ChatGPT ਤੋਂ ਬੈਨ ਹਟਾ ਸਕਦੈ ਇਟਲੀ ਪਰ ਕੰਪਨੀ ਨੂੰ ਮੰਨਣੀ ਹੋਵੇਗੀ ਇਹ ਗੱਲ
Tuesday, Apr 18, 2023 - 05:49 PM (IST)
ਗੈਜੇਟ ਡੈਸਕ- ਇਟਲੀ ਦੇ ਡਾਟਾ ਪ੍ਰੋਟੈਕਸ਼ਨ ਦੇ ਪ੍ਰਮੁੱਖ ਪਾਸਕੇਲ ਸਟੈਂਡਜਿਓਨੀ ਨੇ ਮੰਗਲਵਾਰ ਨੂੰ ਕਿਹਾ ਕਿ ਇਟਲੀ ਦਾ ਡਾਟਾ ਪ੍ਰੋਟੈਕਸ਼ਨ ਅਧਿਕਾਰੀ ਅਪ੍ਰੈਲ ਦੇ ਅਖੀਰ ਤਕ ਚੈਟਜੀਪੀਟੀ ਚੈਟਬਾਟ ਤੋਂ ਬੈਨ ਹਟਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਇਸਦੇ ਨਿਰਮਾਤਾ ਓਪਨ ਏ.ਆਈ. ਏਜੰਸੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਉਪਯੋਗੀ ਕਦਮ ਚੁੱਕਦੇ ਹਨ ਤਾਂ ਇਸ ਤੋਂ ਬੈਨ ਹਟਾਇਆ ਜਾ ਸਕਦਾ ਹੈ।
ਮਾਈਕ੍ਰੋਸਾਫਟ ਕਾਰਪ-ਸਮਰਥਿਤ ਓਪਨ ਏ.ਆਈ. ਦੇ ਚੈਟਜੀਪੀਟੀ ਨੂੰ ਮਾਰਚ ਦੇ ਅਖੀਰ 'ਚ ਇਟਲੀ 'ਚ ਬੈਨ ਕੀਤਾ ਗਿਆ ਸੀ। ਇਸਤੋਂ ਬਾਅਦ ਇਸਨੂੰ ਦੇਸ਼ 'ਚ ਆਫਲਾਈਨ ਕਰ ਦਿੱਤਾ ਗਿਆ ਸੀ। ਇਸਤੋਂ ਬਾਅਦ ਓਪਨ ਏ.ਆਈ. ਨੇ ਦੱਸਿਆ ਸੀ ਕਿ ਉਸਨੇ ਇਟਲੀ ਦੇ ਡਾਟਾ ਸੁਰੱਖਿਆ ਰੈਗੂਲੇਟਰ ਦੀ ਅਪੀਲ 'ਤੇ ਇਟਲੀ 'ਚ ਯੂਜ਼ਰਜ਼ ਲਈ ਚੈਟਜੀਪੀਟੀ ਨੂੰ ਬੰਦ ਕਰ ਦਿੱਤਾ ਹੈ ਪਰ ਅਸੀਂ ਜਲਦ ਹੀ ਵਾਪਸੀ ਕਰਾਂਗੇ। ਕੰਪਨੀ ਦੇ ਸੀ.ਈ.ਓ. ਸੈਮ ਅਲਟਮੈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ।
ਇਟਲੀ ਨੇ ਕਿਉਂ ਲਗਾਇਆ ਸੀ ਬੈਨ
ਇਟਲੀ ਚੈਟਜੀਪੀਟੀ 'ਤੇ ਬੈਨ ਲਗਾਉਣ ਵਾਲਾ ਪਹਿਲਾ ਦੇਸ਼ ਸੀ। ਇਸਤੋਂ ਪਹਿਲਾਂ ਫਰਾਂਸ ਦੀ ਯੂਨੀਵਰਸਿਟੀ ਨੇ ਚੈਟਜੀਪੀਟੀ ਦੀ ਵਰਤੋਂ 'ਤੇ ਪਾਬੰਦੀ ਲਗਾਈ ਸੀ। ਬੈਨ ਨੂੰ ਲੈ ਕੇ ਇਟਲੀ ਦੇ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਸੀ ਕਿ ਇਹ ਚੈਟਬਾਟ ਲੋਕਾਂ ਦੀ ਨਿੱਜੀ ਜਾਣਕਾਰੀ ਅਤੇ ਪ੍ਰਾਈਵੇਸੀ ਦੇ ਨਾਲ ਖਿਲਵਾੜ ਕਰ ਰਿਹਾ ਹੈ। ਇਟਲੀ ਡਾਟਾ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਸੀ ਕਿ ਏ.ਆਈ. ਮਾਡਲ ਨਾਲ ਸੰਬੰਧਿਤ ਪ੍ਰਾਈਵੇਸੀ ਸੰਬੰਧੀ ਚਿੰਤਾਂਵਾ ਸਨ। ਸਰਕਾਰ ਦਾ ਕਹਿਣਾ ਸੀ ਕਿ ਇਹ ਚੈਟਬਾਟ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰ ਰਿਹਾ ਹੈ ਜੋ ਕਿ ਸਹੀ ਨਹੀਂ ਹੈ ਅਤੇ ਨਿਯਮਾਂ ਦਾ ਉਲੰਘਣ ਹੈ।