ਡਰਾਈਵਰ ਦੀ ਮਦਦ ਤੋਂ ਬਿਨਾਂ ਚੱਲਣ ਵਾਲੀ ਪਹਿਲੀ ਜਾਪਾਨੀ ਕਾਰ
Saturday, Jul 16, 2016 - 10:12 AM (IST)

ਜਲੰਧਰ : ਅੱਜਕਲ ਆਟੋਮੋਬਾਇਲ ਕੰਪਨੀਆਂ ਆਟੋਨੋਮਸ ਡਰਾਈਵਿੰਗ ਟੈਕਨਾਲੋਜੀ ''ਤੇ ਕੰਮ ਕਰ ਰਹੀਆਂ ਹਨ ਅਤੇ ਬਹੁਤ ਸਾਰੀਆਂ ਕੰਪਨੀਆਂ ਦਾ ਦਾਅਵਾ ਹੈ ਕਿ ਸਾਲ 2020-2022 ਤੱਕ ਫੁਲੀ ਆਟੋਨੋਮਸ ਕਾਰਾਂ ਆਮ ਇਸਤੇਮਾਲ ਲਈ ਮੁਹੱਈਆ ਹੋਣਗੀਆਂ । ਆਟੋਨੋਮਸ ਕਾਰਾਂ ਹਾਈਵੇ ਦੇ ਨਾਲ-ਨਾਲ ਸ਼ਹਿਰਾਂ ''ਚ ਵੀ ਚੱਲਣਗੀਆਂ। ਜਾਪਾਨੀ ਕਾਰ ਨਿਰਮਾਤਾ ਕੰਪਨੀ ਨਿਸਾਨ ਨੇ ਇਸ ਵੱਲ ਵੱਡਾ ਕਦਮ ਵਧਾਇਆ ਹੈ। ਨਿਸਾਨ ਪਹਿਲੀ ਜਾਪਾਨੀ ਕੰਪਨੀ ਹੋਵੇਗੀ ਜੋ ਇਸ ਸਾਲ ਆਟੋਨੋਮਸ ਡਰਾਈਵਿੰਗ ਸਿਸਟਮ ਦੇ ਨਾਲ ਆਪਣੀ ਕਾਰ ਨੂੰ ਬਾਜ਼ਾਰ ਵਿਚ ਪੇਸ਼ ਕਰੇਗੀ ਅਤੇ ਇਸ ਕਾਰ ਦਾ ਨਾਂ ਸੇਰੇਨਾ ਹੋਵੇਗਾ।
ਪ੍ਰੋਪਾਇਲਟ ਸਿਸਟਮ
ਇਸ ਦੇ ਲਈ ਨਾਸਾ ਨਾਲ ਭਾਗੀਦਾਰੀ ਕਰ ਕੇ ਆਟੋਨੋਮਸ ਟੈਕਨਾਲੋਜੀ ਨੂੰ ਵਿਕਸਤ ਕੀਤਾ ਗਿਆ ਹੈ, ਜਿਸ ਨੂੰ ਨਿਸਾਨ ਨੇ ਪ੍ਰੋਪਾਇਲਟ ਸਿਸਟਮ ਦਾ ਨਾਂ ਦਿੱਤਾ ਹੈ। ਇਸ ਸਿਸਟਮ ਦੀ ਮਦਦ ਨਾਲ ਨਿਸਾਨ ਦੀ ਕਾਰ ਹਾਈਵੇ ''ਤੇ ਸਟੇਅਰਿੰਗ, ਬ੍ਰੇਕਸ ਅਤੇ ਸਪੀਡ ''ਤੇ ਆਪਣੇ-ਆਪ ਦਾ ਕੰਟਰੋਲ ਰੱਖੇਗੀ।
ਜਾਪਾਨ ''ਚ ਹੋਵੇਗੀ ਮੁਹੱਈਆ
ਨਿਸਾਨ ਦਾ ਪ੍ਰੋਪਾਇਲਟ ਸਿਸਟਮ ਕੰਪਨੀ ਦੀ 5ਵੀਂ ਜਨਰੇਸ਼ਨ ਦੀ ਸੇਰੇਨਾ ਵਿਚ ਪ੍ਰਯੋਗ ਕੀਤਾ ਜਾਵੇਗਾ, ਜੋ ਕਿ ਇਕ ਮਿੰਨੀ ਵੈਨ ਹੈ। ਹਾਲਾਂਕਿ ਨਿਸਾਨ ਦੀ ਆਟੋਨੋਮਸ ਸੇਰੇਨਾ ਸਿਰਫ ਜਾਪਾਨ ਵਿਚ ਹੀ ਮੁਹੱਈਆ ਹੋਵੇਗੀ ਪਰ ਕੰਪਨੀ ਪ੍ਰੋਪਾਇਲਟ ਸਿਸਟਮ ਨੂੰ 2017 ਤੱਕ Qashqai ਦੇ ਯੂਰਪ ਵਰਜ਼ਨ ਵਿਚ ਪੇਸ਼ ਕਰੇਗੀ।
ਇਸ ਤਰ੍ਹਾਂ ਕੰਮ ਕਰੇਗਾ ਆਟੋਨੋਮਸ ਸਿਸਟਮ
ਸਿੰਗਲ ਲੇਨ ਹਾਈਵੇ ''ਤੇ ਡਰਾਈਵਿੰਗ ਲਈ ਡਿਜ਼ਾਈਨ ਕੀਤਾ ਗਿਆ ਪ੍ਰੋਪਾਇਲਟ ਸਿਸਟਮ ਜਾਣਕਾਰੀ ਨੂੰ ਇਕੱਠਾ ਕਰਨ ਲਈ ਮੋਨੋ ਕੈਮਰੇ ਦਾ ਪ੍ਰਯੋਗ ਕਰੇਗਾ। ਇਹ ਕੈਮਰਾ ਲੇਨ ਮਾਰਕਿੰਗ ਅਤੇ ਤਿੰਨ ਤਰਫੋਂ ਆਉਣ ਵਾਲੇ ਵ੍ਹੀਕਲਜ਼ ਬਾਰੇ ਜਾਣਕਾਰੀ ਨੂੰ ਸਿਸਟਮ ਤੱਕ ਪਹੁੰਚਾਏਗਾ। ਡਰਾਈਵਰ ਵੱਲੋਂ ਸਪੀਡ ਦੀ ਜਾਣਕਾਰੀ ਦੇਣ ਤੋਂ ਬਾਅਦ ਸਿਸਟਮ ਆਟੋਨੋਮਸ ਕਾਰ ਦੂਜੀਆਂ ਕਾਰਾਂ ਤੋਂ ਸੁਰੱਖਿਅਤ ਦੂਰੀ ''ਤੇ ਚੱਲਣ ਦੇ ਨਾਲ-ਨਾਲ ਸਟੇਅਰਿੰਗ ਨੂੰ ਠੀਕ ਹਾਲਤ ਵਿਚ ਰੱਖੇਗੀ ਤਾਂ ਜੋ ਕਾਰ ਲੇਨ ਤੋਂ ਬਾਹਰ ਨਾ ਨਿਕਲੇ ਅਤੇ ਕਿਸੇ ਤਰ੍ਹਾਂ ਦੇ ਹਾਦਸੇ ਦੇ ਆਸਾਰ ਨਾ ਬਣਨ। ਲੋੜ ਸਮੇਂ ਸੇਰੇਨਾ (ਸਾਹਮਣੇ ਵਾਲੀ ਕਾਰ ਤੋਂ ਦੂਰੀ ਬਣਾਉਣ ਲਈ) ਇਹ ਕਾਰ ਆਪਣੇ-ਆਪ ਬ੍ਰੇਕ ਲਾਏਗੀ ਅਤੇ ਪੂਰੀ ਤਰ੍ਹਾਂ ਰੁਕ ਵੀ ਸਕੇਗੀ। ਟ੍ਰੈਫਿਕ ਕਲੀਅਰ ਹੋਣ ''ਤੇ ਸਟੇਅਰਿੰਗ ''ਤੇ ਲੱਗੇ ਇਕ ਬਟਨ ਨੂੰ ਦਬਾਉਣ ਨਾਲ ਕਾਰ ਇਕ ਵਾਰ ਫਿਰ ਆਟੋਨੋਮਸ ਵ੍ਹੀਕਲ ਦੇ ਰੂਪ ਵਿਚ ਕੰਮ ਕਰਨ ਲੱਗੇਗੀ।
ਅਗਸਤ ''ਚ ਹੋ ਸਕਦੀ ਹੈ ਲਾਂਚ
ਆਟੋਨੋਮਸ ਸੇਰੇਨਾ ਨੂੰ ਇਸ ਸਾਲ ਅਗਸਤ ''ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਵੱਡੀ ਗੱਲ ਇਹ ਹੈ ਕਿ ਸਿੰਗਲ ਲੇਨ ਆਟੋਨੋਮਸ ਡਰਾਈਵਿੰਗ ਸਿਸਟਮ ''ਚ ਬਦਲਾਅ ਕਰਦੇ ਹੋਏ ਸਾਲ 2018 ਤੱਕ ਲੇਨ ਚੇਂਜ ਟੈਕਨਾਲੋਜੀ ਦੀ ਵੀ ਪੇਸ਼ਕਸ਼ ਕੀਤੀ ਜਾਵੇਗੀ। ਕੰਪਨੀ ਮੁਤਾਬਿਕ ਸਾਲ 2020 ਤੱਕ ਨਿਸਾਨ ਦੀਆਂ ਕਾਰਾਂ ਆਟੋਮੈਟਿਕ ਤਰੀਕੇ ਨਾਲ ਸ਼ਹਿਰੀ ਸੜਕਾਂ ਅਤੇ ਚੁਰਸਤਿਆਂ ਨੂੰ ਟ੍ਰੈਕ ਕਰਨਗੀਆਂ।