ਬੁਲੇਟ ਨੂੰ ਟੱਕਰ ਦੇਣ ਆ ਰਹੀ ਹੈ ਹਾਰਲੇ ਡੇਵਿਡਸਨ ਦੀ 300cc ਵਾਲੀ ਬਾਈਕ
Wednesday, Apr 21, 2021 - 01:54 PM (IST)
ਆਟੋ ਡੈਸਕ– ਹਾਰਲੇ ਡੇਵਿਡਸਨ ਛੇਤੀ ਹੀ 300cc ਸੈਗਮੈਂਟ ’ਚ ਆਪਣੀ ਬਾਈਕ ਉਤਾਰਨ ਵਾਲੀ ਹੈ। ਹਾਰਲੇ ਇਸ ਬਾਈਕ ਨੂੰ ਚੀਨੀ ਕੰਪਨੀ ਕਿਯਾਨਜਿਆਂਗ ਦੇ ਨਾਲ ਮਿਲ ਕੇ ਬਣਾ ਰਹੀ ਹੈ। ਚੀਨ ’ਚ ਇਸ ਬਾਈਕ ਦਾ ਪ੍ਰੋਡਕਸ਼ਨ ਵਰਜ਼ਨ ਵੀ ਵੇਖਿਆ ਜਾ ਚੁੱਕਾ ਹੈ। ਚੀਨ ’ਚ ਅਜੇ ਇਸ 300cc ਬਾਈਕ ਨੂੰ SRV300 ਨਾਂ ਦਿੱਤਾ ਗਿਆ ਹੈ। ਦੱਸ ਦੇਈਏ ਕਿ ਹਾਰਲੇ ਡੇਵਿਡਸਨ ਦੀ 300cc ਰੋਡਸਟਰ ਬਾਈਕ ਦੀਆਂ ਕੁਝ ਤਸਵੀਰਾਂ ਪਹਿਲਾਂ ਹੀ ਲੀਕ ਹੋ ਗਈਆਂ ਸਨ, ਜਿਸ ਤੋਂ ਬਾਅਦ ਬਾਈਕ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਇੰਟਰਨੈੱਟ ’ਤੇ ਵਾਇਰਲ ਹੋਈਆਂ ਬਾਈਕ ਦੀਆਂ ਤਸਵੀਰਾਂ ਨੂੰ ਵੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਬਾਈਕ ਹਾਰਲੇ ਦੇ ਮਸ਼ਹੂਰ ਮਾਡਲ Iron 883 ਵਰਗੀ ਹੈ। ਬਾਈਕ ਦੇ ਹੈੱਡਲੈਂਪ ਅਤੇ ਇੰਡੀਕੇਟਰਸ ਨੂੰ ਰਾਊਂਡ ਸ਼ੇਪ ’ਚ ਦਿੱਤਾ ਗਿਆ ਹੈ।
ਇੰਜਣ ਦੀ ਗੱਲ ਕਰੀਏ ਤਾਂ ਇਹ ਬਾਈਕ 296cc ਵਾਟਰ-ਕੂਲਡ ਓਵਰਹੈੱਡ-ਕੈਮ ਟਵਿਨ ਇੰਜਣ ਨਾਲ ਲੈਸ ਹੋਵੇਗੀ, ਜੋ 30 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ। ਇਸ ਬਾਈਕ ਦੀ ਸਪੀਡ 130 ਕਿਲੋਮੀਟਰ ਪ੍ਰਤੀ ਘੰਟਾ ਤਕ ਸੀਮਿਤ ਹੋਵੇਗੀ। ਇਸ ਵਿਚ 16-ਇੰਚ ਦੇ ਫਰੰਟ ਅਤੇ 15-ਇੰਚ ਦੇ ਰੀਅਲ ਵ੍ਹੀਲ ਹਨ। SRV300 ’ਚ ਫੁਲੀ ਡਿਜੀਟਲ ਇੰਸਟਰੂਮੈਂਟ ਕਲੱਸਟਰ ਮਿਲੇਗਾ। ਇਸ ਵਿਚ ਨੈਵਿਗੇਸ਼ਨ ਲਈ ਬਲੂਟੂਥ ਕੁਨੈਕਟੀਵਿਟੀ ਵੀ ਮੌਜੂਦ ਹੋਵੇਗੀ। ਸੁਰੱਖਿਆ ਦੇ ਲਿਹਾਜ ਨਾਲ ਇਹ ਬਾਈਕ ਫਰੰਟ ਅਤੇ ਰੀਅਲ ਡਿਸਕ ਬ੍ਰੇਕ ਨਾਲ ਲੈਸ ਹੋਵੇਗੀ। ਇਸ ਵਿਚ ਤੁਹਾਨੂੰ ਡਿਊਲ ਚੈਨਲ ਐਂਟੀ-ਲਾਕ ਬ੍ਰੇਕਿੰਗ ਸਿਸਟਮ ਮਿਲੇਗਾ।
ਜੇਕਰ ਇਹ ਬਾਈਕ ਭਾਰਤੀ ਬਾਜ਼ਾਰ ’ਚ ਆਉਂਦੀ ਹੈ ਤਾਂ ਇਸ ਦਾ ਸਿੱਧਾ ਮੁਕਾਬਲਾ ਰਾਇਲ ਐਨਫੀਲਡ ਮਿਟਿਓਰ 350 ਅਤੇ ਬੇਨੇਲੀ ਇੰਪੀਰੀਅਲ 400 ਨਾਲ ਹੋਵੇਗਾ। ਹਾਲਾਂਕਿ ਕੰਪਨੀ ਵਲੋਂ ਇਸ ’ਤੇ ਅਜੇ ਤਕ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ।