WhatsApp ਯੂਜ਼ਰਸ ਲਈ ਵੱਡੀ ਖ਼ੁਸ਼ਖ਼ਬਰੀ: ਆ ਗਿਆ ਸ਼ਾਨਦਾਰ ਸ਼ੈਡਿਊਲਿੰਗ ਫੀਚਰ
Wednesday, Nov 25, 2026 - 08:21 PM (IST)
ਨਵੀਂ ਦਿੱਲੀ : ਲੰਬੇ ਇੰਤਜ਼ਾਰ ਤੋਂ ਬਾਅਦ ਆਖ਼ਰਕਾਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਯੂਜ਼ਰਸ ਲਈ ਮੈਸੇਜ ਸ਼ੈਡਿਊਲ ਕਰਨ ਦਾ ਸ਼ਾਨਦਾਰ ਫੀਚਰ ਰੋਲਆਊਟ ਕਰ ਦਿੱਤਾ ਹੈ। ਇਸ ਨਵੀਂ ਸਹੂਲਤ ਦੇ ਆਉਣ ਨਾਲ ਹੁਣ ਯੂਜ਼ਰਸ ਬਿਨਾਂ ਕਿਸੇ ਥਰਡ-ਪਾਰਟੀ ਐਪ ਦੇ ਸਹਾਰੇ ਪਹਿਲਾਂ ਤੋਂ ਹੀ ਤੈਅ ਤਾਰੀਖ਼ ਅਤੇ ਸਮੇਂ 'ਤੇ ਮੈਸੇਜ ਭੇਜ ਸਕਣਗੇ। ਖ਼ਾਸ ਗੱਲ ਇਹ ਹੈ ਕਿ ਤੈਅ ਸਮਾਂ ਆਉਣ 'ਤੇ ਵਟਸਐਪ ਖ਼ੁਦ-ਬ-ਖ਼ੁਦ ਮੈਸੇਜ ਭੇਜ ਦੇਵੇਗਾ ਅਤੇ ਇਸ ਲਈ ਯੂਜ਼ਰ ਦਾ ਉਸ ਵੇਲੇ ਆਨਲਾਈਨ ਰਹਿਣਾ ਜਾਂ ਫ਼ੋਨ ਵਿੱਚ ਐਪ ਖੋਲ੍ਹ ਕੇ ਰੱਖਣਾ ਜ਼ਰੂਰੀ ਨਹੀਂ ਹੋਵੇਗਾ।
Meta ਦੀ ਮਲਕੀਅਤ ਵਾਲੇ ਵਟਸਐਪ ਨੇ 25 ਨਵੰਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (X) ਰਾਹੀਂ ਇਸ ਨਵੇਂ ਫੀਚਰ ਦਾ ਟੀਜ਼ਰ ਵੀ ਜਾਰੀ ਕੀਤਾ ਹੈ। ਇਹ ਫੀਚਰ ਪਰਸਨਲ ਚੈਟ ਦੇ ਨਾਲ-ਨਾਲ ਗਰੁੱਪ ਚੈਟ ਲਈ ਵੀ ਉਪਲਬਧ ਕਰਵਾਇਆ ਗਿਆ ਹੈ। ਯਾਨੀ ਜੇਕਰ ਤੁਸੀਂ ਕਿਸੇ ਨੂੰ ਅੱਧੀ ਰਾਤ ਨੂੰ ਜਨਮਦਿਨ ਦੀ ਵਧਾਈ ਦੇਣੀ ਹੈ ਜਾਂ ਕਿਸੇ ਖ਼ਾਸ ਵੇਲੇ ਜ਼ਰੂਰੀ ਜਾਣਕਾਰੀ ਭੇਜਣੀ ਹੈ, ਤਾਂ ਪਹਿਲਾਂ ਤੋਂ ਹੀ ਸਮਾਂ ਫਿਕਸ ਕੀਤਾ ਜਾ ਸਕਦਾ ਹੈ।
ਕਿਵੇਂ ਕੰਮ ਕਰੇਗਾ WhatsApp ਦਾ ਨਵਾਂ ਫੀਚਰ?
1. ਸਭ ਤੋਂ ਪਹਿਲਾਂ ਆਪਣੀ ਪਰਸਨਲ ਚੈਟ ਜਾਂ ਗਰੁੱਪ ਨੂੰ ਖੋਲ੍ਹੋ।
2. ਆਪਣਾ ਮੈਸੇਜ ਟਾਈਪ ਕਰੋ ਜਾਂ ਉਸ ਦੇ ਨਾਲ ਫੋਟੋ, ਵੀਡੀਓ ਜਾਂ ਲਿੰਕ ਅਟੈਚ ਕਰੋ।
3. ਇਸ ਤੋਂ ਬਾਅਦ Send Button ਨੂੰ ਕੁਝ ਦੇਰ ਤੱਕ ਦਬਾਅ ਕੇ ਰੱਖੋ।
4. ਅਜਿਹਾ ਕਰਦਿਆਂ ਹੀ ਸਕਰੀਨ 'ਤੇ ਮੈਸੇਜ ਸ਼ੈਡਿਊਲ ਕਰਨ ਦਾ ਵਿਕਲਪ ਦਿਖਾਈ ਦੇਵੇਗਾ, ਜਿੱਥੇ ਤੁਸੀਂ ਆਪਣੀ ਸਹੂਲਤ ਮੁਤਾਬਕ ਤਾਰੀਖ਼ ਅਤੇ ਸਮਾਂ ਚੁਣ ਸਕਦੇ ਹੋ।
ਰਿਪੋਰਟਾਂ ਮੁਤਾਬਕ ਇਸ ਫੀਚਰ ਰਾਹੀਂ ਘੱਟੋ-ਘੱਟ 10 ਮਿੰਟ ਅਤੇ ਵੱਧ ਤੋਂ ਵੱਧ 2 ਹਫ਼ਤੇ ਪਹਿਲਾਂ ਤੱਕ ਮੈਸੇਜ ਸ਼ੈਡਿਊਲ ਕੀਤੇ ਜਾ ਸਕਦੇ ਹਨ। ਹਾਲਾਂਕਿ, ਫਿਲਹਾਲ ਲੋਕੇਸ਼ਨ ਜਾਂ ਡਾਕੂਮੈਂਟ ਫਾਈਲਾਂ ਨੂੰ ਸ਼ੈਡਿਊਲ ਕਰਨ ਦਾ ਆਪਸ਼ਨ ਨਹੀਂ ਦਿੱਤਾ ਗਿਆ ਹੈ।
ਮੈਸੇਜ ਡਿਲੀਟ ਕਰਨ ਤੇ ਗਰੁੱਪ ਚੈਟ ਨਾਲ ਜੁੜਿਆ ਖ਼ਾਸ ਨਿਯਮ
ਬਦਲਾਅ ਜਾਂ ਡਿਲੀਟ ਕਰਨਾ ਆਸਾਨ: ਚੈਟ ਡਿਟੇਲਜ਼ ਵਾਲੇ ਸੈਕਸ਼ਨ ਵਿੱਚ ਪੈਂਡਿੰਗ (ਸ਼ੈਡਿਊਲ ਕੀਤੇ) ਮੈਸੇਜਾਂ ਦੀ ਵੱਖਰੀ ਸੂਚੀ ਦਿਖਾਈ ਦੇਵੇਗੀ। ਜੇਕਰ ਤੁਹਾਡਾ ਪਲਾਨ ਬਦਲ ਜਾਂਦਾ ਹੈ, ਤਾਂ ਤੁਸੀਂ ਤੈਅ ਸਮੇਂ ਤੋਂ ਪਹਿਲਾਂ ਉਸ ਮੈਸੇਜ ਨੂੰ ਡਿਲੀਟ ਕਰ ਸਕਦੇ ਹੋ ਅਤੇ ਸਾਹਮਣੇ ਵਾਲੇ ਵਿਅਕਤੀ ਨੂੰ ਇਸ ਦਾ ਕੋਈ ਨੋਟੀਫਿਕੇਸ਼ਨ ਨਹੀਂ ਜਾਵੇਗਾ।
ਗਰੁੱਪ ਚੈਟ ਦੀ ਸ਼ਰਤ: ਜੇਕਰ ਤੁਸੀਂ ਕਿਸੇ ਗਰੁੱਪ ਵਿੱਚ ਮੈਸੇਜ ਸ਼ੈਡਿਊਲ ਕਰਦੇ ਹੋ, ਤਾਂ ਉਹ ਸਿਰਫ਼ ਉਨ੍ਹਾਂ ਮੈਂਬਰਾਂ ਨੂੰ ਹੀ ਦਿਖਾਈ ਦੇਵੇਗਾ ਜੋ ਸ਼ੈਡਿਊਲ ਕਰਨ ਵੇਲੇ ਗਰੁੱਪ ਦਾ ਹਿੱਸਾ ਸਨ। ਬਾਅਦ ਵਿੱਚ ਗਰੁੱਪ ਵਿੱਚ ਸ਼ਾਮਲ ਹੋਣ ਵਾਲੇ ਨਵੇਂ ਮੈਂਬਰਾਂ ਨੂੰ ਉਹ ਮੈਸੇਜ ਨਹੀਂ ਮਿਲੇਗਾ।
