਟਾਟਾ ਮੋਟਰਸ ਦੇ ਪ੍ਰਧਾਨ ਹਨ, ਦਾ ਕਹਿਣਾ ਹੈ ਕਿ ਭਾਰਤੀ ਸੜਕਾਂ ’ਤੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤਕ ਐੱਸ.ਯੂ.ਵੀ. ਸੈਗਮੈਂਟ ’ਚ ਸਭ ਤੋਂ ਜ਼ਿਆਦਾ ਮੰਗ ਵਾਲੀ ਸਫਾਰੀ ਲੋਕਪ੍ਰਸਿੱਧ ਬ੍ਰਾਂਡ ਕਾਰ ਹੈ। ਹੁਣ ਤੀਜੇ ਦਹਾਕੇ ’ਚ ਵੀ ਆਪਣੀ ਧਾਕ ਜਮਾਉਣ ਲਈ ਸਫਾਰੀ ਤਿਆਰ ਹੈ। ਇਹ ਸਫਾਰੀ ਇਕ ਨਵੇਂ ਰੂਪ ’ਚ ਐਡਵੈਂਚਰ ਕਰਨ ਵਾਲੇ ਗਾਹਕਾਂ ਨੂੰ ਆਪਣੇ ਵਲ ਆਕਰਸ਼ਿਤ ਕਰੇਗੀ। 

ਦਮਦਾਰ ਇੰਜਣ
ਨਵੀਂ ਟਾਟਾ ਸਫਾਰੀ ਲੈਂਡ ਰੋਵਰ ਡੀ8 ਤੋਂ ਪ੍ਰੇਰਿਤ ਓਮੇਗਾ ਆਰ.ਸੀ. ਪਲੇਟਫਾਰਮ ’ਤੇ ਆਧਾਰਿਤ ਹੋਵੇਗੀ ਅਤੇ ਇਸ ਨੂੰ ਟਾਟਾ ਕੰਪਨੀ ਦੇ ਇੰਪੈਕਟਰ 2.0 ਡਿਜ਼ਾਇਨ ’ਤੇ ਬਣਾਇਆ ਗਿਆ ਹੈ। ਡਿਜ਼ਾਇਨ ਦੇ ਮਾਮਲੇ ’ਚ ਇਹ ਕੁਝ ਹੱਦ ਤਕ ਹੈਰੀਅਰ ਨਾਲ ਮਿਲਦੀ-ਜੁਲਦੀ ਹੀ ਹੋਵੇਗੀ। ਜੇਕਰ ਇਸ ਗੱਡੀ ਦੇ ਇੰਜਣ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਿਚ 2.0 ਲੀਟਰ, 4-ਸਿਲੰਡਰ ਵਾਲੇ ਡੀਜ਼ਲ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇੰਜਣ 168 ਬੀ.ਐੱਚ.ਪੀ. ਦੀ ਪਾਵਰ ਅਤੇ 350 ਐੱਨ.ਐੱਮ. ਦਾ ਪੀਕ ਟਾਰਕ ਜਨਰੇਟ ਕਰੇਗਾ। ਇਸ ਇੰਜਣ ਨਾਲ 6-ਸਪੀਡ ਮੈਨੁਅਲ ਜਾਂ 6-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦਾ ਇਸਤੇਮਾਲ ਕੀਤਾ ਜਾਵੇਗਾ। 


Rakesh

Content Editor

Related News