BSNL ਨੇ ਗਾਹਕਾਂ ਲਈ ਲਾਂਚ ਕੀਤੀ GST ਐਪ ਸਰਵਿਸ, ਇੰਝ ਕਰੋ ਇਸਤੇਮਾਲ
Wednesday, Aug 30, 2017 - 06:22 PM (IST)
ਜਲੰਧਰ- ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤੀ ਸੰਚਾਰ ਨਿਗਮ ਲਿਮਟਿਡ (BSNL) ਨੇ ਆਪਣੇ ਯੂਜ਼ਰਸ ਨੂੰ ਜੀ.ਐੱਸ.ਟੀ. ਨਾਲ ਜੁੜੀਆਂ ਸੇਵਾਵਾਂ ਦੇਣ ਲਈ ASP/GSP ਸਰਵਿਸ ਸ਼ੁਰੂ ਕਰਨ ਦਾ ਐਲਾਨ ਕੀਤਾ। ਬੀ.ਐੱਸ.ਐੱਨ.ਐੱਲ. ਨੇ ਮੈਸਰਸ ਮਾਸਟਰਸ ਇੰਡੀਆ ਪ੍ਰਾਈਵੇਟ ਲਿਮਟਿਡ (MIPL) ਨਾਲ ਸਾਂਝੇਦਾਰੀ ਕੀਤੀ ਹੈ। ਇਸ ਤਹਿਤ 29 ਅਗਸਤ 2017 ਤੋਂ ਪੂਰੇ ਭਾਰਤ 'ਚ ASP/GSP ਸੇਵਾ (GST ਸੁਵਿਧਾ ਪ੍ਰਦਾਤਾ ਜਾਂ ਐਪਲੀਕੇਸ਼ਨ ਸਰਵਿਸ ਪ੍ਰੋਵਾਈਡਰ) ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਨਾਲ ਵੱਡੇ ਵਪਾਰੀਆਂ ਦੇ ਨਾਲ-ਨਾਲ ਛੋਟੇ ਅਤੇ ਮੱਧ ਉਦਯੋਗਾਂ ਨੂੰ ਜੀ.ਐੱਸ.ਟੀ. 'ਚ ਮਦਦ ਮਿਲੇਗੀ।
ਬੀ.ਐੱਸ.ਐੱਨ.ਐੱਲ. ਨੇ ਗਾਹਕਾਂ ਲਈ ਇਕ ਸਾਫਟਵੇਅਰ ਐਪਲੀਕੇਸ਼ਨ ਲਾਂਚ ਕੀਤੀ ਹੈ, ਜੋ ਇਕ ਕੰਪਿਊਟਰ ਜਾਂ ਸਮਾਰਟਫੋਨ 'ਤੇ ਜੀ.ਐੱਸ.ਟੀ. ਨਾਲ ਜੁੜੇ ਸਾਰੇ ਮਾਮਲਿਆਂ ਜਿਵੇਂ- ਜੀ.ਐੱਸ.ਟੀ. ਰਿਟਰਨ ਤਿਆਰ ਕਰਨ, ਭੁਗਤਾਨ ਲਈ ਜੀ.ਐੱਸ.ਟੀ. ਚਲਾਨ ਕੱਢਣ 'ਚ, ਜੀ.ਐੱਸ.ਟੀ. ਰਿਟਰਨ ਭਰਨ, ਬਲੇਮ ਇਨਵਾਇਸ ਵਾਪਸ ਕਰਨ ਆਦਿ 'ਚ ਮਦਦਗਾਰ ਸਾਬਿਤ ਹੋਵੇਗਾ। ASP/GSP ਸਰਵਿਸ ਮੌਜੂਦਾ ਸਮੇਂ 'ਚ ਬੀ.ਐੱਸ.ਐੱਨ.ਐੱਲ. ਯੂਜ਼ਰਸ ਲਈ ਫਰੀ ਉਪਲੱਬਧ ਕਰਵਾਈ ਜਾਵੇਗੀ। ਇਸ ਸਰਵਿਸ ਦਾ ਲਾਭ ਲੈਣ ਲਈ ਬੀ.ਐੱਲ.ਐੱਨ.ਐੱਲ. ਯੂਜ਼ਰਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ bsnl.co.in 'ਤੇ ਜਾਣਾ ਹੋਵੇਗਾ। ਇਥੇ ਉਨ੍ਹਾਂ ਨੂੰ ਜੀ.ਐੱਸ.ਟੀ. ਟੈਬ 'ਤੇ ਜਾ ਕੇ ਜੀ.ਐੱਸ.ਪੀ. ਸਰਵਿਸ 'ਤੇ ਕਲਿੱਕ ਕਰਨਾ ਹੋਵੇਗਾ। ਇਥੋਂ ਸਰਵਿਸ ਦਾ ਲਾਭ ਲਿਆ ਜਾ ਸਕਦਾ ਹੈ।
ਬੀ.ਐੱਸ.ਐੱਨ.ਐੱਲ. ਦੇ ਸੀ.ਐੱਮ.ਡੀ. ਅਨੁਪਮ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਇਸ ਸੇਵਾ ਲਈ ਗਾਹਕਾਂ ਨੂੰ http://bsnlgst.mastersindia.co/ ਵੈੱਬਸਾਈਟ 'ਤੇ ਜਾ ਕੇ ਅਕਾਊਂਟ ਨੰਬਰ ਅਤੇ ਕੰਪਨੀ ਦੇ ਨਾਂ ਨਾਲ ਰਜਿਸਟਰ ਕਰਨਾ ਹੋਵੇਗਾ। ਇਸ ਲਿੰਕ 'ਤੇ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਜਾਇਆ ਜਾ ਸਕਦਾ ਹੈ। ਇਸ ਸੇਵਾ ਲਈ ਕੰਪਨੀ ਨੇ ਤਿੰਨ ਪਲਾਨ ਲਾਂਚ ਕੀਤੇ ਹਨ ਜਿਸ ਵਿਚ ਬੇਸਿਕ, ਪਲੱਸ ਅਤੇ ਪ੍ਰੋ ਸ਼ਾਮਲ ਹਨ। ਬੇਸਿਕ ਪਲਾਨ 'ਚ 2,000 ਸਾਲਾਨਾ ਇਨਵਾਇਸ ਫਰੀ ਹਨ। ਪਲੱਸ ਪਲਾਨ 'ਚ 1,999 ਰੁਪਏ 'ਚ 6,000 ਸਾਲਾਨਾ ਇਨਵਾਇਸ ਸਮੇਤ ਹੋਰ ਲਾਭ ਸ਼ਾਮਲ ਹਨ। ਉਥੇ ਹੀ ਪ੍ਰੋ ਪਲਾਨ ਐਂਟਰਪ੍ਰਾਈਸਿਜ਼ ਲਈ ਹੈ।
