Audi ਨੇ ਭਾਰਤ ’ਚ ਲਾਂਚ ਕੀਤੀ ਆਪਣੀ ਸਭ ਤੋਂ ‘ਸਸਤੀ’ SUV, ਜਾਣੋ ਕੀਮਤ
Friday, Oct 16, 2020 - 04:43 PM (IST)

ਆਟੋ ਡੈਸਕ– Audi Q2 ਨੂੰ ਭਾਰਤ ’ਚ ਅਧਿਕਾਰਤ ਤੌਰ ’ਤੇ ਲਾਂਚ ਕਰ ਦਿੱਤਾ ਹੈ। ਇਹ ਮੌਜੂਦਾ ਸਮੇਂ ’ਚ ਭਾਰਤ ’ਚ ਕੰਪਨੀ ਦਾ ਸਭ ਤੋਂ ਸਸਤਾ ਮਾਡਲ ਹੈ। ਕੰਪਨੀ ਨੇ ਇਸ ਕਾਰ ਦੀ ਭਾਰਤ ’ਚ ਕੀਮਤ 34.99 ਲੱਖ ਰੁਪਏ ਦੀ ਰੱਖੀ ਹੈ। ਇਸ ਦੀ ਬੁਕਿੰਗ ਕੰਪਨੀ ਨੇ ਭਾਰਤ ’ਚ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਗਾਹਕ Audi Q2 ਐੱਸ.ਯੂ.ਵੀ. ਨੂੰ ਕੰਪਨੀ ਦੀ ਵੈੱਬਸਾਈਟ ਜਾਂ ਦੇਸ਼ ਭਰ ਦੀ ਕਿਸੇ ਵੀ ਡੀਲਰਸ਼ਿਪ ’ਚ ਜਾ ਕੇ 2 ਲੱਖ ਰੁਪਏ ਦੀ ਰਾਸ਼ੀ ਦੇ ਕੇ ਬੁੱਕ ਕਰ ਸਕਦੇ ਹਨ।
ਦੱਸ ਦੇਈਏ ਕਿ Audi Q2 ਐੱਸ.ਯੂ.ਵੀ. ਨੂੰ ਭਾਰਤ ’ਚ ਸੀ.ਬੀ.ਯੂ. (ਕੰਪਲੀਟਲੀ ਬਿਲਟ ਯੂਨਿਟ) ਦੇ ਰੂਪ ’ਚ ਲਿਆਇਆ ਗਿਆ ਹੈ। ਆਉਣ ਵਾਲੇ ਦਿਨਾਂ ’ਚ ਇਸ ਦੀ ਡਿਲਿਵਰੀ ਸ਼ੁਰੂ ਹੋ ਸਕਦੀ ਹੈ।
ਕੁਲ 5 ਮਾਡਲਾਂ ’ਚ ਉਪਲੱਬਧ ਹੋਵੇਗੀ ਇਹ ਐੱਸ.ਯੂ.ਵੀ.
Audi Q2 ਐੱਸ.ਯੂ.ਵੀ. ਨੂੰ ਐਡਵਾਂਸ ਲਾਈਨ ਅਤੇ ਡਿਜ਼ਾਈਨ ਲਾਈਨ ਟ੍ਰਿਮ ਤਹਿਤ ਕੁਲ 5 ਮਾਡਲਾਂ ’ਚ ਉਪਲੱਬਧ ਕੀਤਾ ਜਾਵੇਗਾ। ਇਸ ਦੀ ਐਡਵਾਂਸ ਲਾਈਨ ਟ੍ਰਿਮ ’ਚ ਸਟੈਂਡਰਡ, ਪ੍ਰੀਮੀਅਮ ਤੇ ਪ੍ਰੀਮੀਅਮ ਪਲੱਸ 1 ਅਤੇ ਡਿਜ਼ਾਈਨ ਲਾਈਨ ਟ੍ਰਿਮ ’ਚ ਪ੍ਰੀਮੀਅਮ ਪਲੱਸ 2 ਅਤੇ ਟੈਕਨਾਲੋਜੀ ਵੇਰੀਐਂਟਸ ਸ਼ਾਮਲ ਹਨ।
Audi Q2 | Price |
Standard | Rs 34,99,000 |
Premium | Rs 40,89,000 |
Premium Plus 1 | Rs 44,64,000 |
Premium Plus 2 | Rs 45,14,000 |
Technology | Rs 48,89,000 |
ਇੰਜਣ
ਇਸ ਕਾਰ ’ਚ 2.0 ਲੀਟਰ ਪੈਟਰੋਲ ਇੰਜਣ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਇੰਜਣ 190 ਬੀ.ਐੱਚ.ਪੀ. ਦੀ ਪਾਵਰ ਅਤੇ 320 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨਾਲ 7-ਸਪੀਡ ਡਿਊਲ ਕਲੱਚ ਆਟੋਮੈਟਿਕ ਗਿਅਰਬਾਕਸ ਦਿੱਤਾ ਗਿਆ ਹੈ। ਇਹ ਕਾਰ ਸਿਰਫ 6.5 ਸਕਿੰਟਾਂ ’ਚ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਫੜ੍ਹ ਲੈਂਦੀ ਹੈ ਅਤੇ ਇਸ ਦੀ ਟਾਪ ਸਪੀਡ 228 ਕਿਲੋਮੀਟਰ ਪ੍ਰਤੀ ਘੰਟਾ ਦੀ ਹੈ।
ਆਡੀ ਦੇ DNA ’ਤੇ ਬਣੀ ਹੈ ਇਹ ਕਾਰ
Q2 SUV ਨੂੰ ਆਡੀ ਦੇ ਹੀ DNA ’ਤੇ ਬਣਾਇਾ ਗਿਆ ਹੈ ਅਤੇ ਵੇਖਣ ’ਤੇ ਹੀ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਆਡੀ ਦੀ ਕਾਰ ਹੈ। ਇਸ ਦੇ ਫਰੰਟ ’ਚ ਡੀ.ਆਰ.ਐੱਲ. ਦੇ ਨਾਲ ਐੱਲ.ਈ.ਡੀ. ਹੈੱਡਲੈਂਪ, ਐੱਲ.ਈ.ਡੀ. ਟੇਲ ਲੈਂਪ, ਡਾਈਨਾਮਿਕ ਟਰਨ ਇੰਡੀਕੇਟਰ, ਮੈਟ ਫਿਨਿਸ਼ ਗਰਿੱਲ, ਬਲੈਕ ਅਤੇ ਡਿਊਲ ਟੋਨ ORVM ਅਤੇ 5 ਸਪੋਕ 17 ਇੰਚ ਦੇ ਅਲੌਏ ਵ੍ਹੀਲ ਦਿੱਤੇ ਗਏ ਹਨ।
ਇੰਟੀਰੀਅਰ ਦੀ ਗੱਲ ਕਰੀਏ ਤਾਂ ਆਡੀ Q2 SUV ’ਚ ਸਮਾਰਟ ਇੰਟਰਫੇਸ, ਫਰੰਟ ’ਚ ਸਪੋਰਟ ਸੀਟਾਂ, ਵਾਇਰਲੈੱਸ ਚਾਰਜਿੰਗ, ਰੀਅਰ ਵਿਊ ਕੈਮਰਾ ਅਤੇ ਫਲੈਟ ਬੋਟਮ ਸਟੀਅਰਿੰਗ ਵ੍ਹੀਲ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਫੀਚਰਜ਼ ਦੀ ਲਿਸਟ ’ਚ ਇੰਫੋਟੇਨਮੈਂਟ ਸਿਸਟਮ, ਸਨਰੂਫ, ਡਿਊਲ ਜ਼ੋਨ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਆਟੋ ਡਿਮਿੰਗ ORVM ਅਤੇ 10 ਸਪੀਕਰ ਆਡੀਓ ਸਿਸਟਮ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਇਸ ਦੇ ਰੀਅਰ ’ਚ ਏਸੀ ਵੈਂਟਸ ਨਹੀਂ ਦਿੱਤੇ ਗਏ।
ਇਨ੍ਹਾਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਆਡੀ Q2 ਕੰਪਨੀ ਦੀ ਇਕ ਛੋਟੀ ਐੱਸ.ਯੂ.ਵੀ. ਹੈ ਜਿਸ ਨੂੰ 5 ਮਾਡਲਾਂ ’ਚ ਲਿਆਇਆ ਗਿਆ ਹੈ। ਭਾਰਤੀ ਬਾਜ਼ਾਰ ’ਚ ਇਸ ਕਾਰ ਦਾ ਮੁਕਾਬਲਾ ਛੋਟੀ ਐੱਸ.ਯੂ.ਵੀ. ਮਰਸਡੀਜ਼ GLA, BMW X1, ਵੋਲਵੋ XC40 ਅਤੇ ਮਿੰਨੀ ਕੰਟਰੀਮੈਨ ਨਾਲ ਹੋਵੇਗਾ।