LG ਦਾ ਅਨੋਖਾ ਇਲੈਕਟ੍ਰਿਕ ਮਾਸਕ, ਹੁਣ ਮੂੰਹ ’ਤੇ ਲਗਾ ਸਕੋਗੇ ਏਅਰ ਪਿਊਰੀਫਾਇਰ
Friday, Aug 28, 2020 - 01:09 PM (IST)
ਗੈਜੇਟ ਡੈਸਕ– ਇਲੈਕਟ੍ਰੋਨਿਕ ਕੰਪਨੀ ਐੱਲ.ਜੀ. ਨੇ ਇਕ ਅਜਿਹਾ ਮਾਸਕ ਪੇਸ਼ ਕੀਤਾ ਹੈ ਜਿਸ ਵਿਚ ਏਅਰ ਪਿਊਰੀਫਾਇਰ ਹੈ। LG PuriCare ਦੁਨੀਆ ਦਾ ਪਹਿਲਾ ਅਜਿਹਾ ਮਾਸਕ ਹੈ ਜੋ ਇਕ ਏਅਰ ਪਿਊਰੀਫਾਇਰ ਫਿਲਟਰ ਨਾਲ ਲੈਸ ਹੈ। LG PuriCare ਰਾਹੀਂ ਲੋਕਾਂ ਨੂੰ ਤਾਜ਼ੀ ਅਤੇ ਸਾਫ਼ ਹਵਾ ਮਿਲੇਗੀ। ਇਸ ਵਿਚ ਦੋ H13 HEPA ਫਿਲਟਰ ਲੱਗੇ ਹਨ ਜੋ ਖ਼ਤਰਨਾਕ ਕਿਟਾਣੂਆਂ ਨੂੰ ਤੁਹਾਡੇ ਤਕ ਪਹੁੰਚਣ ਤੋਂ ਰੋਕਦੇ ਹਨ। ਬਿਹਤਰ ਫਿਟਿੰਗ ਲਈ ਇਸ ਦਾ ਡਿਜ਼ਾਇਨ ਐਰਗੋਨੋਮਕ ਬਣਾਇਆ ਗਿਆ ਹੈ। LG PuriCare ਮਾਸਕ ਦਾ ਪ੍ਰਦਰਸ਼ਨ ਅਗਲੇ ਮਹੀਨੇ ਆਯੋਜਿਤ ਹੋਣ ਵਾਲੇ ਇਲੈਕਟ੍ਰੋਨਿਕ ਸ਼ੋਅ IFA 2020 ’ਚ ਹੋਵੇਗਾ। ਕੀਮਤ ਅਤੇ ਉਪਲੱਬਧਤਾ ਦੀ ਜਾਣਕਾਰੀ ਵੀ ਇਸੇ ਈਵੈਂਟ ’ਚ ਮਿਲੇਗੀ।
ਫੇਸ ਮਾਸਕ ਏਅਰ ਪਿਊਰੀਫਾਇਰ ’ਚ ਦੋ ਪੱਖੇ ਦਿੱਤੇ ਗਏ ਹਨ। ਇਸ ਵਿਚ ਲੱਗਾ ਸੈਂਸਰ ਯੂਜ਼ਰ ਦੇ ਸਾਹ ਲੈਣ ਦੀ ਰਫ਼ਤਾਰ ਦੇ ਹਿਸਾਬ ਨਾਲ ਪੱਖਿਆਂ ਦੀ ਸਪੀਡ ਸੈੱਟ ਕਰ ਦਿੰਦਾ ਹੈ, ਜਿਸ ਨਾਲ ਤੁਹਾਨੂੰ ਮਾਸਕ ਲਗਾ ਕੇ ਵੀ ਸਾਹ ਲੈਣ ’ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਐੱਲ.ਜੀ. ਵਲੋਂ ਏਅਰ ਪਿਊਰੀਫਾਇਰ ਮਾਸਕ ’ਚ ਉਸ ਫਿਲਟਰ ਦੀ ਵਰਤੋਂ ਕੀਤੀ ਗਈ ਹੈ ਜਿਸ ਨੂੰ ਕੰਪਨੀ ਸਾਊਥ ਕੋਰੀਆਈ ਏਅਰ ਪਿਊਰੀਫਾਇਰ ਪ੍ਰੋਡਕਟ ’ਚ ਇਸਤੇਮਾਲ ਕਰਦੀ ਹੈ।
ਸਮਾਰਟਫੋਨ ਐਪ ਨਾਲ ਕੰਟਰੋਲ ਹੋਵੇਗਾ ਇਹ ਮਾਸਕ
ਐੱਲ.ਜੀ. ਦੇ ਏਅਰ ਪਿਊਰੀਫਾਇਰ ਮਾਸਕ ’ਚ UV-LED ਵੀ ਦਿੱਤੀ ਗਈ ਹੈ, ਜਿਸ ਨਾਲ ਖ਼ਤਰਨਾਕ ਕਿਟਾਣੂਆਂ ਨੂੰ ਮਾਰਿਆ ਜਾ ਸਕੇਗਾ। ਇਸ ਮਾਸਕ ਨੂੰ ਫੋਨ ਦੀ ਐਪ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਮਾਸਕ ਦਾ ਬਾਹਰੀ ਹਿੱਸਾ ਪਲਾਸਟਿਕ ਨਾਲ ਬਣਿਆ ਹੈ ਜਦਕਿ ਅੰਦਰੂਨੀ ਹਿੱਸਾ ਸੀਲੀਕਾਨ ਮਟੀਰੀਅਲ ਨਾਲ ਬਣਆਇਆ ਗਿਆ ਹੈ। ਇਸ ਦਾ ਭਾਰ 120 ਗ੍ਰਾਮ ਹੈ।
ਇਹ ਏਅਰ ਪਿਊਰੀਫਾਇਰ ਆਸਾਨੀ ਨਾਲ ਫੇਸ ਨੂੰ ਕਵਰ ਕਰ ਲੈਂਦਾ ਹੈ ਅਤੇ ਇਹ ਬੈਟਰੀ ਦੀ ਮਦਦ ਨਾਲ ਕੰਮ ਕਰਦਾ ਹੈ। PuriCare ਫੇਸ ਮਾਸਕ ’ਚ 820mAh ਦੀ ਬੈਟਰੀ ਲੱਗੀ ਹੈ ਜੋ ਕਿ ਸਿੰਗਲ ਚਾਰਜ ’ਚ 8 ਘੰਟਿਆਂ ਤਕ ਆਰਾਮ ਨਾਲ ਕੰਮ ਕਰਦੀ ਹੈ। ਉਥੇ ਹੀ ਹਾਈ-ਪਰਫਾਰਮੈਂਸ ਮੋਡ ’ਚ ਤੁਸੀਂ ਦੋ ਘੰਟਿਆਂ ਤਕ ਇਸ ਦੀ ਵਰਤੋਂ ਕਰ ਸਕੋਗੇ। ਕੰਪਨੀ ਨੇ ਇਸ ਇਲੈਕਟ੍ਰੋਨਿਕ ਕਪਿਊਰੀਫਾਇਰ ਲਈ ਖ਼ਾਸ ਕੈਰੀ ਕੇਸ ਵੀ ਤਿਆਰ ਕੀਤਾ ਹੈ, ਜਿਸ ਨੂੰ ਸ਼ਾਇਦ ਨਾਲ ਹੀ ਦਿੱਤਾ ਜਾਵੇਗਾ।