ਘੱਟ ਦੂਰੀ ਦਾ ਸਫ਼ਰ ਤੈਅ ਕਰਨ ਲਈ ‘ਮਰਸਡੀਜ਼’ ਨੇ ਬਣਾਇਆ ਸ਼ਾਨਦਾਰ eScooter
Wednesday, Oct 07, 2020 - 11:10 AM (IST)
ਆਟੋ ਡੈਸਕ– ਘੱਟ ਦੂਰੀ ਦਾ ਸਫ਼ਰ ਤੈਅ ਕਰਨ ਲਈ ਮਰਸਡੀਜ਼ ਨੇ ਸ਼ਾਨਦਾਰ ਇਲੈਕਟ੍ਰਿਕ ਸਕੂਟਰ ਤਿਆਰ ਕੀਤਾ ਹੈ ਜਿਸ ਨੂੰ ਤੁਸੀਂ ਆਸਾਨੀ ਨਾਲ ਫੋਲਡ ਵੀ ਕਰ ਸਕਦੇ ਹੋ। ਇਸ ਨੂੰ ਖ਼ਾਸ ਤੌਰ ’ਤੇ ਕੰਪਨੀ ਨੇ ਘਰੋਂ ਦਫ਼ਤਰ ਜਾਣ ਵਾਲੇ ਲੋਕਾਂ ਲਈ ਹੀ ਬਣਾਇਆ ਹੈ। ਇਸ ਨੂੰ ਤਿਆਰ ਕਰਨ ਲਈ ਸਵਿੱਟਜ਼ਰਲੈਂਡ ਦੀ ਕੰਪਨੀ ਮਾਈਕ੍ਰੋ ਮੋਬਿਲਿਟੀ ਸਿਸਟਮ ਨੇ ਮਰਸਡੀਜ਼ ਦੀ ਕਾਫੀ ਮਦਦ ਵੀ ਕੀਤੀ ਹੈ। ਹੁਣ ਗੱਲ ਕਰਦੇ ਹਾਂ ਇਸ ਦੇ ਫੀਚਰਜ਼ ਦੀ...
- ਇਸ ਸਕੂਟਰ ’ਚ 250 ਵਾਟ ਦੀ ਮੋਟਰ ਲੱਗੀ ਹੈ ਜਿਸ ਨੂੰ ਹੈਂਡਲਬਾਰ ’ਤੇ ਸੱਜੇ ਪਾਸੇ ਲੱਗੇ ਥ੍ਰੋਟਲ ਕੰਟਰੋਲ ਨਾਲ ਆਪਰੇਟ ਕੀਤਾ ਜਾ ਸਕਦਾ ਹੈ।
- ਮਰਸਡੀਜ਼ ਨੇ ਇਸ ਵਿਚ ਖ਼ਾਸ 7.8-Ah/280-Wh ਦੀ ਬੈਟਰੀ ਫਿੱਟ ਕੀਤੀ ਹੈ ਜਿਸ ਨੂੰ ਇਕ ਵਾਰ ਪੂਰਾ ਚਾਰਜ ਕਰਨ ’ਤੇ ਇਹ 25 ਕਿਲੋਮੀਟਰ ਤਕ ਦਾ ਸਫਰ ਤੈਅ ਕਰ ਸਕਦਾ ਹੈ ਪਰ ਤੁਹਾਨੂੰ ਸਪੀਡ 20 ਕੋਲਮੀਟਰ ਪ੍ਰਤੀ ਘੰਟਾ ਤਕ ਸੀਮਤ ਰੱਖਣੀ ਹੋਵੇਗੀ।
- ਇਸ ਇਲੈਕਟ੍ਰਿਕ ਸਕੂਟਰ ਦੇ ਫਰੰਟ ਅਤੇ ਰੀਅਰ ’ਚ 200-mm (7.8 ਇੰਚ) ਦੇ ਰਬੜ ਦੇ ਟਾਇਰ ਲੱਗੇ ਹਨ। ਰਾਤ ਦੇ ਸਮੇਂ ਸਫਰ ਕਰਨ ਲਈ ਹੈੱਡਲਾਈਟ ਅਤੇ ਟੇਲ ਲਾਈਟ ਦੀ ਸੁਵਿਧਾ ਵੀ ਦਿੱਤੀ ਗਈ ਹੈ।
- ਹੈਂਡਲਬਾਰ ਦੇ ਬਿਲਕੁਲ ਵਿਚਕਾਰ ਡਿਸਪਲੇਅ ਲੱਗੀ ਹੈ ਜਿਥੋਂ ਤੁਸੀਂ ਸਪੀਡ ਅਤੇ ਚਾਰਜ ਲੈਵਲ ਦੀ ਜਾਣਕਾਰੀ ਲੈ ਸਕਦੇ ਹੋ ਅਤੇ ਰਾਈਡਿੰਗ ਮੋਡਸ ਨੂੰ ਸੈੱਟ ਕਰ ਸਕਦੇ ਹੋ।
- ਇਸ ਲਈ ਖ਼ਾਸ ਮਾਈਕ੍ਰੋ ਐਪ ਵੀ ਤਿਆਰ ਕੀਤੀ ਗਈ ਹੈ ਜਿਸ ਵਿਚ ਨੈਵਿਗੇਸ਼ਨ ਦੀ ਸੁਵਿਧਾ ਮਿਲਦੀ ਹੈ। ਤੁਸੀਂ ਆਪਣੇ ਫੋਨ ਨੂੰ ਇਸ ਦੇ ਹੈਂਡਲਬਾਰ ’ਤੇ ਲੱਗੀ ਬ੍ਰੈਕਟ ’ਤੇ ਆਸਾਨੀ ਨਾਲ ਅਟੈਚ ਕਰਕੇ ਨੈਵਿਗੇਸ਼ਨ ਦਾ ਇਸਤੇਮਾਲ ਕਰ ਸਕਦੇ ਹੋ।
ਕੀਮਤ
ਮਰਸਡੀਜ਼ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਸਕੂਟਰ ਨੂੰ ਤੁਸੀਂ 5,000 ਕਿਲੋਮੀਟਰ ਤਕ ਚਲਾ ਸਕਦੇ ਹੋ। ਮਰਸਡੀਜ਼ ਇਲੈਕਟ੍ਰਿਕ ਸਕੂਟਰ ਨੂੰ ਸਿਰਫ ਕਾਲੇ ਰੰਗ ’ਚ ਮੁਹੱਈਆ ਕਰਵਾਇਆ ਜਾਵੇਗਾ ਅਤੇ ਇਸ ਦੀ ਕੀਮਤ 1,350 ਅਮਰੀਕੀ ਡਾਲਰ (ਕਰੀਬ 99 ਹਜ਼ਾਰ ਰੁਪਏ) ਦੱਸੀ ਗਈ ਹੈ।