ਮਾਰੂਤੀ ਨੇ ‘ਗ੍ਰੈਂਡ ਵਿਟਾਰਾ’ ਤੋਂ ਉਠਾਇਆ ਪਰਦਾ, SUV ਸੈਗਮੈਂਟ ’ਚ ਆਪਣੀ ਮੌਜੂਦਗੀ ਬਿਹਤਰ ਬਣਾਉਣ ਦੀ ਤਿਆਰੀ
Thursday, Jul 21, 2022 - 10:44 AM (IST)
ਆਟੋ ਡੈਸਕ– ਦੇਸ਼ ਦੀ ਪ੍ਰਮੁੱਖ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐੱਮ. ਐੱਸ. ਆਈ.) ਨੇ ਦਰਮਿਆਨੇ ਆਕਾਰ ਦੀ ਐੱਸ. ਯੂ. ਵੀ. ਸੈਗਮੈਂਟ ’ਚ ਆਪਣੀ ਮੌਜੂਦਗੀ ਨੂੰ ਬਿਹਤਰ ਬਣਾਉਣ ਦੇ ਟੀਚੇ ਨਾਲ ਅੱਜ ਆਪਣੀ ਨਵੀਂ ਕਾਰ ‘ਗ੍ਰੈਂਡ ਵਿਟਾਰਾ’ ਤੋਂ ਪਰਦਾ ਉਠਾਇਆ ਹੈ। ਕੰਪਨੀ ਨੇ ਦੱਸਿਆ ਕਿ ਇਹ ਕਾਰ ਮਜ਼ਬੂਤ ਅਤੇ ਮਾਈਲਡ ਹਾਈਬ੍ਰਿਡ ਤਕਨੀਕ ਨਾਲ 1.5 ਲਿਟਰ ਦੇ ਪੈਟਰੋਲ ਪਾਵਰਟ੍ਰੇਨ ਇੰਜਣ ’ਚ ਆਵੇਗੀ।
ਮਾਰੂਤੀ ਦੀ ਗ੍ਰੈਂਡ ਵਿਟਾਰਾ ਦਾ ਘਰੇਲੂ ਬਾਜ਼ਾਰ ’ਚ ਹੁੰਡਈ ਦੀ ਕ੍ਰੇਟਾ, ਕੀਆ ਦੀ ਸੇਲਟੋਸ ਅਤੇ ਟਾਟਾ ਹੈਰੀਅਰ ਵਰਗੀਆਂ ਗੱਡੀਆਂ ਨਾਲ ਸਿੱਧਾ ਮੁਕਾਬਲਾ ਹੈ। ਇਸ ਪੇਸ਼ਕਸ਼ ਨਾਲ ਮਾਰੂਤੀ ਸੁਜ਼ੂਕੀ ਦਰਮਿਆਨੇ ਆਕਾਰ ਦੀ ਐੱਸ. ਯੂ. ਵੀ. ਸ਼੍ਰੇਣੀ ’ਚ ਆਪਣੀ ਹਾਜ਼ਰੀ ਨੂੰ ਵਧਾਉਣ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਇਸ ਸ਼੍ਰੇਣੀ ’ਚ ਹੋਰ ਕੰਪਨੀਆਂ ਦੇ ਮੁਕਾਬਲੇ ਫਿਲਹਾਲ ਪਿੱਛੇ ਹੈ।
ਮਾਰੂਤੀ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਹਿਸਾਸ਼ੀ ਤਾਕੇਯੂਚੀ ਨੇ ਵਿਟਾਰਾ ਨੂੰ ਪੇਸ਼ ਕਰਨ ਮੌਕੇ ਕਿਹਾ ਕਿ ਭਾਰਤੀ ਵਾਹਨ ਉਦਯੋਗ ਤਕਨਾਲੋਜੀ, ਗਾਹਕਾਂ ਦੀਆਂ ਤਰਜੀਹਾਂ ਅਤੇ ਖਰੀਦ ਸ਼ਕਤੀ ਦੇ ਮਾਮਲੇ ’ਚ ਬਦਲਾਅ ਦੇ ਦੌਰ ’ਚੋਂ ਲੰਘ ਰਿਹਾ ਹੈ। ਤਾਕੇਯੂਚੀ ਨੇ ਦਾਅਵਾ ਕੀਤਾ ਕਿ ਵਿਟਾਰਾ ਇਕ ਲਿਟਰ ਪੈਟਰੋਲ ’ਚ 27.97 ਕਿਲੋਮੀਟਰ ਚੱਲ ਸਕਦੀ ਹੈ ਜੋ ਇਸ ਨੂੰ ਦੇਸ਼ ਦੀ ਸਭ ਤੋਂ ਵੱਧ ਈਂਧਨ ਕੁਸ਼ਲ ਐੱਸ. ਯੂ. ਵੀ. ਬਣਾਉਂਦੀ ਹੈ। ਇਸ ਤੋਂ ਇਲਾਵਾ ਮਾਰੂਤੀ ਦੇ ਸੀਨੀਅਰ ਕਾਰਜਕਾਰੀ ਡਾਇਰੈਕਟਰ (ਮਾਰਕੀਟਿੰਗ ਅਤੇ ਵਿਕਰੀ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਘਰੇਲੂ ਬਾਜ਼ਾਰ ’ਚ ਵੱਡੀਆਂ ਗੱਡੀਆਂ ਲਈ ਰੁਚੀ ਵਧ ਰਹੀ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਹਰ ਸ਼੍ਰੇਣੀ ’ਚ ਹਰ ਤਰ੍ਹਾਂ ਗਾਹਕ ਲਈ ਇਕ ਆਦਰਸ਼ ਕਾਰ ਜ਼ਰੂਰੀ ਹੁੰਦੀ ਹੈ। ਦਰਮਿਆਨੇ ਆਕਾਰ ਦੀ ਐੱਸ. ਯੂ. ਵੀ. ਸ਼੍ਰੇਣੀ ’ਚ ਗਾਹਕਾਂ ਲਈ ਗ੍ਰੈਂਡ ਵਿਟਾਰਾ ਪੂਰੀ ਤਰ੍ਹਾਂ ਇਕ ਆਦਰਸ਼ ਕਾਰ ਹੈ।
ਸ਼੍ਰੀਵਾਸਤਵ ਨੇ ਕਿਹਾ ਕਿ ਸਾਡੇ ਕੋਲ ਇਸ ਸਮੇਂ ਕਰੀਬ 3,40,000 ਬੁਕਿੰਗ ਹਨ। ਅਸੀਂ ਆਪਣੇ ਉਤਪਾਦਨ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਛੇਤੀ ਤੋਂ ਛੇਤੀ ਗਾਹਕਾਂ ਨੂੰ ਗੱਡੀਆਂ ਦੀ ਡਲਿਵਰੀ ਕਰ ਸਕੀਏ। ਉਨ੍ਹਾਂ ਨੇ ਕਿਹਾ ਕਿ ਇਸ ਸ਼੍ਰੇਣੀ ’ਚ ਸਾਡੀ ਹਾਜ਼ਰੀ ਕਾਫੀ ਘੱਟ ਹੈ ਅਤੇ ਗ੍ਰੈਂਡ ਵਿਟਾਰਾ ਨੂੰ ਪੇਸ਼ ਕਰਨ ਦੇ ਨਾਲ ਸਾਨੂੰ ਇਸ ਸ਼੍ਰੇਣੀ ’ਚ ਬਾਜ਼ਾਰ ’ਚ ਆਪਣੀ ਹਿੱਸੇਦਾਰੀ ਦੇ ਵਧਣ ਦੀ ਉਮੀਦ ਹੈ। ਮਾਰੂਤੀ ਇਸ ਮਾਡਲ ਦੀ ਵਿਕਰੀ ਦੇਸ਼ ਭਰ ’ਚ ਨੈਕਸਾ ਦੇ ਆਪਣੇ 420 ਡੀਲਰਸ਼ਿਪ ਕੇਂਦਰਾਂ ਰਾਹੀਂ ਕਰੇਗੀ।