ਟਵਿਟਰ ’ਤੇ ਮੀਡੀਆ ਸੰਸਥਾਨਾਂ, ਪੱਤਰਕਾਰਾਂ ਦੇ ਟਵੀਟ ਹਟਾਉਣ ਦੀ ਮੰਗ ਕਰਨ ਵਾਲੇ ਦੇਸ਼ਾਂ ’ਚ ਭਾਰਤ ਅੱਗੇ
Saturday, Jul 30, 2022 - 10:44 AM (IST)

ਨਵੀਂ ਦਿੱਲੀ (ਭਾਸ਼ਾ)– ਜੁਲਾਈ ਤੋਂ ਦਸੰਬਰ 2021 ਵਿਚਾਲੇ ਗਲੋਬਲ ਪੱਧਰ ’ਤੇ ਭਾਰਤ ਨੇ ਟਵੀਟਰ ’ਤੇ ਪ੍ਰਮਾਣਿਤ ਪੱਤਰਕਾਰਾਂ ਅਤੇ ਮੀਡੀਆ ਸੰਸਥਾਨਾਂ ਵਲੋਂ ਪੋਸਟ ਕੀਤੀ ਗਈ ਸਮੱਗਰੀ ਨੂੰ ਹਟਾਉਣ ਦੀ ਕਾਨੂੰਨੀ ਮੰਗ ਸਭ ਤੋਂ ਜ਼ਿਆਦਾ ਕੀਤੀ। ਮਾਈਕ੍ਰੋਬਲਾਗਿੰਗ ਵੈੱਬਸਾਈਟ ਨੇ ਆਪਣੀ ਹਾਲੀਆ ਪਾਰਦਰਸ਼ਿਤਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪੋਟਰ ਮੁਤਾਬਕ ਟਵਿਟਰ ਖਾਤਿਆਂ ਨਾਲ ਜੁੜੀ ਜਾਣਕਾਰੀ ਮੰਗਣ ਵਿਚ ਭਾਰਤ ਸਿਰਫ ਅਮਰੀਕਾ ਤੋਂ ਪਿੱਛੇ ਸੀ। ਗਲੋਬਲ ਪੱਧਰ ’ਤੇ ਮੰਗੀ ਗਈ ਜਾਣਕਾਰੀ ਵਿਚ ਉਸਦੀ ਹਿੱਸੇਦਾਰੀ 19 ਫੀਸਦੀ ਸੀ। ਰਿਪੋਰਟ ਮੁਤਾਬਕ, ਭਾਰਤ ਜੁਲਾਈ ਤੋਂ ਦਸੰਬਰ 2021 ਵਿਚਾਲੇ ਸਾਰੇ ਤਰ੍ਹਾਂ ਦੇ ਖਪਤਕਾਰਾਂ ਦੇ ਮਾਮਲੇ ਵਿਚ ਸਮੱਗਰੀ ਨੂੰ ਪਾਬੰਦੀਸ਼ੁਦਾ ਕਰਨ ਦਾ ਹੁਕਮ ਦੇਣ ਵਾਲੇ ਚੋਟੀ ਦੇ 5 ਦੇਸ਼ਾਂ ਵਿਚ ਸ਼ਾਮਲ ਸੀ। ਟਵਿਟਰ ਨੇ ਦੱਸਿਆ ਕਿ ਜੁਲਾਈ ਤੋਂ ਦਸੰਬਰ 2021 ਵਿਚਾਲੇ ਉਸਨੂੰ ਦੁਨੀਆਭਰ ਤੋਂ ਪ੍ਰਮਾਣਿਤ ਪੱਤਰਕਾਰਾਂ ਅਤੇ ਮੀਡੀਆ ਸੰਸਥਾਨਾਂ ਨਾਲ ਜੁੜੇ 349 ਅਕਾਊਂਟਸ ’ਤੇ ਮੌਜੂਦ ਸਮੱਗਰੀ ਨੂੰ ਹਟਾਉਣ ਦੀ ਕਾਨੂੰਨੀ ਮੰਗ ਹਾਸਲ ਹੋਈ।
ਕੰਪਨੀ ਮੁਤਾਬਕ ਜਿਨ੍ਹਾਂ ਅਕਾਊਂਟ ਦੀ ਸਮੱਗਰੀ ’ਤੇ ਇਤਰਾਜ਼ ਦਰਜ ਕਰਵਾਇਆ ਗਿਆ, ਉਨ੍ਹਾਂ ਦੀ ਗਿਣਤੀ ਪਹਿਲਾਂ ਦੀ ਮਿਆਦ (ਜਨਵਰੀ ਤੋਂ ਜੂਨ 2021) ਤੋਂ 103 ਫੀਸਦੀ ਜ਼ਿਆਦਾ ਹੈ। ਟਵਿਟਰ ਮੁਤਾਬਕ, ਇਸ ਵਾਧੇ ਲਈ ਮੁੱਖ ਤੌਰ ’ਤੇ ਭਾਰਤ (114), ਤੁਰਕੀ (78), ਰੂਸ (55) ਅਤੇ ਪਾਕਿਸਤਾਨ (48) ਵਲੋਂ ਦਾਖਿਲ ਕਾਨੂੰਨੀ ਇਤਰਾਜ਼ ਜ਼ਿੰਮੇਵਾਰ ਹਨ।