ਚਾਰ ਕਿਲੋ ਦਾ ਸੀ ਦੁਨੀਆ ਦਾ ਪਹਿਲਾ ਡਿਜੀਟਲ ਕੈਮਰਾ, ਜਾਣੋ ਖਾਸੀਅਤ
Monday, Sep 09, 2019 - 12:58 PM (IST)
ਗੈਜੇਟ ਡੈਸਕ– ਅੱਜ-ਕੱਲ ਫੋਟੋ ਖਿੱਚਣਾ ਹਰ ਕਿਸੇ ਨੂੰ ਪਸੰਦ ਹੈ। ਫੋਟੋਗ੍ਰਾਫੀ ਦਾ ਸ਼ੌਕ ਰੱਖਣ ਵਾਲੇ ਲੋਕ ਮਹਿੰਗੇ ਤੋਂ ਮਹਿੰਗਾ ਕੈਮਰਾ ਖਰੀਦਦੇ ਹਨ। ਗੱਲ ਚਾਹੇ ਸਾਲਾਂ ਪਹਿਲਾਂ ਦੀ ਹੋਵੇ ਜਾਂ ਅੱਜ ਦੀ। ਕੈਮਰੇ ਪ੍ਰਤੀ ਲੋਕਾਂ ਦਾ ਕ੍ਰੇਜ਼ ਹਮੇਸ਼ਾ ਹੀ ਵਧਿਆ ਹੈ। ਪਹਿਲਾਂ ਜਿਥੇ ਬਲੈਕ ਐਂਡ ਵਾਈਟ ਤਸਵੀਰਾਂ ਖਿੱਚਣ ਵਾਲੇ ਕੈਮਰੇ ਆਉਂਦੇ ਸਨ, ਉਥੇ ਹੀ ਹੁਣ ਬਾਜ਼ਾਰ ’ਚ ਰੰਗੀਨ ਤਸਵੀਰਾਂ ਖਿੱਚਣ ਵਾਲੇ ਡਿਜੀਟਲ ਕੈਮਰੇ ਆਉਂਦੇ ਹਨ। ਕੈਮਰੇ ਦੀ ਮਦਦ ਨਾਲ ਹੀ ਸਾਡੇ ਜੀਵਨ ਦੇ ਖਾਸ ਪਲ ਫੋਟੋ ਦੇ ਰੂਪ ’ਚ ਕੈਦ ਹੋ ਜਾਂਦੇ ਹਨ। ਆਓ ਜਾਣਦੇ ਹਾਂ ਦੁਨੀਆ ਦਾ ਪਹਿਲਾ ਡਿਜੀਟਲ ਕੈਮਰਾ ਕਦੋਂ ਆਇਆ ਸੀ ਅਤੇ ਉਸ ਦੀ ਕੀ ਖਾਸੀਅਤ ਸੀ।
ਫੋਟੋਗ੍ਰਾਫੀ ਦੀ ਦੁਨੀਆ ’ਚ ਕ੍ਰਾਂਤੀ
ਸਾਲਾਂ ਪਹਿਲਾਂ ਜਿਥੇ ਕੈਮਰੇ ’ਚ ਰੀਲ ਪਾਈ ਜਾਂਦੀ ਸੀ, ਉਥੇ ਹੀ ਹੁਣ ਡਿਜੀਟਲ ਕੈਮਰਿਆਂ ਨੇ ਫੋਟੋਗ੍ਰਾਫੀ ਦੀ ਦੁਨੀਆ ’ਚ ਕ੍ਰਾਂਤੀ ਲਿਆ ਦਿੱਤੀ ਹੈ। ਸਾਲ 1975 ’ਚ ਈਸਟਮੈਨ ਕੋਡਕ ਦੇ ਸਟੀਵਨ ਸੈਸਨ ਨਾਂ ਦੇ ਇਕ ਇੰਜੀਨੀਅਰ ਨੇ ਦੁਨੀਆ ਦਾ ਸਭ ਤੋਂ ਪਹਿਲਾ ਡਿਜੀਟਲ ਕੈਮਰਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸਟੀਵਨ ਸੈਸਨ ਦੇ ਇਕ ਕੈਮਰੇ ਨੂੰ ਪਹਿਲਾਂ ਡਿਜੀਟਲ ਸਟੈਨ ਸਨੈਪਰ ਦੇ ਰੂਪ ’ਚ ਪਛਾਣਿਆ ਜਾਂਦਾ ਸੀ।
ਇਹ ਸਨ ਖਾਸੀਅਤਾਂ
- ਇਸ ਕੈਮਰੇ ’ਚ ਫੇਅਰਚਾਈਲਡ ਸੈਮੀਕੰਡਕਟਰ ਦੁਆਰਾ ਵਿਕਸਿਤ ਤਤਕਾਲੀਨ ਟੈਕਨਾਲੋਜੀ ਵਾਲੇ CCD ਇਮੇਜ ਸੈਂਸਰ ਦਾ ਇਸਤੇਮਾਲ ਕੀਤਾ ਗਿਆਸੀ।
- ਕੈਮਰੇ ਦਾ ਭਾਰ ਕਰੀਬ ਚਾਰ ਕਿਲੋਗ੍ਰਾਮ ਸੀ।
- ਇਸ ਕੈਮਰੇ ’ਚ ਬਲੈਕ ਐਂਡ ਵਾਈਟ ਫੋਟੋ ਖਿੱਚੀ ਜਾਂਦੀ ਸੀ।
- ਕੈਮਰੇ ਦਾ ਰੈਜ਼ੋਲਿਊਸ਼ਨ 0.01 ਮੈਗਾਪਿਕਸਲ ਸੀ।
- ਦਸੰਬਰ 1975 ’ਚ ਪਹਿਲੀ ਵਾਰ ਡਿਜੀਟਲ ਤਸਵੀਰ ਨੂੰ ਰਿਕਾਰਡ ਕਰਨ ’ਚ ਇਸ ਕੈਮਰੇ ਨੂੰ 23 ਸੈਕਿੰਡ ਦਾ ਸਮਾਂ ਲੱਗਾ ਸੀ।
1991 ’ਚ ਸ਼ੁਰੂ ਹੋਈ ਸੀ ਵਿਕਰੀ
ਸਾਲ 1991 ’ਚ ਈਸਟਮੈਨ ਕੋਡਕ ਕੰਪਨੀ ਨੇ ਡਿਜੀਟਲ ਕੈਮਰਿਆਂ ਦੀ ਵਿਕਰੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਐਪਲ ਕੰਪਿਊਟਰ ਅਤੇ ਈਸਟਮੈਨ ਕੋਡਕ ਨੇ ਪਹਿਲਾ ਕੰਜ਼ਿਊਮਰ ਮਾਡਲ ਪੇਸ਼ ਕੀਤਾ। ਇਹ ਸਾਲ 1994 ’ਚ ਪੇਸ਼ ਕੀਤਾ ਗਿਆ ਸੀ। ਦੋਵਾਂ ਕੰਪਨੀਆਂ ਨੇ ਮਿਲ ਕੇ ਇਕ ਅਜਿਹਾ ਸਾਫਟਵੇਅਰ ਪੇਸ਼ ਕੀਤਾ ਸੀ, ਜਿਸ ਰਾਹੀਂ ਡਿਜੀਟਲ ਕੈਮਰੇ ਨਾਲ ਖਿੱਚੀ ਗਈ ਤਸਵੀਰ ਕੰਪਿਊਟਰ ’ਚ ਟ੍ਰਾਂਸਫਰ ਕੀਤੀ ਜਾਣ ਲੱਗੀ।
