ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

Wednesday, May 06, 2026 - 08:03 PM (IST)

ਆਟੋ ਇੰਡਸਟਰੀ ਨੇ ਬਣਾਇਆ ਰਿਕਾਰਡ : ਅਪ੍ਰੈਲ ’ਚ ਵੇਚੇ 26,11,317 ਵਾਹਨ

ਨਵੀਂ ਦਿੱਲੀ, (ਭਾਸ਼ਾ)- ਭਾਰਤ ’ਚ ਕੁੱਲ ਆਟੋਮੋਬਾਈਲ ਪ੍ਰਚੂਨ ਵਿਕਰੀ ਅਪ੍ਰੈਲ ’ਚ 12.94 ਫੀਸਦੀ ਵਧ ਕੇ 26,11,317 ਯੂਨਿਟ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ਦੇ 23,12,221 ਯੂਨਿਟ ਤੋਂ ਵੱਧ ਹੈ। ਇਸ ਤਰ੍ਹਾਂ ਨਵੇਂ ਮਾਲੀ ਸਾਲ ਦੀ ਸ਼ੁਰੂਆਤ ਮਜ਼ਬੂਤ ਰਹੀ। ਫੈੱਡਰੇਸ਼ਨ ਆਫ਼ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨਜ਼ (ਫਾਡਾ) ਨੇ ਅੱਜ ਪ੍ਰਚੂਨ ਵਿਕਰੀ ਦੇ ਅੰਕੜੇ ਜਾਰੀ ਕੀਤੇ।

ਫਾਡਾ ਨੇ ਬਿਆਨ ’ਚ ਕਿਹਾ ਕਿ ਜੀ. ਐੱਸ. ਟੀ. 2.0 ਨਾਲ ਕੀਮਤਾਂ ’ਚ ਕਮੀ, ਆਰ. ਬੀ. ਆਈ. ਦੀ ਅਨੁਕੂਲ ਵਿਆਜ ਦਰ ਨੀਤੀ, ਮਜ਼ਬੂਤ ਹਾੜੀ ਸੀਜ਼ਨ ਤੋਂ ਬਾਅਦ ਪੇਂਡੂ ਨਕਦ ਪ੍ਰਵਾਹ ਅਤੇ ਲੰਬੇ ਵਿਆਹਾਂ ਦੇ ਸੀਜ਼ਨ ਨੇ ਇੰਡਸਟਰੀ ਦੇ ਪ੍ਰਦਰਸ਼ਨ ਨੂੰ ਮਜ਼ਬੂਤੀ ਦਿੱਤੀ।

ਹਰ ਸੈਗਮੈਂਟ ’ਚ ਰਹੀ ਗ੍ਰੋਥ

ਪੈਸੰਜਰ ਵ੍ਹੀਕਲ (ਪੀ. ਵੀ.) ਸੈਗਮੈਂਟ ’ਚ ਪ੍ਰਚੂਨ ਵਿਕਰੀ ਅਪ੍ਰੈਲ ’ਚ ਰਿਕਾਰਡ 4,07,355 ਯੂਨਿਟ ਰਹੀ, ਜੋ ਅਪ੍ਰੈਲ 2025 ਦੇ 3,63,028 ਯੂਨਿਟ ਦੇ ਮੁਕਾਬਲੇ 12.21 ਫੀਸਦੀ ਵੱਧ ਹੈ। ਟੂ-ਵ੍ਹੀਲਰਜ਼ ਦੀ ਵਿਕਰੀ ਵੀ ਇਸ ਸਾਲ ਅਪ੍ਰੈਲ ’ਚ 19,16,258 ਯੂਨਿਟ ਦੇ ਨਾਲ ਹੁਣ ਤੱਕ ਦੇ ਰਿਕਾਰਡ ਉੱਚੇ ਪੱਧਰ ’ਤੇ ਪਹੁੰਚ ਗਈ, ਜੋ ਪਿਛਲੇ ਸਾਲ ਇਸੇ ਮਹੀਨੇ ਦੇ 16,95,638 ਯੂਨਿਟ ਤੋਂ 13.01 ਫੀਸਦੀ ਜ਼ਿਆਦਾ ਹੈ।

ਥ੍ਰੀ-ਵ੍ਹੀਲਰਜ਼ ਦੀ ਵਿਕਰੀ ਅਪ੍ਰੈਲ ’ਚ 1,06,908 ਯੂਨਿਟ ਰਹੀ, ਜੋ ਪਿਛਲੇ ਸਾਲ ਦੇ 99,741 ਯੂਨਿਟ ਦੇ ਮੁਕਾਬਲੇ 7.19 ਫੀਸਦੀ ਦਾ ਵਾਧਾ ਦਰਸਾਉਂਦੀ ਹੈ। ਕਮਰਸ਼ੀਅਲ ਵ੍ਹੀਕਲ ਸੈਗਮੈਂਟ ’ਚ ਵੀ 15.02 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਵਿਕਰੀ 99,339 ਯੂਨਿਟ ਰਹੀ, ਜੋ ਅਪ੍ਰੈਲ 2025 ਦੇ 86,364 ਯੂਨਿਟ ਤੋਂ ਵੱਧ ਹੈ।

6 ’ਚੋਂ 5 ਕੈਟਾਗਰੀਆਂ ’ਚ ਰਿਕਾਰਡ ਵਿਕਰੀ

ਫਾਡਾ ਦੇ ਵਾਈਸ ਪ੍ਰੈਜ਼ੀਡੈਂਟ ਸਾਈ ਗਿਰੀਧਰ ਨੇ ਕਿਹਾ ਕਿ ਭਾਰਤੀ ਆਟੋ ਰਿਟੇਲ ਇੰਡਸਟਰੀ ਨੇ ਮਾਲੀ ਸਾਲ 2026-27 ਦੀ ਸ਼ੁਰੂਆਤ ਬਹੁਤ ਮਜ਼ਬੂਤ ਤਰੀਕੇ ਨਾਲ ਕੀਤੀ ਹੈ। ਅਪ੍ਰੈਲ 2026 ’ਚ 26,11,317 ਯੂਨਿਟ ਦੀ ਵਿਕਰੀ ਨਾਲ 12.94 ਫੀਸਦੀ ਦੀ ਸਾਲਾਨਾ ਵਿਕਰੀ ਦਰਜ ਕੀਤੀ ਗਈ, ਜੋ ਸਾਡੇ ਰਿਕਾਰਡ ’ਚ ਅਪ੍ਰੈਲ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ।

ਉਨ੍ਹਾਂ ਕਿਹਾ ਕਿ 6 ’ਚੋਂ 5 ਵ੍ਹੀਕਲ ਕੈਟਾਗਰੀਆਂ ਅਤੇ ਕੁੱਲ ਉਦਯੋਗ ਨੇ ਅਪ੍ਰੈਲ ’ਚ ਰਿਕਾਰਡ ਪੱਧਰ ਹਾਸਲ ਕੀਤਾ ਹੈ, ਜੋ ਇਹ ਦਰਸਾਉਂਦਾ ਹੈ ਕਿ ਮਾਲੀ ਸਾਲ 26 ਦੀ ਦੂਜੀ ਛਿਮਾਹੀ ’ਚ ਦਿਸੀ ਮੰਗ ਦੀ ਮਜ਼ਬੂਤੀ ਨਵੇਂ ਮਾਲੀ ਸਾਲ ’ਚ ਵੀ ਜਾਰੀ ਹੈ। ਪੈਸੰਜਰ ਵ੍ਹੀਕਲ ਸੈਗਮੈਂਟ ’ਚ ਭਾਰਤ (ਪੇਂਡੂ ਖੇਤਰ) ਦਾ ਮੈਟਰੋ ਸ਼ਹਿਰਾਂ ਨਾਲੋਂ ਬਿਹਤਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿੱਥੇ ਪੇਂਡੂ ਵਿਕਰੀ 20.40 ਫੀਸਦੀ ਵਧੀ, ਜਦੋਂ ਕਿ ਸ਼ਹਿਰੀ ਖੇਤਰਾਂ ’ਚ ਇਹ 7.11 ਫੀਸਦੀ ਰਹੀ।

ਇਲੈਕਟ੍ਰਿਕ ਵ੍ਹੀਕਲਜ਼ ਦੀ ਹਿੱਸੇਦਾਰੀ ਵਧੀ

ਗਿਰੀਧਰ ਨੇ ਕਿਹਾ ਕਿ ਇਹ ਟੀਅਰ-3 ਅਤੇ ਪੇਂਡੂ ਭਾਰਤ ’ਚ ਪਰਸਨਲ ਵ੍ਹੀਕਲਜ਼ ਦੀ ਵਰਤੋਂ ਦੇ ਵਧਦੇ ਵਿਸਥਾਰ ਨੂੰ ਦਿਖਾਉਂਦਾ ਹੈ, ਜਿਸ ਨੂੰ ਛੋਟੀਆਂ ਕਾਰਾਂ ਦੀ ਵਾਪਸੀ, ਐੱਸ. ਯੂ. ਵੀ. ਦੀ ਮੰਗ ਅਤੇ ਬਦਲਵੇਂ ਈਂਧਨ ਵਾਲੇ ਵਾਹਨਾਂ ਦੇ ਵਧਦੇ ਬਦਲਾਂ ਤੋਂ ਸਮਰਥਨ ਮਿਲ ਰਿਹਾ ਹੈ। ਸੀ. ਐੱਨ. ਜੀ. ਵਾਹਨਾਂ ਦੀ ਹਿੱਸੇਦਾਰੀ 22.62 ਫੀਸਦੀ ’ਤੇ ਸਥਿਰ ਰਹੀ, ਜਦੋਂ ਕਿ ਇਲੈਕਟ੍ਰਿਕ ਵ੍ਹੀਕਲਜ਼ ਦੀ ਹਿੱਸੇਦਾਰੀ ਵਧ ਕੇ 5.77 ਫੀਸਦੀ ਹੋ ਗਈ।

ਉਨ੍ਹਾਂ ਦੱਸਿਆ ਕਿ ਪੈਸੰਜਰ ਵ੍ਹੀਕਲ ਦਾ ਇਨਵੈਂਟਰੀ ਪੱਧਰ ਵਧ ਕੇ 28 ਤੋਂ 30 ਦਿਨਾਂ ਦੇ ਘੇਰੇ ’ਚ ਆ ਗਿਆ ਹੈ, ਜੋ ਮਾਰਚ 2026 ਦੇ 28 ਦਿਨਾਂ ਨਾਲੋਂ ਥੋੜ੍ਹਾ ਵੱਧ ਹੈ।


author

Rakesh

Content Editor

Related News