ਮਰਸੀਡੀਜ਼ ਬੈਂਜ਼ ਨੇ ਭਾਰਤ ’ਚ ਲਾਂਚ ਕੀਤੀ ਨਵੀਂ ਕਾਰ, ਕੀਮਤ 2.07 ਕਰੋੜ ਰੁਪਏ
Tuesday, Aug 24, 2021 - 12:18 PM (IST)
![ਮਰਸੀਡੀਜ਼ ਬੈਂਜ਼ ਨੇ ਭਾਰਤ ’ਚ ਲਾਂਚ ਕੀਤੀ ਨਵੀਂ ਕਾਰ, ਕੀਮਤ 2.07 ਕਰੋੜ ਰੁਪਏ](https://static.jagbani.com/multimedia/2021_8image_12_17_499571537mercedesbenz.jpg)
ਆਟੋ ਡੈਸਕ– ਜਰਮਨ ਵਾਹਨ ਨਿਰਮਾਤਾ ਕੰਪਨੀ ਮਰਸੀਡੀਜ਼ ਬੈਂਜ਼ ਇੰਡੀਆ ਨੇ ਸੋਮਵਾਰ ਨੂੰ ਦੇਸ਼ ’ਚ ਆਪਣੀਆਂ ਪ੍ਰਦਰਸ਼ਨ ਕਾਰਾਂ ਦੇ ਲਾਈਨਅਪ ਨੂੰ ਮਜ਼ਬੂਤ ਬਣਾਉਣ ਲਈ ਆਪਣੀ AMG GLE 63 ਕੂਪ ਨੂੰ 2.07 ਕਰੋੜ ਰੁਪਏ ਦੀ ਕੀਮਤ ਨਾਲ ਲਾਂਚ ਕਰ ਦਿੱਤਾ ਹੈ। ਦੱਸ ਦੇਈਏ ਕਿ ਦੇਸ਼ ’ਚ ਏ.ਐੱਮ.ਜੀ. ਵਾਹਨਾਂ ਦੀ ਮੰਗ ’ਚ ਲਗਾਤਾਰ ਵਾਧਾ ਵੇਖਣ ਤੋਂ ਬਾਅਦ ਕੰਪਨੀ ਨੇ AMG GLE 63 ਕੂਪ ਨੂੰ ਸ਼ਾਮਲ ਕੀਤਾ ਹੈ।
ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਮਰਸਡੀਜ਼ ਬੈਂਜ਼ ਏ.ਐੱਮ.ਜੀ. ਈ.ਕਿਊ. ਬੂਸਟ ਦੇ ਨਾਲ ਕੰਪਨੀ ਦਾ ਪਹਿਲਾ 63 ਮਾਡਲ ਹੈ ਜੋ ਇਸ ਨੂੰ ਬਾਜ਼ਾਰ ’ਚ ਇਕ ਬੇਹੱਦ ਦਮਦਾਰ ਐੱਸ.ਯੂ.ਵੀ. ਕੂਪ ਬਣਾਉਂਦਾ ਹੈ। ਉਥੇ ਹੀ ਭਾਰਤੀ ਬਾਜ਼ਾਰ ’ਚ ਮਰਸੀਡੀਜ਼ ਏ.ਐੱਮ.ਜੀ. ਜੀ.ਐੱਲ.ਈ. 63 ਕੂਪ ਖਰੀਦਣ ਲਈ ਉਪਲੱਬਧ 12ਵਾਂ ਏ.ਐੱਮ.ਜੀ. ਮਾਡਲ ਹੈ।
ਇੰਜਣ, ਪਾਵਰ ਤੇ ਸਪੀਡ
ਮਰਸੀਡੀਜ਼ AMG GLE 63 ’ਚ ਕੰਪਨੀ ਨੇ ਟਵਿਨ-ਟਰਬੋ 4.0-ਲੀਟਰ ਵੀ8 ਇੰਜਣ ਦਿੱਤਾ ਹੈ, ਜੋ 612 ਐੱਚ.ਪੀ. ਦੀ ਪਾਵਰ ਅਤੇ 850 ਐੱਨ.ਐੱਮ. ਦਾ ਟਾਰਕ ਜਨਰੇਟ ਕਰਦਾ ਹੈ। ਇਹ ਇੰਜਣ ਇਕ ਇੰਟੀਗ੍ਰੇਟਿਡ ਈ.ਕਿਊ. ਬੂਸਟ ਸਟਾਰਟਰ-ਅਲਟਰਨੇਟਰ ਨਾਲ ਲੈਸ ਹੈ, ਜਿਸ ਦੀ ਮਦਦ ਨਾਲ ਵਾਹਨ ਨੂੰ 22 ਐੱਚ.ਪੀ. ਦੀ ਜ਼ਿਆਦਾ ਪਾਵਰ ਮਿਲਦੀ ਹੈ। ਸਪੀਡ ਦੀ ਗੱਲ ਕਰੀਏ ਤਾਂ ਇਹ ਕਾਰ ਸਿਰਫ਼ 3.8 ਸਕਿੰਟ ’ਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਦੀ ਹੈ, ਉਥੇ ਹੀ ਇਸ ਦੀ ਟਾਪ ਸਪੀਡ ਇਲੈਕਟ੍ਰੋਨਿਕ ਰੂਪ ਨਾਲ 280 ਕਿਲੋਮੀਟਰ ਪ੍ਰਤੀ ਘੰਟਾ ਤਕ ਸੀਮਿਤ ਹੈ। ਬਤੌਰ ਟ੍ਰਾਂਸਮਿਸ਼ਨ ਇਸ ਵਿਚ 9ਜੀ ਯੂਨਿਟ ਦਿੱਤੀ ਗਈ ਹੈ।
ਕਾਰ ਦਾ ਕੈਬਿਨ ਕਾਫੀ ਹੱਦ ਤਕ ਸਟੈਂਡਰਡ ਮਾਡਲ ਨਾਲ ਮਿਲਦਾ-ਜੁਲਦਾ ਹੈ। ਦੋਵਾਂ ’ਚ ਇਕ ਹੀ ਡੈਸ਼ਬੋਰਡ ਲੇਆਊਟ ਹੈ, ਜਿਸ ਵਿਚ ਦੋ 12.3-ਇੰਚ ਸਕਰੀਨ (ਇੰਫੋਟਨਮੈਂਟ ਅਤੇ ਇੰਸਟਰੂਮੈਂਟ ਕਲੱਸਟਰ ਲਈ) ਅਤੇ ਇੰਟੀਗ੍ਰੇਟ ਗ੍ਰੈਬ ਹੈਂਡਲ ਦੇ ਨਾਲ ਇਕ ਉਠਿਆ ਹੋਇਆ ਸੈਂਟਰ ਕੰਸੋਲ ਦਿੱਤਾ ਗਿਆ ਹੈ।
ਮਰਸੀਡੀਜ਼-ਬੈਂਜ਼ ਇੰਡੀਆ ਦੇ ਐੱਮ.ਡੀ. ਅਤੇ ਸੀ.ਈ.ਓ. ਮਾਰਟਿਨ ਸ਼ਵੇਨਕ ਨੇ ਕਿਹਾ ਕਿ ਏ.ਐੱਮ.ਜੀ. ਪੋਰਟਫੋਲੀਓ ਸਾਡੇ ਲਈ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਸੈਗਮੈਂਟ ਬਣਿਆ ਹੋਇਆ ਹੈ ਅਤੇ ਏ.ਐੱਮ.ਜੀ. ਜੀ.ਐੱਲ.ਈ. 63 ਐੱਸ. 4 ਮੈਟਿਕ+ ਕੂਪ ਦਾ ਲਾਂਚ ਲਗਜ਼ਰੀ ਪਰਫਾਰਮੈਂਸ ਸੈਗਮੈਂਟ ’ਚ ਸਾਡੀ ਮੌਜੂਦਗੀ ਨੂੰ ਮਜ਼ਬੂਤ ਕਰਦਾ ਹੈ।