ਹੁਣ ਝਾੜੂ-ਪੋਚੇ ਦੀ ਟੈਂਸ਼ਨ ਖ਼ਤਮ: Haier ਨੇ ਲਾਂਚ ਕੀਤਾ ਸਮਾਰਟ ਰੋਬੋਟ
Thursday, Nov 26, 2026 - 09:03 PM (IST)
ਨਵੀਂ ਦਿੱਲੀ : ਘਰੇਲੂ ਕੰਮਕਾਜ ਨੂੰ ਹੋਰ ਸੌਖਾ ਬਣਾਉਂਦਿਆਂ ਕੰਜ਼ਿਊਮਰ ਇਲੈਕਟ੍ਰੋਨਿਕਸ ਕੰਪਨੀ ਹਾਇਰ (Haier) ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ ਸਮਾਰਟ ਰੋਬੋਟ ਵੈਕਿਊਮ ਕਲੀਨਰ 'Civic AI Maxx' ਲਾਂਚ ਕਰ ਦਿੱਤਾ ਹੈ। ਇਹ ਨਵਾਂ ਡਿਵਾਈਸ ਸਿਰਫ਼ ਫ਼ਰਸ਼ ਤੋਂ ਧੂੜ-ਮਿੱਟੀ ਹੀ ਸਾਫ਼ ਨਹੀਂ ਕਰੇਗਾ, ਸਗੋਂ ਪੋਚੇ ਨੂੰ ਖ਼ੁਦ ਧੋਣ ਅਤੇ ਸੁਕਾਉਣ ਦੀ ਜ਼ਿੰਮੇਵਾਰੀ ਵੀ ਸੰਭਾਲੇਗਾ। ਇਸ ਵਿੱਚ 8,000Pa ਦੀ ਜ਼ਬਰਦਸਤ ਸਕਸ਼ਨ ਪਾਵਰ ਦਿੱਤੀ ਗਈ ਹੈ ਅਤੇ ਕੰਪਨੀ ਦਾ ਦਾਅਵਾ ਹੈ ਕਿ ਇੱਕ ਵਾਰ ਚਾਰਜ ਹੋਣ 'ਤੇ ਇਹ 180 ਮਿੰਟ ਤੱਕ ਸਫ਼ਾਈ ਕਰ ਸਕਦਾ ਹੈ।
Haier Civic AI Maxx ਦੀ ਭਾਰਤ ਵਿੱਚ ਕੀਮਤ 59,999 ਰੁਪਏ ਰੱਖੀ ਗਈ ਹੈ। ਗਾਹਕ ਇਸ ਨੂੰ ਹਾਇਰ ਦੇ ਅਧਿਕਾਰਤ ਆਨਲਾਈਨ ਸਟੋਰ, ਰਿਟੇਲ ਆਊਟਲੈੱਟਸ ਅਤੇ ਪ੍ਰਮੁੱਖ ਈ-ਕਾਮਰਸ ਪਲੇਟਫ਼ਾਰਮਾਂ ਤੋਂ ਖ਼ਰੀਦ ਸਕਣਗੇ। ਕੰਪਨੀ ਇਸ ਡਿਵਾਈਸ ਨਾਲ ਇੱਕ ਸਾਲ ਦੀ ਵਾਰੰਟੀ ਦੇ ਰਹੀ ਹੈ।
ਇਸ ਨਾਲ ਮਿਲਣ ਵਾਲੇ 'ਆਟੋ ਮੇਨਟੇਨੈਂਸ ਡੌਕ' ਵਿੱਚ 4-4 ਲੀਟਰ ਦੇ ਸਾਫ਼ ਅਤੇ ਗੰਦੇ ਪਾਣੀ ਦੇ ਵੱਖਰੇ ਟੈਂਕ ਦਿੱਤੇ ਗਏ ਹਨ, ਜੋ ਘੁੰਮਣ ਵਾਲੇ ਪੋਚੇ ਨੂੰ ਸਾਫ਼ ਕਰਦੇ ਹਨ ਅਤੇ ਬਾਅਦ ਵਿੱਚ 45 ਡਿਗਰੀ ਸੈਲਸੀਅਸ ਗਰਮ ਹਵਾ ਨਾਲ ਸੁਕਾ ਦਿੰਦੇ ਹਨ। ਸਫ਼ਾਈ ਪੂਰੀ ਹੋਣ 'ਤੇ ਡੌਕ ਧੂੜ ਨੂੰ 3 ਲੀਟਰ ਦੇ ਬੈਗ ਵਿੱਚ ਇਕੱਠਾ ਕਰ ਲੈਂਦਾ ਹੈ। ਇਹ LDS ਲੇਜ਼ਰ ਨੈਵੀਗੇਸ਼ਨ ਤਕਨੀਕ ਰਾਹੀਂ ਘਰ ਦਾ ਨਕਸ਼ਾ ਬਣਾਉਂਦਾ ਹੈ ਅਤੇ ਕਈ ਮੰਜ਼ਿਲਾਂ ਦਾ ਨਕਸ਼ਾ ਸੇਵ ਰੱਖ ਸਕਦਾ ਹੈ। ਇਸ ਵਿੱਚ DC ਬਰੱਸ਼ਲੈੱਸ ਮੋਟਰ, ਰਬਰ ਰੋਲਰ ਬਰੱਸ਼ ਅਤੇ ਕੋਨਿਆਂ ਦੀ ਸਫ਼ਾਈ ਲਈ ਆਟੋ ਐਕਸਟੈਂਡਿੰਗ ਮੋਪ ਵੀ ਦਿੱਤਾ ਗਿਆ ਹੈ। ਇਸ ਵਿੱਚ ਸਿਰਫ਼ ਝਾੜੂ, ਸਿਰਫ਼ ਪੋਚਾ, ਪਹਿਲਾਂ ਝਾੜੂ ਫਿਰ ਪੋਚਾ ਅਤੇ ਦੋਵੇਂ ਕੰਮ ਇਕੱਠੇ ਕਰਨ ਦੇ 4 ਮੋਡ ਹਨ। 5,200mAh ਦੀ ਬੈਟਰੀ ਨਾਲ ਲੈਸ ਇਹ ਰੋਬੋਟ ਬੈਟਰੀ ਘੱਟ ਹੋਣ 'ਤੇ ਖ਼ੁਦ ਚਾਰਜਿੰਗ ਡੌਕ 'ਤੇ ਵਾਪਸ ਆ ਜਾਂਦਾ ਹੈ।
ਅਲਟਰਾਸੋਨਿਕ ਕਾਰਪੈੱਟ ਡਿਟੈਕਸ਼ਨ ਤਕਨੀਕ ਕਾਰਨ ਕਾਲੀਨ 'ਤੇ ਪਹੁੰਚਦਿਆਂ ਹੀ ਇਸ ਦੀ ਸਕਸ਼ਨ ਪਾਵਰ ਆਪਣੇ ਆਪ ਵਧ ਜਾਂਦੀ ਹੈ। ਯੂਜ਼ਰਸ ਇਸ ਨੂੰ HaiSmart ਐਪ ਅਤੇ ਗੂਗਲ ਵੌਇਸ ਕੰਟਰੋਲ ਰਾਹੀਂ ਚਲਾ ਸਕਦੇ ਹਨ ਅਤੇ ਸਫ਼ਾਈ ਦਾ ਸਮਾਂ ਤੈਅ ਕਰ ਸਕਦੇ ਹਨ। ਇਹ 20mm ਤੱਕ ਦੀਆਂ ਰੁਕਾਵਟਾਂ ਪਾਰ ਕਰ ਸਕਦਾ ਹੈ, ਇਸ ਵਿੱਚ ਐਂਟੀ-ਫ਼ਾਲ ਸੈਂਸਰ ਮੌਜੂਦ ਹਨ ਅਤੇ ਆਵਾਜ਼ ਦਾ ਪੱਧਰ 74dB ਜਾਂ ਇਸ ਤੋਂ ਘੱਟ ਰਹਿੰਦਾ ਹੈ।
