ਮਹਿੰਗੇ ਹੋਣਗੇ ਰੀਚਾਰਜ ਪਲਾਨ! ਵੱਡਾ ਝਟਕਾ ਦੇਣ ਦੀ ਤਿਆਰੀ ''ਚ ਟੈਲੀਕਾਮ ਕੰਪਨੀਆਂ
Monday, Jul 07, 2025 - 05:35 PM (IST)

ਗੈਜੇਟ ਡੈਸਕ- ਜੇਕਰ ਤੁਹਾਡੇ ਕੋਲ ਵੀ ਦੋ-ਦੋ ਸਿਮ ਕਾਰਡ ਹਨ ਤਾਂ ਜੇਬ ਢਿੱਲੀ ਕਰਨ ਲਈ ਤਿਆਰ ਰਹੋ। ਅਸੀਂ ਅਜਿਹਾ ਲਈ ਆਖ ਰਹੇ ਹਾਂ ਕਿਉਂਕਿ ਜਲਦੀ ਹੀ ਮੋਬਾਇਲ ਰੀਚਾਰਜ ਪਲਾਨ ਮਹਿੰਗੇ ਹੋਣ ਵਾਲੇ ਹਨ। ਭਾਰਤ 'ਚ ਮੋਬਾਇਲ ਯੂਜ਼ਰਜ਼ ਨੂੰ ਜਲਦੀ ਹੀ ਇਕ ਹੋਰ ਝਟਕਾ ਲੱਗ ਸਕਦਾ ਹੈ। ਰਿਪੋਰਟ ਮੁਤਾਬਕ, ਏਅਰਟੈੱਲ, ਰਿਲਾਇੰਸ ਜੀਓ ਅਤੇ ਵੋਡਾਫੋਨ-ਆਈਡੀਆ ਵਰਗੀਆਂ ਵੱਡੀਆਂ ਟੈਲੀਕਾਮ ਕੰਪਨੀਆਂ 2025 ਦੇ ਅਖੀਰ ਤਕ ਮੋਬਾਇਲ ਟੈਰਿਫ 'ਚ 10 ਤੋਂ 12 ਫੀਸਦੀ ਤਕ ਦਾ ਵਾਧਾ ਕਰ ਸਕਦੀਆਂ ਹਨ।
ਜੁਲਾਈ 2024 'ਚ ਵੀ ਵਧੇ ਸਨ ਰੇਟ
ਜ਼ਿਕਰਯੋਗ ਹੈ ਕਿ ਜੁਲਾਈ 2024 'ਚ ਕੰਪਨੀਆਂ ਨੇ ਮੋਬਾਇਲ ਟੈਰਿਫ 'ਚ 11 ਤੋਂ 23 ਫੀਸਦੀ ਤਕ ਦਾ ਵਾਧਾ ਕੀਤਾ ਸੀ। ਹੁਣ ਇਕ ਹੋਰ ਵਾਧੇ ਦੀ ਸੰਭਾਵਨਾ ਨਾਲ ਗਾਹਕਾਂ ਨੂੰ ਰੀਚਾਰਜ ਪਲਾਨ ਹੋਰ ਮਹਿੰਗੇ ਪੈ ਸਕਦੇ ਹਨ, ਹਾਲਾਂਕਿ, ਇਸ ਵਾਰ ਕੰਪਨੀਆਂ 'ਟੀਅਰ-ਆਧਾਰਿਤ' ਰਣਨੀਤੀ ਅਪਣਾ ਸਕਦੀਆਂ ਹਨ ਤਾਂ ਜੋ ਗਾਹਕ ਕਿਸੇ ਹੋਰ ਨੈੱਟਵਰਕ 'ਤੇ ਪੋਰਟ ਨਾ ਕਰਨ।
ਵਾਧੇ ਦੀ ਵਜ੍ਹਾ
ਰਿਪੋਰਟ ਮੁਤਾਬਕ, ਮਈ 2025 'ਚ ਐਕਟਿਵ ਗਾਹਕਾਂ ਦੀ ਗਿਣਤੀ 'ਚ ਜ਼ਬਰਦਸਤ ਵਾਧਾ ਦੇਖਿਆ ਗਿਆ ਹੈ। ਸਿਰਫ ਮਈ ਮਹੀਨੇ 'ਚ 74 ਲੱਖ ਨਵੇਂ ਐਕਟਿਵ ਗਾਹਕ ਜੁੜੇ ਹਨ। ਇਹ ਪਿਛਲੇ 29 ਮਹੀਨਿਆਂ ਦਾ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ। ਹੁਣ ਦੇਸ਼ 'ਚ ਕੁਲ ਐਕਟਿਵ ਮੋਬਾਇਲ ਗਾਹਕਾਂ ਦੀ ਗਿਣਤੀ 1.08 ਅਰਬ (1.08 Billion) ਤਕ ਪਹੁੰਚ ਗਈ ਹੈ।
ਇਕ ਇੰਡਸਟਰੀ ਮਾਹਿਰ ਨੇ ਦੱਸਿਆ ਕਿ ਐਕਟਿਵ ਗਾਹਕਾਂ 'ਚ ਇਸ ਵਾਧੇ ਦਾ ਕਾਰਨ ਸਿਰਫ ਪਿਹਲਾਂ ਦੇ ਟੈਰਿਫ ਵਾਧੇ ਨੂੰ ਸਵਿਕਾਰ ਕਰਨਾ ਨਹੀਂ ਹੈ ਸਗੋਂ ਉਹ ਸੈਕੇਂਡਰੀ ਸਿਮ ਵੀ ਦੁਬਾਰਾ ਐਕਟਿਵ ਹੋ ਰਹੇ ਹਨ ਜੋ ਜ਼ਰੂਰਤ ਦੇ ਹਿਸਾਬ ਨਾਲ ਬੰਦ ਕਰ ਦਿੱਤੇ ਗਏ ਸਨ।
ਕਿਹੜੇ ਪਲਾਨਾਂ 'ਚ ਹੋ ਸਕਦਾ ਹੈ ਵਾਧਾ
ਰਿਪੋਰਟ ਮੁਤਾਬਕ, ਕੰਪਨੀਆਂ ਸਸਤੇ ਰੀਚਾਰਜ ਪਲਾਨਾਂ ਦੀ ਕੀਮਤ ਨਹੀਂ ਵਧਾਉਣਾ ਚਾਹੁੰਦੀ ਕਿਉਂਕਿ ਇਸ ਨਾਲ ਗਾਹਕਾਂ ਸਿਮ ਪੋਰਟ ਕਰਵਾ ਸਕਦੇ ਹਨ। ਇਸਦੀ ਬਜਾਏ ਕੰਪਨੀਆਂ ਮਿਡ-ਟੂ-ਹਾਈ ਰੇਂਜ ਵਾਲੇ ਰੀਚਾਰਜ ਪਲਾਨਾਂ (ਜਿਵੇਂ 300 ਰੁਪਏ ਤੋਂ ਉਪਰ ਵਾਲੇ) ਦੀ ਕੀਮਤ ਵਧਾ ਸਕਦੀਆਂ ਹਨ।
ਕਿਸ ਆਧਾਰ 'ਤੇ ਤੈਅ ਹੋਣਗੇ ਟੀਅਰ
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਟੈਰਿਫ ਟੀਅਰਾਂ ਬਾਰੇ ਅਜੇ ਕੋਈ ਸਪੱਸ਼ਟ ਜਾਣਕਾਰੀ ਨਹੀਂ ਹੈ ਪਰ ਕੰਪਨੀਆਂ ਉਨ੍ਹਾਂ ਪਹਿਲੂਆਂ 'ਤੇ ਵਿਚਾਰ ਕਰ ਸਕਦੀਆਂ ਹਨ ਜਿਨ੍ਹਾਂ ਵਿੱਚ ਡੇਟਾ ਦੀ ਵਰਤੋਂ ਦੀ ਮਾਤਰਾ, ਇੰਟਰਨੈਟ ਦੀ ਗਤੀ ਅਤੇ ਸਭ ਤੋਂ ਵੱਧ ਡੇਟਾ ਦੀ ਵਰਤੋਂ ਦਾ ਸਮਾਂ ਸ਼ਾਮਲ ਹੋਵੇਗਾ।