ਟੈਲੀਕਾਮ ਖੇਤਰ ''ਚ ਆਉਣਗੇ ਵੱਡੇ ਬਦਲਾਅ, ਘੱਟ ਹੋ ਜਾਵੇਗੀ ਕੰਪਨੀਆਂ ਦੀ ਗਿਣਤੀ
Monday, Oct 10, 2016 - 10:50 AM (IST)

ਜਲੰਧਰ- ਹੁਣ ਤੱਕ ਦੀ ਸਭ ਤੋਂ ਵੱਡੀ ਸਪੈਕਟ੍ਰਮ ਨਿਲਾਮੀ ਨੇ ਟੈਲੀਕਾਮ ਖੇਤਰ ਲਈ ਵੱਡੀਆਂ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ। ਇੰਡਸਟਰੀ ''ਤੇ ਵਧਦੇ ਕਰਜ਼ੇ ਦੀ ਵਜ੍ਹਾ ਅਤੇ ਪ੍ਰਾਈਸ ਵਾਰ ਨਾਲ ਆਉਣ ਵਾਲੇ ਦਿਨਾਂ ''ਚ ਕੰਸਾਲੀਡੇਸ਼ਨ (ਚਕਬੰਦੀ) ਦਾ ਦੌਰ ਸ਼ੁਰੂ ਹੋ ਸਕਦਾ ਹੈ, ਜਿਸਦੀ ਵਜ੍ਹਾ ਨਾਲ ਆਉਣ ਵਾਲੇ ਦਿਨਾਂ ''ਚ ਭਾਰਤ ''ਚ 4-5 ਕੰਪਨੀਆਂ ਹੀ ਟੈਲੀਕਾਮ ਖੇਤਰ ''ਚ ਰਹਿ ਜਾਣਗੀਆਂ।
ਕਿਉਂ ਘੱਟ ਹੋ ਜਾਣਗੀਆਂ ਕੰਪਨੀਆਂ
ਕ੍ਰਿਸਿਲ ਦੀ ਰਿਪੋਰਟ ਅਨੁਸਾਰ ਮਾਰਚ 2016 ਤੱਕ ਟੈਲੀਕਾਮ ਇੰਡਸਟਰੀ ''ਤੇ ਕਰੀਬ 4 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਇਸ ਤੋਂ ਇਲਾਵਾ ਹੌਲੀ-ਹੌਲੀ ਟੈਲੀਕਾਮ ਇੰਡਸਟਰੀ ਅਜਿਹੇ ਦੌਰ ''ਚ ਪਹੁੰਚ ਗਈ ਹੈ ਜਿੱਥੇ ਸਪੈਕਟ੍ਰਮ ਸਮਰੱਥ ਮਾਤਰਾ ''ਚ ਨਹੀਂ ਹੈ। ਅਜਿਹੇ ''ਚ ਛੋਟੀਆਂ ਕੰਪਨੀਆਂ ਲਈ ਸਪੈਕਟ੍ਰਮ ਖਰੀਦਣਾ ਸੌਖਾ ਨਹੀਂ ਹੋਵੇਗਾ । ਬੈਂਕ ਆਫ ਅਮਰੀਕਾ ਮੇਰਿਲ ਲਿੰਚ ਦੀ ਰਿਪੋਰਟ ਅਨੁਸਾਰ ਹਾਲ ਹੀ ''ਚ ਸਪੈਕਟ੍ਰਮ ਨਿਲਾਮੀ ਤੋਂ ਬਾਅਦ ਰਿਲਾਇੰਸ ਜਿਓ ਨਾਲ ਟੱਕਰ ਲੈਣ ਲਈ ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਦੇ ਕੋਲ ਸਮਰੱਥ ਮਾਤਰਾ ''ਚ ਸਪੈਕਟ੍ਰਮ ਆ ਗਿਆ ਹੈ। ਅਜਿਹੇ ''ਚ ਛੋਟੀਆਂ ਕੰਪਨੀਆਂ ਲਈ ਮੁਸ਼ਕਲ ਖੜੀ੍ਹ ਹੋਵੇਗੀ, ਜਿਸ ਨੂੰ ਵੇਖਦਿਆਂ ਕੰਸਾਲੀਡੇਸ਼ਨ ਦਾ ਦੌਰ ਸ਼ੁਰੂ ਹੋਵੇਗਾ ।
ਟਾਪ-3 ਕੰਪਨੀਆਂ ਦੀ 80,000 ਕਰੋੜ ਖਰਚ ਕਰਨ ਦੀ ਤਿਆਰੀ
ਕ੍ਰਿਸਿਲ ਦੇ ਡਾਇਰੈਕਟਰ ਅਜੈ ਸ਼੍ਰੀਨਿਵਾਸਨ ਅਨੁਸਾਰ ਟਾਪ-3 ਕੰਪਨੀਆਂ ਅਗਲੇ 2 ਸਾਲਾਂ ''ਚ ਨੈੱਟਵਰਕ ਵਿਸਥਾਰ ''ਚ 80,000 ਕਰੋੜ ਰੁਪਏ ਖਰਚ ਕਰਨਗੀਆਂ, ਜੋ ਪਿਛਲੇ 2 ਸਾਲਾਂ ''ਚ ਕੰਪਨੀਆਂ ਵੱਲੋਂ ਕੀਤੇ ਗਏ ਕੁਲ ਨਿਵੇਸ਼ ਦਾ ਕਰੀਬ 25 ਫ਼ੀਸਦੀ ਜ਼ਿਆਦਾ ਹੈ।
80 ਫ਼ੀਸਦੀ ਕਸਟਮਰ ਟਾਪ-3 ਕੰਪਨੀਆਂ ਦੇ ਕੋਲ
ਏਅਰਟੈੱਲ, ਵੋਡਾਫੋਨ ਅਤੇ ਆਈਡੀਆ ਵਰਗੀਆਂ ਕੰਪਨੀਆਂ ਹਨ ਜੋ ਦੇਸ਼ ਦੇ ਪੂਰੇ ਖਪਤਕਾਰ ਆਧਾਰ ਦਾ ਕਰੀਬ 80 ਫ਼ੀਸਦੀ ਹਿੱਸਾ ਰੱਖਦੀਆਂ ਹਨ । ਇਸੇ ਤਰ੍ਹਾਂ ਨਵੀਂ ਦਾਖਲ ਹੋਈ ਰਿਲਾਇੰਸ ਜਿਓ ਵੀ ਇਕ ਸਾਲ ਦੇ ਅੰਦਰ 10 ਕਰੋੜ ਗਾਹਕ ਬਣਾਉਣਾ ਚਾਹੁੰਦੀ ਹੈ। ਇਸ ਹਮਲਾਵਰ ਸੋਚ ''ਚ ਛੋਟੀਆਂ ਕੰਪਨੀਆਂ ਲਈ ਕਾਰੋਬਾਰ ਕਰਨਾ ਸੌਖਾ ਨਹੀਂ ਹੋਵੇਗਾ।
ਖਾਸ ਤੌਰ ''ਤੇ ਜਦੋਂ ਕੰਪਨੀਆਂ ਖਪਤਕਾਰ ਆਧਾਰ ਬਣਾਈ ਰੱਖਣ ਲਈ ਪ੍ਰਾਈਸ ਵਾਰ ਦੇ ਦੌਰ ''ਚ ਪਹੁੰਚ ਗਈਆਂ ਹਨ।
ਟੈਲੀਕਾਮ ਖੇਤਰ ''ਚ ਸ਼ੁਰੂ ਹੋ ਚੁੱਕਾ ਹੈ ਕੰਸਾਲੀਡੇਸ਼ਨ
ਰਿਲਾਇੰਸ ਕਮਿਊਨੀਕੇਸ਼ਨਜ਼ ''ਚ ਸਿਸਟੇਮਾ ਸ਼ਿਆਮ ਅਤੇ ਏਅਰਸੈੱਲ ਦਾ ਰਲੇਵਾਂ ਹੋ ਰਿਹਾ ਹੈ। ਇਸੇ ਤਰ੍ਹਾਂ ਭਾਰਤੀ ਏਅਰਟੈੱਲ ਨੇ ਵੀਡੀਓਕਾਨ ਦੇ 6 ਸਰਕਲਾਂ ਨੂੰ ਖਰੀਦ ਕੇ ਅਮਰਜ ਕਰ ਲਿਆ ਹੈ। ਉਥੇ ਹੀ ਜਨਤਕ ਖੇਤਰ ''ਚ ਸਰਕਾਰ ਬੀ. ਐੱਸ. ਐੱਨ. ਐੱਲ. ਅਤੇ ਐੱਮ. ਟੀ. ਐੱਨ. ਐੱਲ. ਦੇ ਰਲੇਵੇਂ ਨੂੰ ਲੈ ਕੇ ਯੋਜਨਾ ਬਣਾ ਰਹੀ ਹੈ।