JioPhone Next ਦਾ ਇੰਤਜ਼ਾਰ ਜਲਦ ਹੋਵੇਗਾ ਖ਼ਤਮ! ਸੁੰਦਰ ਪਿਚਾਈ ਨੇ ਦੱਸਿਆ ਕਦੋਂ ਤਕ ਆਏਗਾ ਫੋਨ
Wednesday, Oct 27, 2021 - 04:13 PM (IST)
ਗੈਜੇਟ ਡੈਸਕ– ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਜੀਓ ਫੋਨ ਨੈਕਸਟ ਸਮਾਰਟਫੋਨ ਦੇ ਲਾਂਚ ਟਾਈਮਲਾਈਨ ਦੀ ਪੁਸ਼ਟੀ ਕਰ ਦਿੱਤੀ ਹੈ। ਸੁੰਦਰ ਪਿਚਾਈ ਨੇ ਦੱਸਿਆ ਕਿ ਕਿਫਾਇਤੀ 4ਜੀ ਫੋਨ ਜੀਓ ਫੋਨ ਨੈਕਸਟ ਨੂੰ ਦੀਵਾਲੀ ਤਕ ਲਾਂਚ ਕਰ ਦਿੱਤਾ ਜਾਵੇਗਾ। ਇਸ ਫੋਨ ਨੂੰ ਗੂਗਲ ਅਤੇ ਰਿਲਾਇੰਸ ਮਿਲ ਕੇ ਬਣਾ ਰਹੇ ਹਨ। ਸੁੰਦਰ ਪਿਚਾਈ ਨੇ ਕਿਹਾ ਕਿ ਭਾਰਤ ਕੋਰੋਨਾ ਨਾਲ ਕਾਫੀ ਪ੍ਰਭਾਵਿਤ ਹੋਇਆ। ਲੋਕ ਐਕਸੈੱਸ ਵਲ ਧਿਆਨ ਦੇ ਰਹੇ ਹਨ ਅਤੇ ਇਸ ਕਾਰਨ ਕਈ ਲੋਕ ਸਮਾਰਟਫੋਨਾਂ ਨੂੰ ਅਪਣਾ ਚੁੱਕੇ ਹਨ। ਹੁਣ ਵੀ ਕਈ ਲੋਕ ਫੀਚਰ ਫੋਨ ਤੋਂ ਸਮਾਰਟਫੋਨ ਵਲ ਸ਼ਿਫਟ ਕਰਨਾ ਚਾਹੁੰਦੇ ਹਨ।
ਪਿਚਾਈ ਨੇ ਦੱਸਿਆ ਕਿ ਉਹ ਜੀਓ ਦੇ ਨਾਲ ਸਾਂਝੇਦਾਰੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਸਮਾਰਟਫੋਨ ਦਾ ਲਾਭ ਕਈ ਲੋਕ ਲੈ ਸਕਣਗੇ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਇਹ ਡਿਵਾਈਸ ਲੱਖਾਂ ਨਵੇਂ ਯੂਜ਼ਰਸ ਲਈ ਨਵੀਆਂ ਸੰਭਾਵਨਾਵਾਂ ਨੂੰ ਖੋਲ੍ਹੇਗਾ ਜਿਨ੍ਹਾਂ ਨੂੰ ਪਹਿਲੀ ਵਾਰ ਇੰਟਰਨੈੱਟ ਦਾ ਐਕਸੈੱਸ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਆਉਣ ਵਾਲੇ 3 ਤੋਂ 5 ਸਾਲਾਂ ’ਚ ਇਹ ਕਾਫੀ ਪ੍ਰਭਾਵ ਪਾਏਗਾ। ਇਸ ਹਫਤੇ ਦੀ ਸ਼ੁਰੂਆਤ ’ਚ ਜੀਓ ਨੇ ਜੀਓ ਫੋਨ ਨੈਕਸਟ ਦੇ ਕੁਝ ਫੀਚਰਜ਼ ਬਾਰੇ ਦੱਸਿਆ ਸੀ। ਇਸ ਲਈ ਕੰਪਨੀ ਵਲੋਂ ਇਕ ਫਿਲਮ ਜਾਰੀ ਕੀਤੀ ਗਈ ਸੀ।
ਜੀਓ ਫੋਨ ਨੈਕਸਟ ਨੂੰ ਕੰਪਨੀ ਨੇ ਮੇਡ ਫਾਰ ਇੰਡੀਆ ਐਂਟ ਮੇਡ ਬਾਈ ਇੰਡੀਅਨਸ ਦੱਸਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਡਿਵਾਈਸ ਨਾਲ ਸਾਰੇ ਭਾਰਤੀਆਂ ਨੂੰ ਡਿਜੀਟਲ ਤਕਨਾਲੋਜੀ ਐਕਸੈੱਸ ਕਰਨ ਦਾ ਸਮਾਨ ਮੌਕਾ ਮਿਲੇਗਾ। ਇਸ ਵੀਡੀਓ ’ਚ ਫੋਨ ਦੇ ਡਿਜ਼ਾਇਨ ਨੂੰ ਵੀ ਟੀਜ਼ ਕੀਤਾ ਗਿਆ। ਵੀਡੀਓ ’ਚ ਫੋਨ ਦੇ ਬੈਕ ’ਚ ਮੌਜੂਦ 13 ਮੈਗਾਪਿਕਸਲ ਕੈਮਰੇ ਨੂੰ ਹਾਈਲਾਈਟ ਕੀਤਾ ਗਿਆ। ਇਹ ਫੋਨ Pragati OS ਐਂਡਰਾਇਡ ਪਾਵਰਡ ’ਤੇ ਕੰਮ ਕਰੇਗਾ। ਇਸ ਲਈ ਗੂਗਲ ਅਤੇ ਜੀਓ ਨੇ ਮਿਲ ਕੇ ਕੰਮ ਕੀਤਾ ਹੈ। ਕੰਪਨੀ ਮੁਤਾਬਕ, ਇਸ ਫੋਨ ’ਚ ਕੁਆਲਕਾਮ ਮੋਬਾਇਲ ਪ੍ਰੋਸੈਸਰ ਦਿੱਤਾ ਜਾਵੇਗਾ। ਫੋਨ ਦੀ ਕੀਮਤ ਨੂੰ ਲੈ ਕੇ ਅਜੇ ਤਕ ਕੰਪਨੀ ਨੇ ਕੁਝ ਨਹੀਂ ਕਿਹਾ।