ਹੁਣ ਅਕਾਊਂਟ ਸਕਿਓਰਿਟੀ ਲਈ ਵੀ ਪੈਸੇ ਲੈਣਗੇ ਐਲਨ ਮਸਕ, 1 ਮਹੀਨੇ ਦੇ ਲੱਗਣਗੇ ਇੰਨੇ ਰੁਪਏ
Sunday, Feb 19, 2023 - 02:06 PM (IST)
ਗੈਜੇਟ ਡੈਸਕ- ਟਵਿਟਰ ਦੇ ਨਵੇਂ ਮਾਲਿਕ ਐਲਨ ਮਸਕ ਦੁਨੀਆ ਦੇ ਸਭ ਤੋਂ ਵੱਡੇ ਮਾਈਕ੍ਰੋ ਬਲਾਗਿੰਗ ਪਲੇਟਫਾਰਮ ਨੂੰ ਪੈਸੇ ਦੇਣ ਵਾਲੀ ਮਸ਼ੀਨ ਬਣਾਉਣ 'ਚ ਲੱਗੇ ਹੋਏ ਹਨ। ਐਲਮ ਮਸਕ ਨੇ ਕੁਝ ਮਹੀਨੇ ਪਹਿਲਾਂ ਹੀ ਪੇਡ ਸਰਵਿਸ ਟਵਿਟਰ ਬਲਿਊ ਪੇਸ਼ ਕੀਤੀ ਹੈ ਜਿਸਦੀ ਕੀਮਤ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਹੈ। ਟਵਿਟਰ ਬਲਿਊ ਤਹਿਤ ਮਾਸਿਕ ਫੀਸ ਦੇ ਕੋਈ ਵੀ ਬਲਿਊ ਟਿਕ ਲੈ ਸਕਦੇ ਹਾ ਪਰ ਇਸ ਫੀਚਰ ਦੀ ਆੜ 'ਚ ਫਰਜ਼ੀ ਅਕਾਊਂਟ ਨੂੰ ਵੀ ਬਲਿਊ ਟਿਕ ਮਿਲ ਰਹੇ ਹਨ ਅਤੇ ਇਨ੍ਹਾਂ ਨਾਲ ਖਤਰਾ ਵੀ ਵੱਧ ਰਿਹਾ ਹੈ।
ਹੁਣ ਐਲਨ ਮਸਕ ਟਵਿਟਰ ਬਲਿਊ 'ਚ ਟੂ-ਫੈਕਟਰ ਆਥੈਂਟੀਕੇਸ਼ਨ ਨੂੰ ਵੀ ਸ਼ਾਮਲ ਕਰਨ ਜਾ ਰਹੇ ਹਨ ਯਾਨੀ ਜੇਕਰ ਤੁਹਾਨੂੰ ਐੱਸ.ਐੱਮ.ਐੱਸ. ਆਧਾਰਿਤ ਟੂ-ਫੈਕਟਰ ਆਥੈਂਟੀਕੇਸ਼ਨ ਚਾਹੀਦੀ ਹੈ ਤਾਂ ਤੁਹਾਨੂੰ ਪੈਸੇ ਦੇਣੇ ਹੋਣਗੇ। ਸ਼ੁੱਕਰਵਾਰ ਨੂੰ ਟਵਿਟਰ ਨੇ ਕਿਹਾ ਕਿ ਹੁਣ ਉਹ ਸਿਰਫ ਆਪਣੇ ਪੇਡ ਸਬਸਕ੍ਰਾਈਬਰਾਂ ਨੂੰ ਹੀ ਅਕਾਊਂਟਸ ਨੂੰ ਸਕਿਓਰ ਕਰਨ ਲਈ ਟੂ-ਫੈਕਟਰ ਆਥੈਂਟੀਕੇਸ਼ਨ ਮੈਥਡ ਤਹਿਤ ਟੈਕਸਟ ਮੈਸੇਜ ਦੀ ਵਰਤੋਂ ਕਰਨ ਦੀ ਪਰਮਿਸ਼ਨ ਦੇਵੇਗਾ।
20 ਮਾਰਚ ਤੋਂ ਬਲਿਊ ਸਬਸਕ੍ਰਾਈਬਰ ਹੀ ਕਰ ਸਕਣਗੇ 2FA ਦੀ ਵਰਤੋਂ
ਕੰਪਨੀ ਨੇ ਟਵੀਟ ਕਰਕੇ ਲਿਖਿਆ ਕਿ 20 ਮਾਰਚ ਤੋਂ ਬਾਅਦ ਸਿਰਫ ਟਵਿਟਰ ਬਲਿਊ ਸਬਸਕ੍ਰਾਈਬਰ ਹੀ ਟੈਕਸਟ ਮੈਸੇਜ ਨੂੰ ਆਪਣੇ ਟੂ-ਫੈਕਟਰ ਆਥੈਂਟੀਕੇਸ਼ਨ (2FA) ਮੈਥਡ ਦੇ ਤੌਰ 'ਤੇ ਇਸਤੇਮਾਲ ਕਰ ਸਕਣਗੇ।
ਟੂ-ਫੈਕਟਰ ਆਥੈਂਟੀਕੇਸ਼ਨ ਰਾਹੀਂ ਅਕਾਊਂਟਸ ਨੂੰ ਜ਼ਿਆਦਾ ਸਕਿਓਰ ਬਣਾਉਣ ਲਈ ਅਕਾਊਂਟ ਹੋਲਡਰ ਨੂੰ ਪਾਸਵਰਡ ਤੋਂ ਇਲਾਵਾ ਸੈਕੇਂਡ ਆਥੈਂਟੀਕੇਸ਼ਨ ਮੈਥਡ ਦੀ ਵਰਤੋਂ ਕਰਨ ਲਈ ਮਿਲਦੀ ਹੈ। ਟਵਿਟਰ ਅਜੇ ਟੈਕਸਟ ਮੈਸੇਜ, ਆਥੈਂਟੀਕੇਸ਼ਨ ਐਪ ਅਤੇ ਇਕ ਸਕਿਓਰਿਟੀ-ਕੀਅ ਰਾਹੀਂ 2FA ਦੀ ਪਰਮਿਸ਼ਨ ਦਿੰਦਾ ਹੈ।
11 ਡਾਲਰ 'ਚ ਮਿਲੇਗਾ ਟਵਿਟਰ ਬਲਿਊ ਸਬਸਕ੍ਰਪਸ਼ਨ
ਇਸ ਤੋਂ ਪਹਿਲਾਂ ਕੰਪਨੀ ਨੇ ਬੁੱਧਵਾਰ ਨੂੰ ਬਲਾਗ ਪੋਸਟ 'ਚ ਕਿਹਾ ਸੀ ਕਿ ਉਸਦਾ ਮੰਨਣਾ ਹੈ ਕਿ ਫੋਨ ਨੰਬਰ ਬੇਸਡ 2FA ਦੀ ਹੈਕਰਾਂ ਦੁਆਰਾ ਦੁਰਵਰਤੋਂ ਕੀਤੀ ਜਾ ਰਹੀ ਹੈ। ਟਵਿਟਰ ਦੇ ਮਾਲਿਕ ਐਲਨ ਮਸਕ ਨੇ ਹਾਲ ਹੀ 'ਚ ਇਕ ਯੂਜ਼ਰ ਦੇ ਟਵੀਟ ਦਾ ਰਿਪਲਾਈ ਕਰਦੇ ਹੋਏ ਕਿਹਾ ਸੀ ਕਿ ਕੰਪਨੀ ਨੇ ਆਪਣੀ ਪਾਲਿਸੀ ਬਦਲ ਦਿੱਤੀ ਹੈ।
ਪਿਛਲੇ ਮਹੀਨੇ ਟਵਿਟਰ ਨੇ ਕਿਹਾ ਸੀ ਕਿ ਉਹ ਐਂਡਰਾਇਡ ਲਈ ਟਵਿਟਰ ਬਲਿਊ ਸਬਸਕ੍ਰਿਪਸ਼ਨ ਦੀ ਕੀਮਤ 11 ਡਾਲਰ (910 ਰੁਪਏ) ਪ੍ਰਤੀ ਮਹੀਨੇ ਰੱਖੇਗੀ, ਜੋ ਕਿ ਆਈ.ਓ.ਐੱਸ. ਸਬਸਕ੍ਰਾਈਬਰਾਂ ਲਈ ਵੀ ਹੈ।