ਖ਼ਬਰਾਂ ਬਦਲੇ ਪ੍ਰਕਾਸ਼ਕਾਂ ਨੂੰ ਪੈਸੇ ਦੇਵੇਗੀ ਗੂਗਲ, ਇਨ੍ਹਾਂ ਦੇਸ਼ਾਂ ’ਚ ਹੋਈ ਸ਼ੁਰੂਆਤ
Friday, Jun 26, 2020 - 03:25 PM (IST)
ਗੈਜੇਟ ਡੈਸਕ– ਟੈਕਨਾਲੋਜੀ ਦੀ ਦਿੱਗਜ ਕੰਪਨੀ ਗੂਗਲ ਨੇ ਨਵੇਂ ਲਾਈਸੰਸਿੰਗ ਪ੍ਰੋਗਰਾਮ ਦਾ ਐਲਾਨ ਕੀਤਾ ਹੈ ਜਿਸ ਤਹਿਤ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਨੂੰ ਪੈਸੇ ਦਿੱਤੇ ਜਾਣਗੇ। ਗੂਗਲ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਫਿਲਹਾਲ ਆਸਟ੍ਰੇਲੀਆ, ਬ੍ਰਾਜ਼ੀਲ ਅਤੇ ਜਰਮਨੀ ’ਚ ਹੋਈ ਹੈ। ਇਸ ਪ੍ਰੋਗਰਾਮ ਤਹਿਤ ਗੂਗਲ ਹਾਈ-ਕੁਆਲਿਟੀ ਕੰਟੈਂਟ ਲਈ ਪ੍ਰਕਾਸ਼ਕਾਂ ਨੂੰ ਪੈਸੇ ਦੇਵੇਗੀ। ਇਸ ਪ੍ਰੋਗਰਾਨ ਨਾਲ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਨੂੰ ਫਾਇਦਾ ਹੋਵੇਗਾ ਕਿਉਂਕਿ ਫਿਲਹਾਲ ਕਮਾਈ ਲਈ ਉਨ੍ਹਾਂ ਦੀ 80 ਫ਼ੀਸਦੀ ਨਿਰਭਰਤਾ ਗੂਗਲ ਵਿਗਿਆਪਨ ’ਤੇ ਹੈ। ਇਸ ਪ੍ਰੋਗਰਾਮ ਦੀ ਮਦਦ ਨਾਲ ਉਨ੍ਹਾਂ ਦੀ ਕਮਾਈ ਹੋਵੇਗੀ ਅਤੇ ਲੋਕਾਂ ਨੂੰ ਬਿਹਤਰ ਅਤੇ ਅਸਲੀ ਕੰਟੈਂਟ ਵੀ ਮਿਲੇਗਾ।
ਗੂਗਲ ਨੇ ਇਸ ਦਾ ਐਲਾਨ ਕਰਦੇ ਹੋਏ ਆਪਣੇ ਇਕ ਬਿਆਨ ’ਚ ਕਿਹਾ ਕਿ ਜਲਦੀ ਹੀ ਦੁਨੀਆ ਭਰ ਦੇ ਪ੍ਰਕਾਸ਼ਕ ਇਸ ਪ੍ਰੋਗਰਾਮ ਦਾ ਹਿੱਸਾ ਹੋਣਗੇ। ਦਰਜਨਾਂ ਦੇਸ਼ਾਂ ਦੇ ਖ਼ਬਰਾਂ ਪ੍ਰਕਾਸ਼ਿਤ ਕਰਨ ਵਾਲੇ ਗੂਗਲ ਨਿਊਜ਼ ਨਾਲ ਜੁੜੇ ਹਨ। ਗੂਗਲ ਦੇ ਇਸ ਪ੍ਰੋਗਰਾਮ ਨਾਲ ਸਥਾਨਕ ਅਤੇ ਰਾਸ਼ਟਰੀ ਦੋਹਾਂ ਤਰ੍ਹਾਂ ਦੇ ਪ੍ਰਕਾਸ਼ਕ ਜੁੜ ਸਕਣਗੇ। ਇਸ ਪ੍ਰੋਗਰਾਮ ਤਹਿਤ ਗੂਗਲ ਆਡੀਓ, ਵੀਡੀਓ, ਫੋਟੋ ਅਤੇ ਸਟੋਰੀ ਲਈ ਪੈਸੇ ਦੇਵੇਗੀ। ਇਹ ਕੰਟੈਂਟ ਗੂਗਲ ਮੋਬਾਇਲ ਐਪ ’ਤੇ ਉਪਲੱਬਧ ਹੋਣਗੇ। ਆਡੀਓ ਖ਼ਬਰਾਂ ਦੀ ਗੱਲ ਕਰੀਏ ਤਾਂ ਤੁਸੀਂ ਗੂਗਲ ਅਸਿਸਟੈਂਟ ਰਾਹੀਂਪਲੇਅ ਨਿਊਜ਼ ਵੌਇਸ ਕਮਾਂਡ ਦੇ ਕੇ ਆਡੀਓ ਖ਼ਬਰਾਂ (ਪੌਡਕਾਸਟ) ਸੁਣ ਸਕਦੇ ਹੋ। ਇਸ ਤੋਂ ਇਲਾਵਾ ਪੌਡਕਾਸਟ ਲਈ ਗੂਗਲ ਨੇ ਮਿਊਜ਼ਿਕ ਸਟਰੀਮਿੰਗ ਐਪ ਸਪਾਟੀਫਾਈ ਨਾਲ ਵੀ ਸਾਂਝੇਦਾਰੀ ਕੀਤੀ ਹੈ।