ਬਜਾਜ ਤੇ TVS ਤੋਂ ਬਾਅਦ ਹੁਣ ਇਲੈਕਟ੍ਰਿਕ ਸਕੂਟਰ ਲਿਆਉਣ ਦੀ ਤਿਆਰੀ ’ਚ ਹੋਂਡਾ

01/28/2020 1:15:42 PM

ਆਟੋ ਡੈਸਕ– ਦੇਸ਼ ’ਚ ਪ੍ਰਮੁੱਖ ਟੂ-ਵ੍ਹੀਲਰ ਕੰਪਨੀਆਂ ਇਲੈਕਟ੍ਰਿਕ ਸੈਗਮੈਂਟ ’ਚ ਐਂਟਰੀ ਕਰ ਰਹੀਆਂ ਹਨ। ਬਜਾਜ ਅਤੇ ਟੀ.ਵੀ.ਐੱਸ. ਤੋਂ ਬਾਅਦ ਹੁਣ ਇਕ ਹੋਰ ਵੱਡੀ ਕੰਪਨੀ ਹੋਂਡਾ ਭਾਰਤੀ ਬਾਜ਼ਾਰ ’ਚ ਇਲੈਕਟ੍ਰਿਕ ਸਕੂਟਰ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਪਾਨ ਦੀ ਹੋਂਡਾ ਚੀਨ ’ਚ ਵਿਕ ਰਹੇ ਆਪਣੇ ਇਲੈਕਟ੍ਰਿਕ ਸਕੂਟਰ ਦਾ ਇਕ ਮਾਡਲ ਭਾਰਤ ’ਚ ਲਿਆ ਰਹੀ ਹੈ। ਇਸ ਮਾਡਲ ਨਾਲ ਉਹ ਭਾਰਤੀ ਬਾਜ਼ਾਰ ’ਚ ਇਸ ਸਕੂਟਰ ਦੀਆਂ ਕਾਬਲੀਅਤਾਂ ਦੀ ਪੜਚੋਲ ਕਰਨਾ ਚਾਹੁੰਦੀ ਹੈ।

ਹੋਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ (HMSI) ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ (ਮਾਰਕੀਟਿੰਗ ਐਂਡ ਸੇਲਸ) ਯਦਵਿੰਦਰ ਸਿੰਘ ਗੁਲੇਰੀਆ ਨੇ ਦੱਸਿਆ ਕਿ ਅਸੀਂ ਚੀਨ ’ਚ ਪਹਿਲਾਂ ਤੋਂ ਵਿਕ ਰਹੇ ਸਕੂਟਰ ਨੂੰ ਇਥੇ ਲਿਆਵਾਂਗੇ ਘਰੇਲੂ ਬਾਜ਼ਾਰ ਦੇ ਲਿਹਾਜ ਨਾਲ ਉਸ ਦੀ ਸਮਰੱਥਾ ਦਾ ਪਤਾ ਲਗਾਉਣ ਲਈ ਸਰਵੇ ਕੀਤਾ ਜਾਵੇਗਾ। ਇਸ ਵਿਚ ਇਕ ਸਾਲ ਦਾ ਸਮਾਂ ਲੱਗ ਸਕਦਾ ਹੈ। ਗੁਲੇਰੀਆ ਨੇ ਚੀਨ ਤੋਂ ਲਿਆਏ ਜਾਣ ਵਾਲੇ ਮਾਡਲ ਦੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। 

ਹੋਂਡਾ ਨੇ ਹਾਲ ਹੀ ’ਚ ਸ਼ੰਘਾਈ ’ਚ ਹੋਏ ਆਟੋ ਸ਼ੋਅ ’ਚ ਲੀਥੀਅਮ ਇਲੈਕਟ੍ਰਿਕ ਸਕੂਟਰ ‘VGO’ ਪੇਸ਼ ਕੀਤਾ ਹੈ। ਕੰਪਨੀ ਸਰਵੇ ਰਾਹੀਂ ਸਕੂਟਰ ਦੀ ਪਰਫਾਰਮੈਂਸ ਅਤੇ ਇੰਫਰਾਸਟਰਕਚਰ ਦੇ ਲਿਹਾਜ ਨਾਲ ਭਾਰਤੀ ਗਾਹਕਾਂ ਦੀਆਂ ਲੋੜਾਂ ਨੂੰ ਸਮਝਣਾ ਚਾਹੁੰਦੀ ਹੈ। ਗੁਲੇਰੀਆ ਨੇ ਦੱਸਿਆ ਕਿ ਸਰਵੇ ’ਚ ਇਨ੍ਹਾਂ ਸਭ ਚੀਜ਼ਾਂ ਦਾ ਪਤਾ ਲਗਾਇਆ ਜਾਵੇਗਾ। ਨਤੀਜਿਆਂ ਦੇ ਆਧਾਰ ’ਤੇ ਅਸੀਂ ਇਲੈਕਟ੍ਰਿਕ ਵ੍ਹੀਕਲ ’ਤੇ ਆਪਣੇ ਅਗਲੇ ਕਦਮ ਦਾ ਐਲਾਨ ਕਰਾਂਗੇ। 

ਇਲੈਕਟ੍ਰਿਕ ਟੂ-ਵ੍ਹੀਲਰ ਸੈਗਮੈਂਟ ’ਚ ਆਉਣ ਵਾਲੇ ਤੀਜੀ ਵੱਡੀ ਕੰਪਨੀ 
ਹੋਂਡਾ ਤੀਜੀ ਵੱਡੀ ਕੰਪਨੀ ਹੈ, ਜੋ ਭਾਰਤ ਦੇ ਇਲੈਕਟ੍ਰਿਕ ਟੂ-ਵ੍ਹੀਲਰ ਸੈਗਮੈਂਟ ’ਚ ਵੱਡਾ ਕਦਮ ਚੁੱਕਣ ਜਾ ਰਹੀ ਹੈ। ਇਸ ਤੋਂ ਪਹਿਲਾਂ ਟੀ.ਵੀ.ਐੱਸ. ਅਤੇ ਬਜਾਜ ਦੇਸ਼ ’ਚ ਇਲੈਕਟ੍ਰਿਕ ਸਕੂਟਰ ਲਾਂਚ ਕਰ ਚੁੱਕੇ ਹਨ। ਚੇਨਈ ਦੀ ਟੀ.ਵੀ.ਐੱਸ. ਮੋਟਰ ਕੰਪਨੀ ਨੇ ਪਿਛਲੇ ਹਫਤੇ ਇਲੈਕਟ੍ਰਿਕ ਸਕੂਟਰ ਆਈਕਿਊਬ ਨੂੰ 1.15 ਲੱਖ ਰੁਪਏ ’ਚ ਲਾਂਚ ਕੀਤਾ ਹੈ। ਉਥੇ ਹੀ ਬਜਾਜ ਆਟੋ ਨੇ ਇਸੇ ਮਹੀਨੇ ਇਲੈਕਟ੍ਰਿਕ ਸਕੂਟਰ ਚੇਤਕ ਨੂੰ 1 ਲੱਖ- 1.15 ਲੱਖ ਰੁਪਏ ’ਚ ਬਾਜ਼ਾਰ ’ਚ ਉਤਾਰਿਆ ਹੈ। 


Related News