ਹੁਣ ਸਕੂਲ ਤੋਂ ਬੰਕ ਨਹੀਂ ਕਰ ਸਕਣਗੇ ਵਿਦਿਆਰਥੀ, ਆ ਗਈ Smart uniform
Wednesday, Jan 02, 2019 - 10:30 AM (IST)

ਗੈਜੇਟ ਡੈਸਕ– ਵਿਦਿਆਰਥੀਆਂ ਵਲੋਂ ਸਕੂਲ ਤੋਂ ਲੁਕ-ਛਿਪ ਕੇ ਭੱਜ ਜਾਣ ’ਤੇ ਚੀਨੀ ਸਕੂਲਾਂ ਨੇ ਵੱਡਾ ਕਦਮ ਚੁੱਕਿਆ ਹੈ। ਬੱਚਿਆਂ ਦੀ ਹਾਜ਼ਰੀ ਵਿਚ ਕਮੀ ਆਉਣ ’ਤੇ ਚੀਨ ਦੇ 10 ਸਕੂਲਾਂ ਨੇ ਵਿਦਿਆਰਥੀਆਂ ਲਈ ਸਮਾਰਟ ਯੂਨੀਫਾਰਮ ਪਹਿਨਣੀ ਲਾਜ਼ਮੀ ਕਰ ਦਿੱਤੀ ਹੈ। ਇਹ ਯੂਨੀਫਾਰਮ ਬੱਚਿਆਂ ਦੀ ਲੋਕੇਸ਼ਨ ਦਾ ਪਤਾ ਲਾਉਣ ਵਿਚ ਮਦਦ ਕਰੇਗੀ। ਇਸ ਯੂਨੀਫਾਰਮ ਦੇ ਮੋਢਿਆਂ ’ਤੇ 2 ਚਿਪਸ ਲੱਗੀਆਂ ਹਨ, ਜੋ ਵਿਦਿਆਰਥੀ ਵਲੋਂ ਸਕੂਲ ਦੇ ਅੰਦਰ ਆਉਣ ਤੇ ਬਾਹਰ ਨਿਕਲਣ ’ਤੇ ਉਸ ਨੂੰ ਟ੍ਰੈਕ ਕਰੇਗੀ ਅਤੇ ਇਸ ਡਾਟਾ ਨੂੰ ਐਪ ਰਾਹੀਂ ਮਾਪਿਆਂ ਤੇ ਉਸ ਦੇ ਅਧਿਆਪਕਾਂ ਤਕ ਪਹੁੰਚਾਇਆ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀ ਵਲੋਂ ਸਕੂਲ ਤੋਂ ਬਾਹਰ ਨਿਕਲਣ ’ਤੇ ਅਲਾਰਮ ਵੱਜੇਗਾ, ਜਿਸ ਨਾਲ ਪਤਾ ਲੱਗੇਗਾ ਕਿ ਬੱਚਾ ਬਿਨਾਂ ਇਜਾਜ਼ਤ ਸਕੂਲ ਤੋਂ ਬੰਕ ਕਰ ਰਿਹਾ ਹੈ।
ਚੀਨ ਦੀ Guanyu ਟੈਕਨਾਲੋਜੀ ਕੰਪਨੀ ਵਲੋਂ ਇਹ ਸਮਾਰਟ ਯੂਨੀਫਾਰਮ ਤਿਆਰ ਕੀਤੀ ਗਈ ਹੈ, ਜਿਸ ਦੀ ਸਭ ਤੋਂ ਪਹਿਲਾਂ ਵਰਤੋਂ ਚੀਨੀ ਸੂਬੇ Guizhou ਤੇ ਚੀਨੀ ਖੁਦਮੁਖਤਿਆਰੀ ਖੇਤਰ Guangxi ਦੇ 10 ਸਕੂਲਾਂ ਵਿਚ ਕੀਤੀ ਜਾਵੇਗੀ। ਮੰਨਿਆ ਜਾ ਰਿਹਾ ਹੈ ਕਿ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਵੀ ਬੱਚੇ ਸਕੂਲ ਤੋਂ ਭੱਜ ਜਾਂਦੇ ਸਨ ਮਤਲਬ ਬੰਕ ਕਰ ਲੈਂਦੇ ਸਨ, ਜਿਸ ਕਾਰਨ ਹੁਣ ਤਕਨੀਕ ਦੀ ਮਦਦ ਲਈ ਗਈ ਹੈ।
ਐਂਟਰੈਂਸ ’ਤੇ ਲੱਗਣਗੇ ਖਾਸ ਤਕਨੀਕ ਨਾਲ ਲੈਸ ਕੈਮਰੇ
ਸਕੂਲਾਂ ਦੀ ਐਂਟਰੈਂਸ ’ਤੇ ਫੇਸ਼ੀਅਲ ਰਿਕੋਗਨੀਸ਼ਨ ਤਕਨੀਕ ਦੀ ਸੁਪੋਰਟ ਨਾਲ ਕੈਮਰੇ ਲਾਏ ਜਾਣਗੇ, ਜੋ ਇਹ ਪਤਾ ਕਰਨ ’ਚ ਮਦਦ ਕਰੇਗੀ ਕਿ ਵਿਦਿਆਰਥੀ ਨੇ ਸਹੀ ਯੂਨੀਫਾਰਮ ਪਹਿਨੀ ਹੈ ਜਾਂ ਕਿਸੇ ਦੋਸਤ ਨਾਲ ਉਸ ਨੂੰ ਬਦਲਿਆ ਹੈ। ਗਲਤ ਯੂਨੀਫਾਰਮ ਪਹਿਨੀ ਹੋਣ ’ਤੇ ਅਲਾਰਮ ਵੱਜੇਗਾ।
500 ਵਾਰ ਧੋ ਸਕਦੇ ਹਨ ਯੂਨੀਫਾਰਮ
ਸਮਾਰਟ ਤਕਨੀਕ ਹੋਣ ਦੇ ਬਾਵਜੂਦ ਇਹ ਸਮਾਰਟ ਯੂਨੀਫਾਰਮ ਧੋਣ ਯੋਗ ਬਣਾਈ ਗਈ ਹੈ। ਇਸ ਦੀ ਨਿਰਮਾਤਾ ਕੰਪਨੀ ਨੇ ਦੱਸਿਆ ਕਿ 150 ਡਿਗਰੀ ਸੈਲਸੀਅਸ ਤਕ ਦੇ ਤਾਪਮਾਨ ਨੂੰ ਇਹ ਸਹਿ ਸਕਦੀ ਹੈ। ਇਸ ਨੂੰ 500 ਵਾਰ ਧੋਤਾ ਜਾ ਸਕਦਾ ਹੈ।
ਜਮਾਤ ’ਚ ਸੌਣ ’ਤੇ ਵੀ ਲੱਗੇਗਾ ਪਤਾ
ਸਮਾਰਟ ਚਿੱਪ ਨਾਲ ਲੈਸ ਇਹ ਸਮਾਰਟ ਯੂਨੀਫਾਰਮ ਇਸ ਗੱਲ ਦੀ ਜਾਣਕਾਰੀ ਦੇਵੇਗੀ ਕਿ ਬੱਚਾ ਜਮਾਤ ਵਿਚ ਸੌਂ ਰਿਹਾ ਹੈ। ਇਹ ਯੂਨੀਫਾਰਮ ਵਿਦਿਆਰਥੀਆਂ ਨੂੰ ਪੇਮੈਂਟ ਦਾ ਭੁਗਤਾਨ ਕਰਨ ’ਚ ਵੀ ਮਦਦ ਕਰੇਗੀ। ਹਾਲਾਂਕਿ ਇਸ ਦੇ ਲਈ ਉਸ ਨੂੰ ਕੰਟੀਨ ’ਤੇ ਫੇਸ ਸਕੈਨਿੰਗ ਕਰਨਾ ਪਵੇਗਾ।
ਇਸ ਕਾਰਨ ਲਿਆਉਣੀ ਪਈ ਨਵੀਂ ਤਕਨੀਕ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਕੂਲ ਦੇ ਐਡਮਨਿਸਟ੍ਰੇਟਰ ਨੇ ਬੱਚਿਆਂ ’ਤੇ ਕੰਟਰੋਲ ਕਰਨ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਹਨ ਪਰ ਉਹ ਅਸਫਲ ਰਹੀਆਂ ਹਨ। ਸਮਾਰਟ ਯੂਨੀਫਾਰਮ ਪਹਿਲੀ ਵਾਰ ਸਾਲ 2016 ਵਿਚ ਬਣਾਈ ਗਈ ਸੀ। ਉਸ ਵੇਲੇ 800 ਬੱਚਿਆਂ ਨੇ ਪਹਿਲੀ ਵਾਰ ਟੈਸਟ ਦੌਰਾਨ ਇਹ ਯੂਨੀਫਾਰਮ ਪਹਿਨੀ ਸੀ ਪਰ ਹੁਣ ਬੱਚਿਆਂ ਦੀ ਹਾਜ਼ਰੀ ਵਿਚ ਕਮੀ ਆਉਂਦੀ ਦੇਖ ਕੇ ਇਨ੍ਹਾਂ ਦੀ ਵਰਤੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕਰਨ ਨਾਲ ਹਾਜ਼ਰੀ ਵਿਚ ਵਾਧਾ ਹੋਵੇਗਾ।