ਐਕਸ਼ਨ ’ਚ ਫੇਸਬੁੱਕ, ਚੋਣਾਂ ਨਾਲ ਸਬੰਧਤ ਕੰਟੈਂਟ ਪੋਸਟ ਹੋਣ ’ਤੇ ਬੰਦ ਕੀਤੇ ਸੈਂਕੜੇ ਅਕਾਊਂਟਸ
Saturday, Oct 13, 2018 - 01:39 AM (IST)

ਗੈਜੇਟ ਡੈਸਕ : ਫੇਸਬੁੱਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੀ ਸੁਰੱਖਿਆ ਵਧਾਉਂਦਿਆਂ ਵੱਡਾ ਕਦਮ ਚੁੱਕਿਆ ਹੈ। ਸੋਸ਼ਲ ਮੀਡੀਆ ਕੰਪਨੀ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਉਸ ਨੇ ਸੈਂਕੜੇ ਪੇਜਾਂ ਤੇ ਅਕਾਊਂਟਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ। ਐਨਗੈਜੇਟ ਦੀ ਰਿਪੋਰਟ ਅਨੁਸਾਰ ਫੇਸਬੁੱਕ ਨੇ 559 ਪੇਜ ਤੇ 251 ਅਕਾਊਂਟਸ ਆਪਣੇ ਪੋਰਟਲ ਤੋਂ ਹਟਾ ਦਿੱਤੇ ਹਨ। ਇਸ ਫੈਸਲੇ ਬਾਰੇ ਕੰਪਨੀ ਨੇ ਕਿਹਾ ਕਿ ਇਹ ਪੇਜ ਤੇ ਅਕਾਊਂਟਸ ਫੇਸਬੁੱਕ ਵਲੋਂ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਇਨ੍ਹਾਂ ’ਤੇ ਚੋਣਾਂ ਨਾਲ ਸਬੰਧਤ ਗਲਤ ਕਿਸਮ ਦਾ ਕੰਟੈਂਟ ਪੋਸਟ ਹੋ ਰਿਹਾ ਸੀ। ਇਸ ਦੇ ਨਾਲ ਹੀ ਗਲਤ ਵਤੀਰੇ ਵਾਲੀਆਂ ਪੋਸਟਾਂ ਵੀ ਸ਼ੇਅਰ ਕੀਤੀਆਂ ਜਾ ਰਹੀਆਂ ਸਨ। ਇੰਝ ਹੋਣ ’ਤੇ ਗਲਤ ਜਾਣਕਾਰੀ ਨੂੰ ਉਤਸ਼ਾਹ ਮਿਲ ਰਿਹਾ ਸੀ। ਇਸੇ ਕਾਰਨ ਕਰਕੇ ਹੁਣ ਫੇਸਬੁੱਕ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਹੈ।
ਫੇਕ ਅਕਾਊਂਟਸ ਹਟਾ ਰਹੀ ਹੈ ਫੇਸਬੁੱਕ
ਕੰਪਨੀ ਫਿਲਹਾਲ ਸਿਆਸੀ ਤਣਾਅ ਪੈਦਾ ਕਰਨ ਵਾਲੇ ਫੇਕ ਅਕਾਊਂਟਸ ਤੇ ਫੇਕ ਪੇਜ ਹਟਾਉਣ ’ਤੇ ਕੰਮ ਕਰ ਰਹੀ ਹੈ। ਫੇਸਬੁੱਕ ’ਤੇ ਗੜਬੜ ਫੈਲਾਉਣ ਵਾਲੇ ਲੋਕਾਂ ਨੂੰ ਲੈ ਕੇ ਵੀ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਸੋਸ਼ਲ ਮੀਡੀਆ ’ਤੇ ਲੋਕਾਂ ਦਾ ਵਿਸ਼ਵਾਸ ਵਧ ਸਕੇ।
ਵੱਡੀ ਗਿਣਤੀ ’ਚ ਯੂਜ਼ਰ ਚਲਾ ਰਹੇ ਹਨ ਫੇਕ ਅਕਾਊਂਟਸ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਫੇਸਬੁੱਕ ’ਤੇ ਫੇਕ ਅਕਾਊਂਟਸ ਤੇ ਮਲਟੀਪਲ ਅਕਾਊਂਟਸ ਚਲਾਉਂਦੇ ਹਨ। ਅਜਿਹੇ ਲੋਕ ਆਪਣੇ ਪੇਜ ’ਤੇ ਟਰੈਫਿਕ ਨੂੰ ਵਧਾਉਣ ਲਈ ਇਤਰਾਜ਼ਯੋਗ ਪੋਸਟ ਕਰਦੇ ਹਨ ਤਾਂ ਜੋ ਆਪਣੀ ਵੈੱਬਸਾਈਟ ’ਤੇ ਟਰੈਫਿਕ ਨੂੰ ਲਿਆ ਕੇ ਐਡ ਰੈਵੇਨਿਊ ਕਮਾ ਸਕਣ ਪਰ ਹੁਣ ਫੇਸਬੁੱਕ ਨੇ ਇਨ੍ਹਾਂ ’ਤੇ ਸ਼ਿਕੰਜਾ ਕੱਸ ਦਿੱਤਾ ਹੈ।
ਗਲਤ ਸਿਆਸੀ ਪੋਸਟਾਂ ਹੋ ਰਹੀਆਂ ਸਨ ਸ਼ੇਅਰ
ਫੇਕ ਅਕਾਊਂਟਸ ਜ਼ਿਆਦਾਤਰ ਪੈਸੇ ਕਮਾਉਣ ਲਈ ਹੀ ਬਣਾਏ ਜਾਂਦੇ ਹਨ। ‘ਨਿਊਯਾਰਕ ਟਾਈਮਜ਼’ ਨੇ ਰਿਪੋਰਟ ਵਿਚ ਦੱਸਿਆ ਕਿ ਲਾਈਕਸ ਦੇ ਚੱਕਰ ਵਿਚ ਲੋਕ ਗਲਤ ਢੰਗ ਨਾਲ ਤਿਆਰ ਸਿਆਸੀ ਪੋਸਟਾਂ ਅਪਲੋਡ ਕਰਦੇ ਹਨ। ਅਜਿਹੇ ਅਕਾਊਂਟਸ ਤੇ ਪੇਜਾਂ ਦਾ ਪਤਾ ਲੱਗਣ ’ਤੇ ਹੁਣ ਫੇਸਬੁੱਕ ਉਸ ਨੂੰ ਸਿੱਧਾ ਡਿਲੀਟ ਹੀ ਕਰ ਰਹੀ ਹੈ।ਪਹਿਲਾਂ ਵੀ ਫੇਸਬੁੱਕ ਹਟਾ ਚੁੱਕੀ ਹੈ ਅਕਾਊਂਟਸ ਦੱਸ ਦੇਈਏ ਕਿ ਇਸ ਸਾਲ ਦੀ ਦੂਜੀ ਤਿਮਾਹੀ ਵਿਚ ਹੀ ਫੇਸਬੁੱਕ ਨੇ 583 ਮਿਲੀਅਨ ਫੇਕ ਅਕਾਊਂਟਸ ਹਟਾਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਫੇਸਬੁੱਕ ’ਤੇ ਗੜਬੜ ਫੈਲਾਉਣ ਵਾਲੇ ਲੋਕਾਂ ਖਿਲਾਫ ਤੁਰੰਤ ਕਾਰਵਾਈ ਕਰ ਰਹੀ ਹੈ।
ਫੇਸਬੁੱਕ ਦਾ ਬਿਆਨ
ਫੇਸਬੁੱਕ ਨੇ ਕਿਹਾ ਹੈ ਕਿ ਅਸੀਂ ਆਪਣੇ ਪਲੇਟਫਾਰਮ ’ਤੇ ਨਿਵੇਸ਼ ਕਰ ਰਹੇ ਹਾਂ ਤਾਂ ਜੋ ਤਕਨੀਕ ਨੂੰ ਹੋਰ ਚੰਗਾ ਬਣਾਇਆ ਜਾ ਸਕੇ, ਜਿਸ ਨਾਲ ਫੇਸਬੁੱਕ ਦੀ ਦੁਰਵਰਤੋਂ ਹੋਣ ਤੋਂ ਰੋਕੀ ਜਾ ਸਕੇ।
ਫੇਸਬੁੱਕ ਯੂਜ਼ਰਸ ਲਈ ਜ਼ਰੂਰੀ ਹਦਾਇਤ
ਫੇਸਬੁੱਕ ਯੂਜ਼ਰਸ ਨੂੰ ਚਾਹੀਦਾ ਹੈ ਕਿ ਉਹ ਸਿਰਫ ਉਸੇ ਜਾਣਕਾਰੀ ਨੂੰ ਇਸ ’ਤੇ ਸ਼ੇਅਰ ਕਰਨ, ਜੋ ਭਰੋਸੇਯੋਗ ਹੋਵੇ। ਉਨ੍ਹਾਂ ਨੂੰ ਸਹੀ ਜਾਣਕਾਰੀ ਹੀ ਫੇਸਬੁੱਕ ’ਤੇ ਸ਼ੇਅਰ ਕਰਨੀ ਚਾਹੀਦੀ ਹੈ, ਜਿਸ ਨਾਲ ਲੋਕ ਇਸ ਦੀ ਵਰਤੋਂ ਕਰਨ ਵਿਚ ਸੁਰੱਖਿਅਤ ਮਹਿਸੂਸ ਕਰਨ ਅਤੇ ਕੰਪਨੀ ’ਤੇ ਵੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੇ।
ਇਤਰਾਜ਼ਯੋਗ ਪੋਸਟਾਂ ਸ਼ੇਅਰ ਕਰ ਰਹੇ ਹਨ ਯੂਜ਼ਰਸ
ਸੋਸ਼ਲ ਮੀਡੀਆ ਕੰਪਨੀ ਫੇਸਬੁੱਕ ਨੇ ਪਤਾ ਲਾਇਆ ਹੈ ਕਿ ਫੇਕ ਅਕਾਊਂਟਸ ਵਿਚ ਸੈਲੀਬ੍ਰਿਟੀਜ਼ ਦੀ ਗੱਪਸ਼ੱਪ ਜਾਂ ਕੁਦਰਤੀ ਆਫਤਾਂ ਦੀਆਂ ਪੋਸਟਾਂ ਸਭ ਤੋਂ ਜ਼ਿਆਦਾ ਸ਼ੇਅਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਪੋਸਟਾਂ ਨਾਲ ਜਦੋਂ ਟਰੈਫਿਕ ਇਕੱਠਾ ਹੋ ਜਾਂਦਾ ਹੈ ਤਾਂ ਉਹ ਸਨਸਨੀਖੇਜ਼ ਸਿਆਸੀ ਸਮੱਗਰੀ ਵੀ ਇਸ ਵਿਚ ਪੋਸਟ ਕਰਦੇ ਹਨ। ਫੇਸਬੁੱਕ ਨੇ ‘ਨਿਊਯਾਰਕ ਟਾਈਮਜ਼’ ਨੂੰ ਦੱਸਿਆ ਕਿ ਅੱਜ ਲੋਕਾਂ ’ਤੇ ਗਲਤ ਅਸਰ ਪਾਉਣ ਵਾਲੀਆਂ ਅਤੇ ਅਜਿਹੀਆਂ ਮੁਹਿੰਮਾਂ ਨੂੰ ਉਤਸ਼ਾਹ ਦੇਣ ਵਾਲੇ ਅਕਾਊਂਟਸ ਤੇ ਪੇਜਾਂ ਨੂੰ ਹਟਾਇਆ ਗਿਆ ਹੈ।