ਗਲਵਾਨ ਘਾਟੀ ’ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਲਈ 40 ਲੱਖ ਰੁਪਏ ਦੀ ਮਦਦ ਕਰੇਗੀ LAVA
Saturday, Jun 27, 2020 - 12:03 PM (IST)
ਗੈਜੇਟ ਡੈਸਕ– ਭਾਰਤੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਲਾਵਾ ਇੰਟਰਨੈਸ਼ਨਲ ਨੇ ਗਲਵਾਨ ਘਾਟੀ ’ਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਕੁਲ ਮਿਲਾ ਕੇ 40 ਲੱਖ ਰੁਪਏ ਦਾ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ. 15-16 ਜੂਨ ਨੂੰ ਗਲਵਾਨ ਘਾਟੀ ’ਤੇ 20 ਭਾਰਤੀ ਜਵਾਨ ਸ਼ਹੀਦ ਹੋਏ ਸਨ। ਇਨ੍ਹਾਂ ’ਚੋਂ ਹਰ ਇਕ ਦੇ ਪਰਿਵਾਰ ਨੂੰ 2 ਲੱਖ ਰੁਪਏ ਕੰਪਨੀ ਦੇਵੇਗੀ। ਲਾਵਾ ਇਹ ਰਾਸ਼ੀ ਨਵੀਂ ਦਿੱਲੀ ਦੇ ਦੱਖਣੀ ਬਲਾਕ ’ਚ ਆਰਮੀ ਬੈਟਲ ਕੈਜੁਅਲਟੀਜ਼ ਵੈਲਫੇਅਰ ਫੰਡ ’ਚ ਜਮ੍ਹਾ ਕਰਵਾਏਗੀ।
ਲਾਵਾ ਦੇ ਪ੍ਰੈਜ਼ੀਡੈਂਟ ਅਤੇ ਬਿਜ਼ਨੈੱਸ ਹੈੱਡ ਸੁਨੀਲ ਰੈਨਾ ਨੇ ਕਿਹਾ ਹੈ ਕਿ ਅਸੀਂ ਇਕ ਭਾਰਤੀ ਬਰਾਂਡ ਦੇ ਰੂਪ ’ਚ ਆਪਣੇ ਬਹਾਦਰ ਜਵਾਨਾਂ ਦੀ ਦੇਸ਼ ਭਗਤੀ ਨੂੰ ਸਲਾਮ ਕਰਦੇ ਹਾਂ। ਉਨ੍ਹਾਂ ਨੇ ਐੱਲ.ਏ.ਸੀ. ’ਚ ਬਹਾਦਰੀ ਨਾਲ ਲੜਾਈ ਲੜੀ ਅਤੇ ਆਪਣੇ ਦੇਸ਼ ਦੀ ਰੱਖਿਆ ਕਰਦੇ ਹੋਏ ਆਪਣੀ ਜਾਨ ਦਿੱਤੀ। ਇਹ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਕਿ ਇਕ ਰਾਸ਼ਟਰ ਦੇ ਰੂਪ ’ਚ ਅਸੀਂ ਆਪਣੇ ਰਾਸ਼ਟਰ ਲਈ ਕਿਸੇ ਵੀ ਖ਼ਤਰੇ ਖ਼ਿਲਾਫ ਇਕਜੁਟ ਹੋਈਏ ਅਤੇ ਦੇਸ਼ ਲਈ ਆਪਣਾ ਕੰਮ ਕਰੀਏ।
ਇਸ ਤੋਂ ਇਲਾਵਾ ਕੰਪਨੀ ਨੇ ਲੋਕਾਂ ਨੂੰ ਲਾਵਾ ਦੇ ਫੋਨਸ ਖ਼ਰੀਦਣ ਦੀ ਅਪੀਲ ਕੀਤੀ ਹੈ ਕਿਉਂਕਿ ਕੰਪਨੀ ਜੁਲਾਈ ਦੀ ਵਿਕਰੀ ਨਾਲ ਹੀ ਇਹ ਰਾਸ਼ੀ ਜਵਾਨਾਂ ਦੇ ਪਰਿਵਾਰਾਂ ਨੂੰ ਦੇਵੇਗੀ।