ਇਲੈਕਟ੍ਰਿਕ ਕਾਰਾਂ ’ਤੇ ਫੋਕਸ, ਪਰ ਮਿਲ ਰਿਹੈ ‘ਠੰਡਾ’ ਰਿਸਪਾਂਸ

12/28/2019 12:33:44 PM

ਆਟੋ ਡੈਸਕ– ਇਲੈਕਟ੍ਰਿਕ ਗੱਡੀਆਂ ਦੇ ਇਸਤੇਮਾਲ ਨੂੰ ਦੇਸ਼ ’ਚ ਉਤਸ਼ਾਹ ਦਿੱਤਾ ਜਾ ਰਿਹਾ ਹੈ। ਕੰਪਨੀਆਂ ਵੀ ਹੁਣ ਇਲੈਕਟ੍ਰਿਕ ਕਾਰਾਂ ਲਾਂਚ ਕਰਨ ’ਤੇ ਫੋਕਸ ਕਰ ਰਹੀਆਂ ਹਨ। ਪਰ ਵਿਕਰੀ ਜੇ ਅੰਤੜੇ ਦੱਸਦੇ ਹਨ ਕਿ ਗਾਹਕਾਂ ਦਾ ਇਲੈਕਟ੍ਰਿਕ ਕਾਰਾਂ ਵਲ ਰੁਝਾਣ ਅਜੇ ਬਹੁਤ ਘੱਟ ਹੈ। ਇਸ ਦਾ ਵੱਡਾ ਕਾਰਨ ਇਲੈਕਟ੍ਰਿਕ ਕਾਰਾਂ ਦੀ ਜ਼ਿਆਦਾ ਕੀਮਤ ਅਤੇ ਚਾਰਜਿੰਗ ਇੰਫਰਾਸਟ੍ਰਕਚਰ ਦੀ ਕਮੀ ਨੂੰ ਮੰਨਿਆ ਜਾ ਸਕਦਾ ਹੈ। ਚਾਲੂ ਵਿੱਤੀ ਸਾਲ ਦੇ ਸ਼ੁਰੂਆਤੀ 7 ਮਹੀਨਿਆਂ ’ਚ ਦੇਸ਼ ’ਚ ਵਿਕਣ ਵਾਲੀਆਂ ਕੁਲ ਕਾਰਾਂ ’ਚ ਇਲੈਕਟ੍ਰਿਕ ਕਾਰਾਂ ਦੀ ਹਿੱਸੇਦਾਰੀ ਸਿਰਫ 0.067 ਫੀਸਦੀ ਹੈ। 

ਚਾਲੂ ਵਿੱਤੀ ਸਾਲ ’ਚ ਅਪ੍ਰੈਲ ਤੋਂ ਅਕਤੂਬਰ ਵਿਚਕਾਰ ਕੁਲ 1,071 ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋਈ ਹੈ। ਉਥੇ ਹੀ ਇਸ ਦੌਰਾਨ ਦੇਸ਼ ’ਚ ਕੁਲ ਕਾਰਾਂ ਦੀ ਵਿਕਰੀ 16,05,549 ਯੂਨਿਟ ਰਹੀ। ਇਸ ਹਿਸਾਬ ਨਾਲ ਇਲੈਕਟ੍ਰਿਕ ਕਾਰਾਂ ਦੀ ਵਿਕਰੀ ’ਚ ਸਿਰਫ 0.067 ਫੀਸਦੀ ਸ਼ੇਅਰ ਹੈ ਜੋ ਬਹੁਤ ਘੱਟ ਹੈ। 

ਕਿਸ ਇਲੈਕਟ੍ਰਿਕ ਕਾਰ ਦੀ ਕਿੰਨੀ ਵਿਕਰੀ
- ਅਪ੍ਰੈਲ ਤੋਂ ਅਕਤੂਬਰ 2019 ਵਿਚਕਾਰ ਮਹਿੰਦਰਾ ਦੀ ਈ-ਵੇਰੀਟੋ ਸਭ ਤੋਂ ਜ਼ਿਆਦਾ ਵਿਕਣ ਵਾਲੀ ਇਲੈਕਟ੍ਰਿਕ ਕਾਰ ਰਹੀ। ਇਸ ਦੌਰਾਨ ਕੁਲ 434 ਈ-ਵੇਰੀਟੋ ਵਿਕੀਆਂ ਹਨ। ਇਸ ਹਿਸਾਬ ਨਾਲ ਇਸ ਦੀ ਹਰ ਮਹੀਨੇ ਔਸਤ ਵਿਕਰੀ 62 ਯੂਨਿਟ ਰਹੀ। 
- ਟਾਟਾ ਦੀ ਇਲੈਕਟ੍ਰਿਕ ਟਿਗੋਰ ਦੀ ਵਿਕਰੀ ਅਪ੍ਰੈਲ ਤੋਂ ਅਕਤੂਬਰ ਵਿਚਕਾਰ 389 ਯੂਨਿਟ ਰਹੀ। ਇਸ ਦੀ ਔਸਤ ਮਾਸਿਕ ਵਿਕਰੀ 56 ਯੂਨਿਟ ਰਹੀ।
- ਚਾਲੂ ਵਿੱਤੀ ਦੇ ਸ਼ੁਰੂਆਤੀ 7 ਮਹੀਨਿਆਂ ’ਚ ਹੁੰਡਈ ਦੀ ਕੋਨਾ ਇਲੈਕਟ੍ਰਿਕ 227 ਯੂਨਿਟ ਵਿਕੀ। ਇਸ ਦੀ ਔਸਤ ਮਾਸਿਕ ਵਿਕਰੀ 45 ਯੂਨਿਟ ਰਹੀ। 
- ਅਪ੍ਰੈਲ ਤੋਂ ਅਕਤੂਬਰ 2019 ਵਿਚਕਾਰ ਮਹਿੰਦਰਾ ਦੀ E2O ਦੀ ਵਿਕਰੀ 21 ਯੂਨਿਟ ਹੋਈ ਇਸ ਹਿਸਾਬ ਨਾਲ ਔਸਤ ਮਾਸਿਕ ਵਿਕਰੀ 3 ਯੂਨਿਟ ਰਹੀ। 

2020 ’ਚ ਆਉਣ ਵਾਲੀਆਂ ਹਨ ਨਵੀਆਂ ਇਲੈਕਟ੍ਰਿਕ ਕਾਰਾਂ
ਦੇਸ਼ ’ਚ ਇਲੈਕਟ੍ਰਿਕ ਕਾਰਾਂ ਨੂੰ ਭਲੇ ਹੀ ਜ਼ਿਆਦਾ ਖਰੀਦਾਰ ਨਾ ਮਿਲ ਰਹੇ ਹੋਣ ਪਰ ਕੰਪਨੀਆਂ ਹੁਣ ਇਲੈਕਟ੍ਰਿਕ ਕਾਰਾਂ ’ਤੇ ਵੀ ਫੋਕਸ ਕਰ ਰਹੀਆਂ ਹਨ। ਅਗਲੇ ਸਾਲ ਜਨਵਰੀ ’ਚ ਟਾਟਾ ਮੋਟਰਸ ਆਪਣੀ ਪਹਿਲੀ ਇਲੈਕਟ੍ਰਿਕ ਐੱਸ.ਯੂ.ਵੀ. ਨੈਕਸਨ ਈ.ਵੀ. ਲਾਂਚ ਕਰੇਗੀ। ਇਸ ਤੋਂ ਇਲਾਵਾ ਐੱਮ.ਜੀ. ਮੋਟਰ ਵੀ ਜਨਵਰੀ ’ਚ ਇਲੈਕਟ੍ਰਿਕ ਐੱਸ.ਯੂ.ਵੀ. ਜੈੱਡ.ਐੱਸ. ਈ.ਵੀ. ਭਾਰਤੀ ਬਾਜ਼ਾਰ ’ਚ ਉਤਾਰੇਗੀ। ਦਿਲਚਸਪ ਗੱਲ ਇਹ ਹੈ ਕਿ ਹੈਕਟਰ ਤੋਂ ਬਾਅਦ ਐੱਮ.ਜੀ. ਭਾਰਤ ’ਚ ਆਪਣਾ ਦੂਜਾ ਪ੍ਰੋਡਕਟ ਇਲੈਕਟ੍ਰਿਕ ਲਿਆ ਰਹੀ ਹੈ ਜਦਕਿ ਅਜੇ ਇਥੇ ਇਲੈਕਟ੍ਰਿਕ ਕਾਰਾਂ ਦੀ ਮੰਗ ਘੱਟ ਹੈ ਅਤੇ ਲੋੜੀਂਦੇ ਚਾਰਜਿੰਗ ਸਟੇਸ਼ਨ ਵੀ ਨਹੀਂ ਹਨ।

ਇਨ੍ਹਾਂ ਦੋਵਾਂ ਕੰਪਨੀਆਂ ਤੋਂ ਇਲਾਵਾ ਅਗਲੇ ਸਾਲ ਮਹਿੰਦਰਾ ਦੀ ਇਲੈਕਟ੍ਰਿਕ ਕੇ.ਯੂ.ਵੀ. 100 ਅਤੇ ਟਾਟਾ ਇਲੈਕਟ੍ਰਿਕ ਅਲਟ੍ਰੋਜ਼ ਵੀ ਲਾਂਚ ਹੋਣ ਵਾਲੀਆਂ ਹਨ। ਇਸ ਤੋਂ ਇਲਾਵਾ ਨਿਸਾਨ ਲੀਫ ਸਮੇਤ ਕੁਝ ਹੋਰ ਇਲੈਕਟ੍ਰਿਕ ਕਾਰਾਂ 2020 ’ਚ ਭਾਰਤੀ ਬਾਜ਼ਾਰ ’ਚ ਆ ਸਕਦੀਆਂ ਹਨ। 


Related News