ਕੋਵਿਡ-19 ਹੋਟ-ਸਪੋਟ ਬਾਰੇ ਹੁਣ ਗੂਗਲ ਮੈਪਸ ’ਤੇ ਮਿਲੇਗੀ ਜਾਣਕਾਰੀ
Friday, Sep 25, 2020 - 06:11 PM (IST)

ਗੈਜੇਟ ਡੈਸਕ– ਕੋਰੋਨਾ ਨੂੰ ਲੈ ਕੇ ਗੂਗਲ ਲੰਬੇ ਸਮੇਂ ਤੋਂ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ। ਹੁਣ ਗੂਗਲ ਆਪਣੇ ਮੈਪ ’ਚ ਕਲਰ ਕੋਡਿੰਗ ਕਰਨ ਵਾਲਾ ਹੈ ਜਿਸ ਤੋਂ ਬਾਅਦ ਗੂਗਲ ਮੈਪਸ ’ਤੇ ਹੀ ਲੋਕਾਂ ਨੂੰ ਕੋਰੋਨਾ ਹੋਟ-ਸਪੋਟ ਬਾਰੇ ਜਾਣਕਾਰੀ ਮਿਲ ਜਾਵੇਗੀ। ਗੂਗਲ ਨੇ ਇਸ ਨਵੀਂ ਅਪਡੇਟ ਦੀ ਜਾਣਕਾਰੀ ਆਪਣੇ ਬਲਾਗ ’ਚ ਦਿੱਤੀ ਹੈ। ਗੂਗਲ ਨੇ ਆਪਣੇ ਬਲਾਗ ’ਚ ਕਿਹਾ ਹੈ ਕਿ ਗੂਗਲ ਮੈਪਸ ’ਚ ‘COVID-19’ ਦੇ ਆਪਸ਼ਨ ’ਤੇ ਟੈਪ ਕਰਨ ’ਤੇ ਮੈਪਸ ਪਿਛਲੇ 7 ਦਿਨਾਂ ਦੇ ਕੋਰੋਨਾ ਮਾਮਲਿਆਂ ਦੀ ਔਸਤ ਕੱਢ ਕੇ ਕੋਰੋਨਾ ਹੋਟ-ਸਪੋਟ ਬਾਰੇ ਦੱਸੇਗਾ। ਗੂਗਲ ਮੁਤਾਬਕ, ਇਹ ਔਸਤ 1,00,000 ਲੋਕਾਂ ਦੀ ਕੱਢੀ ਜਾਵੇਗੀ।
ਗੂਗਲ ਨੇ ਆਪਣੇ ਸਰਚ ਨਤੀਜਿਆਂ ’ਚ COVID-19 ਟੈਸਟਿੰਗ ਸੈਂਟਰ ਬਾਰੇ ਵੀ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ। ਹੁਣ ਤੁਸੀਂ ਗੂਗਲ ਤੋਂ ਸਿੱਧੇ ਤੌਰ ’ਤੇ ਪੁੱਛ ਸਕਦੇ ਹੋ ਕਿ ਤੁਹਾਡੇ ਆਲੇ-ਦੁਆਲੇ ਕਿਥੇ ਕੋਰੋਨਾ ਦੀ ਟੈਸਟਿੰਗ ਹੁੰਦੀ ਹੈ। ਗੂਗਲ ਦਾ ਇਹ ਫੀਚਰ ਗੂਗਲ ਮੈਪਸ ਲਈ ਨਵੀਂ ਅਪਡੇਟ ਤੋਂ ਬਾਅਦ ਮਿਲਣ ਲੱਗੇਗਾ। ਦੱਸ ਦੇਈਏ ਕਿ ਗੂਗਲ ਨੇ ਆਪਣੇ ਮੈਪਸ (ਗੂਗਲ ਮੈਪਸ) ਲਈ ਨਵੀਂ ਅਪਡੇਟ ਜਾਰੀ ਕੀਤੀ ਹੈ ਜਿਸ ਵਿਚ ਵਿਜ਼ੁਅਲ ਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਕੀਤਾ ਗਿਆ ਹੈ। ਗੂਗਲ ਮੈਪਸ ਦੀ ਨਵੀਂ ਅਪਡੇਟ ’ਚ ਤੁਹਾਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਕਲਰ ਮਿਲਣਗੇ। ਉਦਾਹਰਣ ਦੇ ਤੌਰ ’ਤੇ ਰੰਗਾਂ ਦੇ ਅਧਾਰ ’ਤੇ ਤੁਹਾਨੂੰ ਰਸਤਿਆਂ ਅਤੇ ਜੰਗਲਾਂ ਬਾਰੇ ਜਾਣਕਾਰੀ ਮਿਲੇਗੀ। ਜੰਗਲ ਵਾਲੇ ਇਲਾਕੇ ਨੂੰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹਰਾ ਵਿਖਾਇਆ ਜਾਵੇਗਾ।
ਗੂਗਲ ਮੈਪਸ ਦੀ ਇਸ ਅਪਡੇਟ ਨੂੰ ਕਲਰ ਮੈਪਿੰਗ ਨਾਂ ਦਿੱਤਾ ਗਿਆ ਹੈ। ਗੂਗਲ ਨੇ ਇਸ ਅਪਡੇਟ ਬਾਰੇ ਆਪਣੇ ਬਲਾਗ ’ਚ ਜਾਣਕਾਰੀ ਦਿੱਤੀ ਹੈ। ਨਵੀਂ ਅਪਡੇਟ ਨੂੰ ਲੈ ਕੇ ਗੂਗਲ ਦਾ ਮਕਸਦ ਯੂਜ਼ਰਸ ਨੂੰ ਕੁਦਰਤੀ ਅਨੁਭਵ ਦੇਣਾ ਹੈ। ਗੂਗਲ ਮੈਪਸ ਦੀ ਇਹ ਅਪਡੇਟ ਦੁਨੀਆ ਭਰ ਦੇ 220 ਦੇਸ਼ਾਂ ’ਚ ਵਿਖੇਗੀ। ਇਹ ਫੀਚਰ ਐੈੱਚ.ਐੱਸ.ਵੀ. ਕਲਰ ਮਾਡਲ ’ਤੇ ਕੰਮ ਕਰੇਗਾ।